ਇਹ ਓਹਨਾ ਦਿਨਾਂ ਦੀ ਗੱਲ ਹੈ ਜਦੋ ਨਾ ਤਾਂ ਮੋਬਾਈਲ ਹੁੰਦੇ ਸਨ ਤੇ ਨਾ ਹੀ ਕੰਪਿਊਟਰ, ਲੈਪਟਾਪ ਤੇ ਤੇ ਨਾ ਹੀ 24 ਘੰਟੇ ਕਾਂ ਕਾਂ ਕਰਨ ਵਾਲੇ ਟੈਲੀਵਿਜਨ l ਸਵੇਰੇ ਉੱਠ ਕੇ ਨਹਾ ਧੋਂ ਸਕੂਲ ਜਾ ਜਦੋ ਵਾਪਿਸ ਘਰ ਮੁੜਨਾ ਤਾਂ ਆਪਣੇ ਆਪਣੇ ਬਸਤੇ ਘਰ ਸੁੱਟ ਖੇਡ ਦੇ ਮੈਦਾਨ ਪਹੁੰਚ ਜਾਣਾ ਜਿਥੇ ਕਬੱਡੀ, ਗੁੱਲੀ ਡੰਡਾ, ਪਿੱਠੂ ਗਰੇ, ਅੱਡੀ ਛੜੱਪਾ, ਸਟਾਪੂ, ਲੁਕਣ ਮੀਟੀ, ਕੋਕਲਾਂ ਛਪਾਕੀ ਤੇ ਬਾਂਦਰ ਕਿੱਲਾ ਵਰਗੇ ਕਿੰਨੇ ਸਾਰੇ ਖੇਡ ਸਾਡਾ ਇੰਤਜ਼ਾਰ ਕਰ ਰਹੇ ਹੁੰਦੇ l ਸੂਰਜ ਢਲਣ ਤਕ ਖੇਡਕੇ ਜਦੋ ਘਰ ਆਣਾ ਤੇ ਰੋਟੀ ਪਾਣੀ ਖਾ ਪੀ ਦਾਦੀਆਂ, ਨਾਨੀਆਂ ਤੇ ਮਾਵਾਂ ਦੀ ਗੋਦ ਸਿਰ ਧਰਕੇ ਸੁਣੀਆਂ ਕਹਾਣੀਆਂ ਸਾਨੂੰ ਹਰ ਰੋਜ਼ ਕਿਸੇ ਨਵੇਂ ਪਰੀਲੋਕ ਵਿਚ ਲੈ ਜਾਂਦੀਆਂ l ਕਦੀ ਕਦੀ ਸੋਚਦਾ ਹਾਂ ਕਾਰਟੂਨ ਨੈੱਟਵਰਕ ਤੇ ਸੁਣੀਆਂ ਦੇਖੀਆਂ ਕਹਾਣੀਆਂ ਕੀ ਅੱਜ ਕਲ ਦੇ ਬੱਚਿਆਂ ਨੂੰ ਉਸੇ ਪਰੀਲੋਕ ਚ ਲੈ ਜਾਂਦੀਆਂ ਹਨ ਜਿਸ ਪਰੀਲੋਕ ਦਾਦੀ, ਨਾਨੀ ਤੇ ਮਾਂ ਦੀ ਸੁਣਾਈਆਂ ਹੋਈਆਂ ਕਹਾਣੀਆਂ ਲੈ ਜਾਂਦੀਆਂ ਸਨ l ਅੱਜ ਕਲ ਦੇ ਕਾਰਟੂਨ ਬੱਚਿਆਂ ਵਿਚ ਰਚਨਾਤਮਕਾ ਜਗਾ ਸਕਦੇ ਨੇ ਜਾਂ ਨਹੀਂ ਮੈਂ ਨਹੀਂ ਜਾਣਦਾ l ਹੁਣ ਬਿਰਲਾ ਹੀ ਕੋਈ ਬੱਚਾ ਖੇਡ ਦੇ ਮੈਦਾਨ ਚ ਨਜ਼ਰ ਆਓਂਦਾ ਹੈ l ਬੱਚਿਆਂ ਕੋਲ ਮੋਬਾਈਲ ਹੋਣਾ ਅੱਜ ਕਲ ਰੁਝਾਨ ਹੀ ਬਣ ਗਿਆ ਹੈ ਤੇ ਮਾਪੇ ਤੇ ਬੱਚਿਆਂ ਦੀਆ ਗੱਲਾਂ ਵੀ ਹੁਣ ਮੋਬਾਈਲ ਤੇ ਵਟ੍ਸਐਪ ਤੇ ਕਰਕੇ ਹੀ ਖੁਸ਼ ਹਨ l ਤੇ ਦਾਦੀ ਨਾਨੀ ਦੀ ਜਗਾਹ ਹੁਣ ਕਾਰਟੂਨ ਚੈਨਲਾਂ ਨੇ ਖ਼ੋ ਲਈ ਹੈ l ਕੋਸ਼ਿਸ਼ ਮੈਂ ਵੀ ਇਕ ਦੋ ਬਾਰ ਜਰੂਰ ਕੀਤੀ ਕਿ ਮੈਂ ਵੀ ਮੋਬਾਈਲ ਦੀਆ ਖੇਡਾਂ ਖੇਡ ਕੇ ਦੇਖਾਂ ਪਰ ਮੋਬਾਈਲ ਦੀਆ ਖੇਡਾਂ ਵਿਚ ਉਹ ਮਜ਼ਾ ਨਹੀਂ ਆਇਆ ਜੋ ਰਿਵਾਇਤੀ ਖੇਡਾਂ ਖੇਡ ਕੇ ਆਂਉਂਦਾ ਸੀ l ਸਮਝ ਨਹੀਂ ਆਓਂਦੀ ਨਵੀ ਪਨੀਰੀ ਦੇ ਬੱਚਿਆਂ ਨੂੰ ਇਹਨਾਂ ਚ ਕੀ ਮਜ਼ਾ ਆਓਂਦਾ ਹੈ l
ਰਿਵਾਇਤੀ ਖੇਡਾਂ ਸਿਰਫ ਮਜੇ ਹੀ ਨਹੀਂ ਦਿੰਦਿਆਂ ਸਨ ਬਲਕਿ ਬਹੁਤ ਸਾਰੇ ਸਬਕ ਵੀ ਸਿਖਾਉਂਦੀਆਂ ਸਨ l ਉਪਰੋਕਤ ਖੇਡਾਂ ਵਿੱਚੋ ਬਾਂਦਰ ਕਿੱਲਾ ਮੇਰੀ ਸਭ ਤੋਂ ਵੱਧ ਪਸੰਦੀਦਾ ਖੇਡ ਰਹੀ ਹੈ l ਹਾਲਾਂਕਿ ਇਸ ਖੇਡ ਵਿਚ ਬਣੇ ਬਾਂਦਰ ਨੂੰ ਕਦੇ ਕਦੇ ਬਹੁਤ ਮਾਰ ਪੈਂਦੀ ਹੈ ਪਰ ਸਭ ਤੋਂ ਵੱਧ ਮਜ਼ਾ ਵੀ ਉਸੇ ਨੂੰ ਆਓਂਦਾ ਹੈ l ਇਹ ਖੇਡ ਖੇਡਣ ਲਈ 8 ਤੋਂ 10 ਖਿਲਾੜੀਆਂ ਦੀ ਲੋੜ ਹੁੰਦੀ ਹੈ l ਪੁੱਗਣ ਪੁਗਾਣ ਤੋਂ ਬਾਅਦ ਜਿਹੜਾ ਖਿਲਾੜੀ ਹਾਰ ਜਾਂਦਾ ਉਹ ਬਾਂਦਰ ਬਣ ਜਾਂਦਾ ਹੈ ਤੇ ਇਕ ਕਿੱਲੇ ਨਾਲ ਰੱਸੀ ਜਾਂ ਚੁੰਨੀ ਦਾ ਇਕ ਸਿਰਾ ਬੰਨ ਕੇ ਦੂਜਾ ਸਿਰਾ ਬਾਂਦਰ ਦੇ ਹੱਥ ਫੜਾ ਦਿੱਤਾ ਜਾਂਦਾ ਹੈ l ਬਾਂਦਰ ਬਣਿਆ ਖਿਲਾੜੀ ਕਿੱਲੇ ਦੇ ਆਲੇ ਦੁਆਲੇ ਵੱਡਾ ਸਾਰਾ ਘੇਰਾ ਬਣਾ ਦਿੰਦਾ ਹੈ ਤੇ ਬਾਕੀ ਦੇ ਖਿਲਾੜੀ ਆਪਣੀਆਂ ਜੁੱਤੀਆਂ ਲਾਹ ਕੇ ਕਿੱਲੇ ਦੇ ਆਲੇ ਦੁਆਲੇ ਰੱਖ ਦਿੰਦੇ ਨੇ ਤੇ ਘੇਰੇ ਤੋਂ ਬਾਹਰ ਆ ਜਾਂਦੇ ਨੇ l ਹੁਣ ਬਾਹਰ ਵਾਲੇ ਖਿਲਾੜੀ ਇਕ ਇਕ ਕਰਕੇ ਜੁੱਤੀਆਂ ਚੱਕਣ ਦੀ ਕੋਸ਼ਿਸ਼ ਕਰਦੇ ਨੇ l ਕੋਸ਼ਿਸ਼ ਕਰਦੇ ਕਰਦੇ ਅਗਰ ਬਾਂਦਰ ਕਿਸੇ ਖਿਲਾੜੀ ਨੂੰ ਛੂਹ ਲੈਂਦਾ ਹੈ ਤਾਂ ਉਹ ਆਜ਼ਾਦ ਹੋ ਜਾਂਦਾ ਹੈ ਤੇ ਉਸਦੀ ਥਾਂ ਫੱਸਿਆ ਹੋਇਆ ਖਿਲਾੜੀ ਲੈ ਲੈਂਦਾ ਹੈ l ਜਿਵੇ ਬਾਹਰ ਵਾਲੇ ਖਿਲਾੜੀ ਘੇਰੇ ਦੇ ਅੰਦਰ ਨਹੀਂ ਆ ਸਕਦੇ ਤਿਵੈ ਹੀ ਬਾਂਦਰ ਘੇਰੇ ਤੋਂ ਬਾਹਰ ਨਹੀਂ ਆ ਸਕਦਾ ਤੇ ਜੇ ਕਦੀ ਆ ਜਾਂਦਾ ਹੈ ਤਾਂ ਬਾਹਰ ਵਾਲੇ ਖਿਲਾੜੀ ਉਸਨੂੰ ਮੁੱਕੇ ਲੱਤਾਂ ਮਾਰ ਵਾਪਿਸ ਘੇਰੇ ਚ ਜਾਣ ਲਈ ਮਜਬੂਰ ਕਰ ਦਿੰਦੇ ਨੇ l ਹੋਲੀ ਹੋਲੀ ਜਦੋ ਬਾਹਰ ਵਾਲੇ ਖਿਲਾੜੀ ਸਾਰੀਆਂ ਜੁੱਤੀਆਂ ਚੱਕ ਲੈਂਦੇ ਨੇ ਤਾਂ ਬਾਂਦਰ ਸਭ ਕੁਝ ਛੱਡ ਆਪਣੇ ਘਰ (ਪਹਿਲਾ ਮੁੱਕਰਰ ਕੀਤੀ ਕਿਸੇ ਥਾਂ) ਵੱਲ ਨੱਠ ਪੈਂਦਾ ਹੈ ਤੇ ਬਾਕੀ ਦੇ ਖਿਲਾੜੀ ਬਾਂਦਰ ਨੂੰ ਜੁੱਤੀਆਂ ਮਾਰਦੇ ਉਸਦੇ ਮਗਰ ਨੱਠਦੇ ਨੇ l ਬਾਂਦਰ ਦੇ ਘਰ ਪਹੁੰਚਣ ਤੇ ਖੇਲ ਖਤਮ ਹੋ ਜਾਂਦਾ ਹੈ ਤੇ ਦੁਬਾਰਾ ਖੇਲਣ ਲਈ ਨਵੇਂ ਸਿਰੇ ਤੋਂ ਪੁੱਗਿਆ ਜਾਂਦਾ ਹੈ ਅਤੇ ਬਾਂਦਰ ਲੱਭਿਆ ਜਾਂਦਾ ਹੈ l
ਇਕ ਵਾਰੀ ਲੱਗਦਾ ਜਰੂਰ ਹੈ ਕਿ ਬਾਂਦਰ ਬਣੇ ਖਿਲਾੜੀ ਦੀ ਬੁਰੀ ਲੱਤ ਹੁੰਦੀ ਹੈ ਪਰ ਜੋ ਮਜ਼ਾ ਆਓਂਦਾ ਹੈ ਉਹ ਲਿਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਹੈ l ਜੇ ਕੋਈ ਸੱਚੀ ਮੁੱਚੀ ਇਸ ਖੇਡ ਦਾ ਮਜ਼ਾ ਲੈਣਾ ਚਾਹੁੰਦਾ ਹੈ ਤਾਂ ਉਸਨੂੰ ਇਹ ਖੇਡ ਇਕ ਵਾਰੀ ਤਾਂ ਜਰੂਰ ਖੇਲਣੀ ਚਾਹੀਦੀ ਹੈ l ਬਚਪਨ ਵਿਚ ਮੈਂ ਜਦੋ ਵੀ ਇਹ ਖੇਡ ਖੇਲਦਾ ਹੁੰਦਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਇਹ ਖੇਡ ਕਿਸੇ ਬਾਂਦਰ ਤੇ ਕਿੱਲੇ ਦੀ ਨਹੀਂ ਬਲਕਿ ਮਨੁੱਖ ਦੀ ਹੈ l ਇਕ ਮਨੁੱਖ ਆਪਣੇ ਕਿੱਲੇ ਯਾਨੀ ਕਿ ਆਪਣੇ ਪਿਛੋਕੜ/ਪਰਿਵਾਰ ਨਾਲ ਆਪਣੇ ਨੈਤਿਕ ਮੁੱਲਾਂ (ਰੱਸੀ/ਚੁੰਨੀ) ਨਾਲ ਬੰਨਿਆ ਹੋਇਆ ਹੈ l ਕਿੱਲੇ ਦੇ ਬਾਹਰ ਵਾਲਾ ਘੇਰਾ ਉਸਦੀ ਮਰਿਯਾਦਾ ਹੈ ਅਤੇ ਕਿੱਲੇ ਦੇ ਨਾਲ ਰੱਖੀਆਂ ਜੁੱਤੀਆਂ ਉਸਦੀ ਛੋਟੀ ਛੋਟੀ ਖੁਸ਼ੀਆਂ ਨੂੰ ਦਰਸ਼ਾਉਂਦੀਆਂ ਹਨ l ਇਕ ਇਨਸਾਨ ਓਦੋ ਤਕ ਹੀ ਸੁਰੱਖਿਅਤ ਹੁੰਦਾ ਹੈ ਜਦੋ ਤਕ ਉਹ ਆਪਣੀ ਮਰਿਯਾਦਾ ਵਿਚ ਰਹਿੰਦਾ ਹੈ l ਮਾਤਾ ਸੀਤਾ ਨੇ ਸਿਰਫ ਇਕ ਵਾਰੀ ਲਕਸ਼ਮਣ ਰੇਖਾ ਪਾਰ ਕੀਤੀ ਸੀ ਤੇ ਉਸਦਾ ਨਤੀਜਾ ਕਿ ਹੋਇਆ ਅਸੀਂ ਸਾਰੇ ਜਾਣਦੇ ਹਾਂ l ਬਹੁਤ ਸਾਰੇ ਲੋਕ ਦੂਜਿਆਂ ਦੀਆਂ ਖੁਸ਼ੀਆਂ ਦੇਖ ਜਲਦੇ ਹਨ ਤੇ ਦੂਜਿਆਂ ਨੂੰ ਦੁਖੀ ਦੇਖ ਓਹਨਾ ਨੂੰ ਮਜ਼ਾ ਆਉਂਦਾ ਹੈ l ਇਸ ਲਈ ਉਹ ਦੂਜਿਆਂ ਨੂੰ ਦੁਖੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਨੇ ਅਤੇ ਓਹਨਾ ਦੀਆਂ ਖੁਸ਼ੀਆਂ ਇਕ ਇਕ ਕਰਕੇ ਉਵੇਂ ਹੀ ਚੁਰਾਉਣ ਦੀ ਕੋਸ਼ਿਸ਼ ਕਰਦੇ ਨੇ ਜਿਵੇ ਇਸ ਖੇਡ ਵਿਚ ਘੇਰੇ ਦੇ ਬਾਹਰ ਵਾਲੇ ਖਿਲਾੜੀ ਜੁੱਤੀਆਂ ਚੁੱਕਦੇ ਹਨ l ਕਈ ਵਾਰ ਖੁਸ਼ੀਆਂ ਨੂੰ ਬਚਾਉਣ ਲਈ ਅਸੀਂ ਆਪਣੇ ਕਿੱਲੇ ਨੂੰ ਛੱਡ ਆਪਣੇ ਮਰਿਯਾਦਾ ਦੇ ਘੇਰੇ ਦੇ ਅਖੀਰ ਤੇ ਆ ਜਾਂਦੇ ਹਾਂ ਅਤੇ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਘੇਰੇ ਵਿੱਚ ਸੁਰੱਖਿਅਤ ਹਾਂ ਅਤੇ ਜੇ ਅਸੀਂ ਸਿਰਫ ਆਪਣੇ ਘੇਰੇ ਦੇ ਅੰਦਰ ਰਹਿ ਆਪਣੇ ਕਿੱਲੇ ਤੇ ਜੁੱਤੀਆਂ ਦਾ ਧਿਆਨ ਰੱਖਾਂਗੇ ਤਾਂ ਕੋਈ ਵੈਰੀ ਸਾਡਾ ਕੁਝ ਨਹੀਂ ਵਿਗਾੜ ਸਕਦਾ l ਜੇ ਅਸੀਂ ਆਪਣੇ ਨੈਤਿਕ ਮੁੱਲਾਂ ਦਾ ਪੱਲਾ ਫੜ ਆਪਣੀ ਮਰਿਯਾਦਾ ਅੰਦਰ ਰਹਿ ਆਪਣੇ ਪਿਛੋਕੜ/ਪਰਿਵਾਰ ਨਾਲ ਜੁੜ ਆਪਣੀ ਖੁਸ਼ੀਆਂ ਦਾ ਧਿਆਨ ਰੱਖਾਂਗੇ ਤਾਂ ਉਹ ਕਦੀ ਵੀ ਸਾਡੀ ਮਾਨਸਿਕ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਗੇ l ਫਿਰ ਵੀ ਜੇ ਬਾਂਦਰ ਦੀ ਤਰਾਂ ਜੇ ਸਾਡਾ ਸੱਭ ਕੁਝ ਚਲਾ ਜਾਵੇ ਤਾਂ ਜਿਵੇ ਬਾਂਦਰ ਆਪਣੇ ਘਰ ਵਿਚ ਸੁਰੱਖਿਅਤ ਹੋ ਜਾਂਦਾ ਹੈ ਉਵੇਂ ਹੀ ਅਸੀਂ ਆਪਣੇ ਆਪ ਨੂੰ ਉਸ ਪਰਮਪਿਤਾ ਦੇ ਅੱਗੇ ਸਮਰਪਣ ਕਰਕੇ ਸੁਰੱਖਿਅਤ ਰਹਿ ਸਕਦੇ ਹਾਂ l