Saturday, March 17, 2018

ਮੇਰੇ ਬਾਰੇ


ਬਲੋਗਸਪੋਟ ਤੇ ਜਦੋਂ ਮੈਂ 'ਨੁਦਰਤ ਦੀ ਕਲਮ ਤੋਂ' ਬਲਾਗ ਬਣਾ ਰਿਹਾ ਸੀ ਤਾਂ ਗੂਗਲ ਨੇ ਮੇਰੇ ਕੋਲੋਂ ਮੇਰੇ ਬਾਰੇ (introduction) ਪੁੱਛਿਆ ਤਾਂ ਕੁਝ ਸਮਝ ਨਹੀਂ ਆਇਆ ਕਿ ਮੈਂ ਆਪਣੇ ਬਾਰੇ ਕੀ ਲਿਖਾਂ? ਨਾ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਹੱਲੇ ਤੱਕ ਕੁਝ ਕਾਬਿਲੇ ਜ਼ਿਕਰ ਕਰ ਸਕਿਆ ਹਾਂ ਅਤੇ ਨਾ ਹੀ ਅਜੇ ਸਫਲਤਾ ਦੇ ਸ਼ਿਖਰਾਂ ਨੂੰ ਛੂਇਆ ਹੈ l ਬਾਬੇ ਨਾਨਕ ਦੀ ਨਗਰੀ ਵਿੱਚੋ ਜਦੋ ਦਾਣਾ ਪਾਣੀ ਖਤਮ ਹੋ ਗਿਆ ਤਾਂ ਰੋਟੀ ਦਾ ਸੰਗਰਸ਼ ਚਾਹੇ ਮੈਨੂੰ ਸੁਲਤਾਨਪੁਰ ਲੋਧੀ ਵਿੱਚੋ ਕੱਢ ਦਿੱਲੀ ਲੈ ਆਇਆ ਪਰ ਮੇਰੇ ਵਿੱਚ ਵੱਸੇ ਸੁਲਤਾਨਪੁਰ ਲੋਧੀ ਨੂੰ ਨਹੀਂ ਕੱਢ ਸਕਿਆ l

ਸੁਲਤਾਨਪੁਰ ਲੋਧੀ ਵਿਚ ਬਿਤਾਏ ਪਲ ਅੱਜ ਵੀ ਸਭ ਐਵੇਂ ਯਾਦ ਨੇ ਜਿਵੇਂ ਕੱਲ ਦੀ ਗੱਲ ਹੋਵੇ l ਕੱਤਕ ਤੋਂ ਮਾਘ ਦੀਆਂ ਠੰਡੀਆਂ ਰਾਤਾਂ ਨੂੰ ਲਗਭਗ ਹਰ ਰੋਜ਼ ਬਲਣ ਵਾਲੀ ਲੋਹੜੀ ਦਾ ਸੇਕ, ਬਸੰਤ ਪੈਂਚਮੀ ਤੇ ਬਾਬਾ ਰਾਜਾ ਰਾਮ ਮੰਦਿਰ ਝੰਡਾ ਚੱੜਨ ਮਗਰੋਂ ਮਿਲਣ ਵਾਲਾ ਗੁੜ ਦਾ ਕੜਾਹ ਪ੍ਰਸ਼ਾਦ, ਪੂਰਨ ਸ਼ਾਹ ਜੀ ਨਾਲ ਉਹਨਾਂ ਦੇ ਰਿਕਸ਼ਾ ਤੇ ਚੜ੍ਹ ਕੇ ਕੁੱਪੀ ਮੈਦਾਨ ਦਾ ਮੇਲਾ ਦੇਖਣ ਜਾਣਾ, ਹੋਲੀ ਵਾਲੇ ਦਿਨ ਗੁਬਾਰਿਆਂ ਵਿਚ ਪਾਣੀ ਭਰ ਕੇ ਆਉਣ ਜਾਣ ਵਾਲਿਆਂ ਦੇ ਮਾਰਨਾ, ਰਾਮ ਨੌਮੀ ਦੀ ਸ਼ੋਭਾ ਯਾਤਰਾ, ਵੈਸ਼ਾਖੀ ਵਾਲੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਮੱਥਾ ਟੇਕਣ ਜਾਣਾ, ਜੂਨ ਜੁਲਾਈ ਦੀਆਂ ਛੁੱਟੀਆਂ ਚ ਨਾਨਕੇ ਘਰ ਜਾਂਦਿਆ ਹੋਇਆ ਕਪੂਰਥਲਾ ਬੱਸ ਸਟੈਂਡ ਤੋਂ 'ਮੰਮੀ ਪੇਕੇ ਤੇ ਭਾਪਾ ਠੇਕੇ' ਹਾਸਰਸ ਕਿਤਾਬ ਨੂੰ ਪੜ੍ਹ ਕੇ ਹਸਣਾ, ਰੱਖੜੀ ਨੂੰ ਸਾਰੀਆਂ ਭੂਆ ਦਾ ਘਰ ਆਉਣਾ ਤੇ ਪਿਤਾ ਜੀ ਦੇ ਨਾਲ ਮੇਰੇ ਵੀ ਰੱਖੜੀ ਬਣਨਾ, ਜਨ੍ਮਸ਼ਟਮੀ ਵਾਲੇ ਦਿਨ ਭਾਰਾ ਮੱਲ ਮੰਦਿਰ ਮੱਥਾ ਟੇਕਣਾ ਤੇ ਮੇਰੇ ਛੋਟੇ ਵੀਰ ਮੋਨੂੰ ਦਾ ਆਪਣੀਆਂ ਪੁਰਾਣੀਆਂ ਚੱਪਲਾਂ ਉੱਥੇ ਛੱਡ ਕਿਸੇ ਦੀਆਂ ਨਵੀਆਂ ਚੱਪਲਾਂ ਪਾ ਘਰ ਆਉਣਾ, ਜਲੰਧਰ ਬਾਬਾ ਸੋਢਲ ਦਾ ਮੇਲਾ ਦੇਖਣ ਜਾਣਾ, ਬਾਬਾ ਮਹੇਸ਼ ਦਾਸ ਜੀ ਦੇ ਸ਼ਰਾਧ ਵਿਚ ਮਾਂਹ ਦੀ ਦਾਲ ਦਿਲ ਭਰਨ ਤਕ ਖਾਣਾ, ਨਰਾਤਿਆਂ ਦੀ ਰਾਮ ਲੀਲਾ ਤੇ ਦੁਸ਼ਹਿਰਾ ਦੇਖਣਾ ਤੇ ਹਰ ਰੋਜ਼ ਮਿਲਣ ਵਾਲੇ ਪੈਸੇ ਬਚਾ ਕੇ ਪਟਾਕੇ ਲਿਆਕੇ ਲੁਕਾਉਣਾ, ਕਰਵਾਚੋਥ ਵਾਲੇ ਦਿਨ ਮਹਿੰਦੀ ਲਗਵਾਕੇ ਮੋਮੀ ਲਿਫ਼ਾਫ਼ਾ ਬੰਨ ਕੇ ਸੋਣਾ, ਆਹੋਈ ਮਾਤਾ ਦੀ ਪੂਜਾ ਤੋਂ ਬਾਅਦ ਮਿਲਣ ਵਾਲਿਆਂ ਮਥੂਨੀਆ ਤੇ ਪਾਪੜਾ ਦਾ ਪ੍ਰਸ਼ਾਦ, ਦੀਵਾਲੀ ਵਾਲੇ ਦਿਨ ਮੱਟੂ ਨਾਲ ਜਿਦਨਾ ਤੇ ਸਭ ਤੋਂ ਪਹਿਲਾ ਪਟਾਕੇ ਸ਼ੁਰੂ ਕਰਕੇ ਸਭ ਤੋਂ ਬਾਅਦ ਹੱਟਣਾ, ਟਿੱਕੇ ਵਾਲੇ ਦਿਨ ਫਿਰ ਸਭ ਭੂਆ ਦਾ ਇਕੱਠੇ ਹੋਣਾ, ਗੁਰੂ ਨਾਨਕ ਗੁਰਪੁਰਬ ਦੇ ਨਗਰਕੀਰਤਨ ਵਿੱਚ ਬੰਸਰੀ ਬਜਾ, ਕਬੱਡੀ ਦੇ ਮੈਚ ਦੇਖਣ ਜਾਣਾ ਅਤੇ ਫਿਰ ਰਾਤ ਨੂੰ ਪਿਤਾ ਜੀ ਨਾਲ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਦੀ ਆਤਿਸ਼ਬਾਜੀ ਤੇ ਅਗਲੇ ਦਿਨ ਨਿਹੰਗ ਸਿੰਘਾਂ ਤੇ ਉਹਨਾਂ ਦੇ ਘੋੜਿਆਂ ਦੇ ਕਰਤੱਬ ਦੇਖਣ ਜਾਣਾ, ਸਾਰੇ ਘਰਵਾਲਿਆਂ ਨਾਲ ਦੂਰਦਰਸ਼ਨ ਤੇ ਪ੍ਰੋਗਰਾਮ ਦੇਖਦੇ ਹੋਏ ਨਵਾਂ ਸਾਲ ਮੂੰਗਫਲੀ ਤੇ ਗੱਜਕ ਖਾ ਕੇ ਮਨਾਉਣਾ l ਸਭ ਐਵੇ ਯਾਦ ਹੈ ਜਿਵੇ ਹਾਲੇ ਕੱਲ ਦੀ ਤਾਂ ਗੱਲ ਹੋਵੇ l

ਬਚਪਨ ਚ ਜਿਆਦਾ ਦੋਸਤ ਨਹੀਂ ਸੀ ਮੇਰੇ, ਬੱਸ ਮੁਹੱਲੇ ਦੇ ਕੁਝ ਇਕ ਬਜ਼ੁਰਗ, ਜਿਨ੍ਹਾਂ ਦੇ ਪੈਰੀ ਹੱਥ ਮੈਂ ਹਰ ਰੋਜ਼ ਲਗਾਇਆ ਕਰਦਾ ਸੀ, ਮੇਰੇ ਚੰਦ ਇਕ ਪੱਕੇ ਦੋਸਤ ਸਨ l ਦੋਸਤੀ ਬੜੀ ਨਿਰਾਲੀ ਸੀ ਸਾਡੀ, ਉਹ ਮੈਨੂੰ ਕਹਾਣੀਆਂ ਸੁਣਾਉਂਦੇ, ਆਪਣੀ ਜ਼ਿੰਦਗੀ ਦੇ ਦੁੱਖ ਸੁਖ ਸਾਂਝੇ ਕਰਦੇ ਤੇ ਮੈਂ ਉਹਨਾਂ ਕੋਲੋਂ ਹਜ਼ਾਰਾਂ ਬਾਰ ਪਹਿਲਾ ਸੁਣੀਆਂ ਕਹਾਣੀਆਂ ਐਵੇਂ ਸੁਣਦਾ ਜਿਵੇਂ ਪਹਿਲੀ ਬਾਰ ਸੁਣ ਰਿਹਾ ਹੋਵਾਂ l ਉਹ ਦੋਸਤਾਂ ਨਾਲੋਂ ਜਿਆਦਾ ਲਾਇਬ੍ਰੇਰੀਆਂ ਸਨ ਮੇਰੀਆਂ ਅਤੇ ਮੈਂ ਉਹਨਾਂ ਲਾਇਬ੍ਰੇਰੀਆਂ ਦੀਆਂ ਅਲੱਗ ਅਲੱਗ ਕਿਤਾਬਾਂ ਹਰ ਰੋਜ਼ ਕਿੰਨਾ ਕਿੰਨਾ ਚਿਰ ਚਾ ਨਾਲ ਪੜ੍ਹਦਾ ਸੁਣਦਾ l

ਵਕ਼ਤ ਨੇ ਇਕ ਇਕ ਕਰਕੇ ਮੇਰੇ ਉਹ ਸਾਰੇ ਦੋਸਤ ਲੀਲ ਲਏ ਤੇ ਸਮਸ਼ਾਨ ਭੂਮੀ ਅਤੇ ਜਦੋ ਉਹਨਾਂ ਦੀ ਚਿਤਾ ਜਲਾਈ ਗਈ ਤਾਂ ਉਹਨਾਂ ਦੀ ਚਿਤਾ ਦੇ ਨਾਲ ਮੇਰੀਆਂ ਲਾਇਬ੍ਰੇਰੀਆਂ ਵੀ ਸੜ ਗਈਆਂ l ਬੜੀਆਂ ਵਿੱਲਖਣੀਆਂ ਸਨ ਮੇਰੀਆਂ ਉਹ ਲਾਇਬ੍ਰੇਰੀਆਂ, ਹਰ ਲਾਇਬ੍ਰੇਰੀ ਵੱਖਰੀਆਂ ਵੱਖਰੀਆਂ ਕਿਤਾਬਾਂ ਦੇ ਖ਼ਾਜ਼ਨੇ ਨਾਲ ਭਰਪੂਰ l ਕੋਈ ਇਤਿਹਾਸ ਦੀ ਸੀ, ਕੋਈ ਲੋਕਵਿਹਾਰ ਦੀ, ਕੋਈ ਧਰਮ ਦੀ ਅਤੇ ਕੋਈ ਸੰਗਰਸ਼ ਕਰਨਾ ਸਿਖਾਉਂਦੀ ਸੀ l ਮੇਰੀ ਬਦਕਿਸਮਤੀ ਰਹੀ ਕਿ ਮੈਂ ਉਹਨਾਂ ਲਾਇਬ੍ਰੇਰੀਆਂ ਦਾ ਪੂਰਾ ਗਿਆਨ ਅਰਜਿਤ ਨਹੀਂ ਕਰ ਸਕਿਆ ਅਤੇ ਨਾ ਹੀ ਉਹਨਾਂ ਕਿਤਾਬਾਂ ਦੀ ਨਕਲ ਬਣਾ ਸਕਿਆ l ਮੇਰੀਆਂ ਲਾਇਬ੍ਰੇਰੀਆਂ ਨੇ ਜੋ ਕਹਾਣੀਆਂ ਕਹਿ ਕਹਿ ਕੇ ਮੈਨੂੰ ਸੁਣਾਈਆਂ ਸਿਖਾਈਆਂ ਉਹ ਕਹਾਣੀਆਂ ਅਗਲੀ ਪੀੜ੍ਹੀ ਨੂੰ ਸੁਣਾਉਂਦਾ ਸੁਣਾਉਂਦਾ ਮੈਂ ਕਦੋ 'ਕਹਾਣੀਕਾਰ' ਬਣ ਗਿਆ ਮੈਨੂੰ ਇਸ ਗੱਲ ਦਾ ਇਹਸਾਸ ਹੀ ਨਹੀਂ ਹੋਇਆ l ਅਤੇ ਇਸ ਤੋਂ ਪਹਿਲਾ ਕਿ ਕਹਾਣੀਆਂ ਸੁਣਾਉਂਦਾ ਸੁਣਾਉਂਦਾ ਇਕ ਦਿਨ ਮੈਂ ਖੁਦ ਇਕ ਕਹਾਣੀ ਬਣ ਜਾਵਾਂ ਮੇਰਾ ਵੀਰ 'ਜੀਤੂ' ਮੈਨੂੰ ਆਭਾਸੀ (ਵਰਚੁਅਲ) ਦੁਨੀਆਂ ਵਿੱਚ ਲੈ ਆਇਆ l ਮੇਰਾ ਇਹ ਬਲੌਗ ਮੇਰੇ ਉਹਨਾਂ ਸਾਰੇ ਬਜ਼ੁਰਗਾਂ, ਦੋਸਤਾਂ ਤੇ ਸਾਥੀਆਂ ਦੇ ਨਾਮ ਜਿਨ੍ਹਾਂ ਨੇ ਮੈਨੂੰ ਉਹ ਬਣਾਇਆ ਜੋ ਮੈਂ ਅੱਜ ਹਾਂ l