Saturday, September 23, 2017

ਨਾਮ ਲੇਵਾ


ਛੋਟਾ ਜਿਹਾ ਸੀ ਜਦੋ ਮੇਰੀ ਮਾਂ ਨੇ ਮੈਨੂੰ ਇਕ ਰਾਜੇ ਕਿ ਕਹਾਣੀ ਸੁਣਾਈ ਸੀ l ਉਹ ਰਾਜਾ ਆਪਣੇ ਲੋਕਾਂ ਦੀ ਭਲਾਈ ਲਈ ਬਹੁਤ ਕੋਸ਼ਿਸ਼ ਕਰਦਾ ਸੀ ਤੇ ਸਾਰਾ ਦਿਨ ਇਸੀ ਚਿੰਤਾ ਵਿੱਚ ਰੁਝਿਆ ਰਹਿੰਦਾ l ਇਕ ਦਿਨ ਉਹ ਆਪਣੇ ਰਾਜ ਦੇ ਦੂਜੇ ਕੋਨੇ ਚ ਇਕ ਪਿੰਡ ਜਾ ਉਥੇ ਵਿਕਾਸ ਕਾਰਜ ਦੇਖ ਥੱਕਿਆ ਹੋਇਆ ਆਪਣੇ ਮਹਿਲ ਮੁੜਿਆ ਤੇ ਜ਼ਿਆਦਾ ਥੱਕੇ ਹੋਣ ਕਰਕੇ ਜਲਦੀ ਸੌ ਗਿਆ l ਰਾਤੀ ਸੁੱਤਿਆ ਰਾਜੇ ਨੂੰ ਇਕ ਸੁਪਨਾ ਆਇਆ ਕਿ ਉਸਦੇ ਸਿਰ ਚੰਨ ਦੀ ਗੌਦੀ ਵਿੱਚ ਹੈ ਤੇ ਸੂਰਜ ਉਸਦੀ ਛਾਤੀ ਤੇ ਚਮਕ ਰਿਹਾ ਹੈ l ਇਹ ਅਜੀਬ ਸੁਪਨਾ ਦੇਖਕੇ ਰਾਜੇ ਦੀ ਜਾਗ ਅਜਿਹੀ ਖੁਲਦੀ ਹੈ ਕਿ ਬਾਕੀ ਦੀ ਰਾਤ ਉਸਨੂੰ ਨੀਂਦ ਨਹੀਂ ਆਓਂਦੀ l ਸਵੇਰ ਹੁੰਦੇ ਸਾਰ ਹੀ ਉਸਨੇ ਆਪਣੇ ਵਜੀਰਾਂ ਨੂੰ ਬੁਲਾ ਕੇ ਆਪਣਾ ਸੁਪਨਾ ਉਹਨਾਂ ਨੂੰ ਸੁਣਾ ਕੇ ਆਪਣੇ ਸੁਪਨੇ ਦਾ ਮਤਲਬ ਪੁੱਛਦਾ ਹੈ l ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੇ ਵਜ਼ੀਰ ਸੁਪਨੇ ਨੂੰ ਸਮਝ ਨਹੀਂ ਪਾਉਂਦੇ l  ਉਹ ਹੈਰਾਨ ਹੁੰਦੇ ਨੇ ਕਿ  ਸੂਰਜ ਤੇ ਚੰਨ ਇਕ ਹੀ ਵੇਲੇ ਨਜ਼ਰ ਆ ਹੀ ਕਿਵੇਂ ਸਕਦੇ ਨੇ l 

ਕਾਫੀ ਦੇਰ ਕੋਸ਼ਿਸ਼ ਕਰਨ ਮਗਰੋਂ ਜਦੋ ਵਜ਼ੀਰ ਹਾਰ ਮੰਨ ਲੈਂਦੇ ਨੇ ਤਾ ਰਾਜਾ ਘੋਸ਼ਣਾ ਕਰਵਾ ਦਿੰਦਾ ਹੈ ਕਿ ਜੋ ਵੀ ਕੋਈ ਉਸਦੇ ਸਪਨੇ ਦਾ ਮਤਲਬ ਉਸਨੂੰ ਸਮਝਾਏਗਾ ਰਾਜਾ ਉਸਨੂੰ ਹੀਰੇ ਜਵਾਰਾਤ ਨਾਲ ਮਾਲੋਮਾਲ ਕਰ ਦੇਵੇਗਾ l ਕਾਫੀ ਸਮਾਂ ਨਿਕਲ ਜਾਂਦਾ ਹੈ ਪਰ  ਉਸਦੇ ਸੁਪਨੇ ਦਾ ਮਤਲਬ ਕਿਸੇ ਦੇ ਸਮਝ ਨਹੀਂ ਆਓਂਦਾ l ਇਕ ਦਿਨ ਰਾਜੇ ਨੂੰ ਖਿਆਲ ਆਓਂਦਾ ਹੈ ਕਿ ਉਹ ਆਪਣੇ ਸਵਰਗਵਾਸੀ ਪਿਤਾ ਦੇ ਵਜ਼ੀਰ ਨੂੰ ਕਿਉਂ ਨਾ ਮਿਲੇ ਸ਼ਾਇਦ ਉਹ ਉਸਨੂੰ ਸੁਪਨੇ ਦਾ ਮਤਲਬ ਸਮਝਾ ਸਕਣ ਤੇ ਉਹ ਆਪਣਾ ਰੱਥ ਲੈ ਕੇ ਬਜ਼ੁਰਗ ਵਜ਼ੀਰ ਨੂੰ ਮਿਲਣ ਚਲਾ ਜਾਂਦਾ ਹੈ l

ਉਹ ਵਜ਼ੀਰ ਸਨਿਆਸ ਲੈ ਕੇ ਬਹੁਤ ਦੂਰ ਜੰਗਲ ਵਿੱਚ  ਰਹਿੰਦਾ ਸੀ ਤੇ ਉਥੋਂ ਦਾ ਰਸਤਾ ਵੀ ਬੜਾ ਮੁਸ਼ਕਿਲ ਸੀ l ਬਹੁਤ ਸਾਰੀਆਂ ਮੁਸ਼ਿਕਲਾਂ ਦਾ ਸਾਹਮਣਾ ਕਰਦਾ ਰਾਜਾ ਉਸ ਬਜ਼ੁਰਗ ਵਜ਼ੀਰ ਕੋਲ ਪਹੁੰਚ ਜਾਂਦਾ ਹੈ ਤੇ ਉਸਨੂੰ ਦੁਆ ਸਲਾਮ ਕਰਕੇ ਆਪਣੇ ਆਉਣ ਦਾ ਕਾਰਨ ਦੱਸਦਾ ਹੈ ਤੇ ਆਪਣਾ ਸੁਪਨਾ ਉਸਨੂੰ ਕਹਿ ਸੁਣਾਉਂਦਾ ਹੈ l ਬਜ਼ੁਰਗ ਵਜ਼ੀਰ ਹੱਸਦਾ ਹੈ ਤੇ ਰਾਜੇ ਨੂੰ ਜਵਾਬ ਦਿੰਦਾ ਹੈ ਕਿ ਤੁਸੀਂ ਆਪਣੇ ਸੁਪਨੇ ਚ ਆਪਣੀ ਚੰਨ ਵਰਗੀ ਰਾਣੀ ਤੇ ਸੂਰਜ ਦੇ ਤੇਜ ਵਰਗਾ ਬੱਚਾ ਦੇਖਿਆ ਹੈ ਤੇ ਤੁਸੀਂ ਆਪਣਾ ਸਿਰ ਰਾਣੀ ਦੀ ਗੋਦ ਚ ਰੱਖ ਕੇ ਆਪਣੇ ਬੱਚੇ, ਜੋ ਕਿ ਤੁਹਾਡੀ ਛਾਤੀ ਤੇ ਬੈਠਾ ਹੈ, ਨਾਲ ਖੇਡ ਰਹੇ ਹੋ l ਤੇ ਹੁਣ ਉਹ ਸਮਾਂ ਆ ਗਿਆ ਹੈ ਕਿ ਤੁਹਾਡਾ ਸੁਪਨਾ ਪੂਰਾ ਹੋਵੇ ਤੇ ਤੁਸੀਂ ਹੁਣ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕਰੋ l ਰਾਜਾ ਉੱਤਰ ਸੁਣ ਕੇ ਖੁਸ਼ ਜੋ ਜਾਂਦਾ ਹੈ ਤੇ ਬਜ਼ੁਰਗ ਵਜ਼ੀਰ ਨੂੰ ਬਹੁਤ ਸਾਰੇ ਹੀਰੇ ਜਵਾਰਤ ਦਿੰਦਾ ਹੈ ਪਰ ਬਜ਼ੁਰਗ ਵਜ਼ੀਰ ਉਹ ਸਾਰੇ ਹੀਰੇ ਜਵਾਰਤ ਲੋਕ ਸੇਵਾ ਲਈ ਰਾਜੇ ਨੂੰ ਵਾਪਿਸ ਕਰ ਦਿੰਦਾ ਹੈ l ਬਜ਼ੁਰਗ ਵਜ਼ੀਰ ਦਾ ਧੰਨਵਾਦ ਕਰ ਰਾਜਾ ਮੁੜ ਆਪਣੀ ਰਾਜਧਾਨੀ ਆ ਜਾਂਦਾ ਹੈ ਤੇ ਆਪਣੀ ਪ੍ਰਜਾ ਦੇ ਭਲੇ ਲਈ ਕੰਮ ਵਿਚ ਫਿਰ ਰੁਝ ਜਾਂਦਾ ਹੈ ਤੇ ਸਮੇਂ ਦੇ ਨਾਲ ਰਾਜਾ ਇਕ ਹੋਰ ਦੇਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲੈਂਦਾ ਹੈ l ਤੇ ਥੋੜੇ ਚਿਰ ਪਿੱਛੋਂ ਉਸ ਰਾਜੇ ਦੇ ਘਰ ਬੱਚਾ ਜਨਮ ਲੈਂਦਾ ਹੈ ਤੇ ਜਦੋ ਰਾਜਾ ਰਾਣੀ ਦੀ ਗੋਦ ਵਿਚ ਸਿਰ ਰੱਖਕੇ ਆਪਣੇ ਬੱਚੇ ਨੂੰ ਚੁੱਕਦਾ ਹੈ ਤਾਂ ਉਸਨੂੰ ਆਪਣਾ ਸੁਪਨਾ ਸੱਚ ਹੋ ਗਿਆ ਜਾਪਦਾ ਹੈ l

ਇਹ ਕਹਾਣੀ ਸੁਨਣ ਤੋਂ ਬਾਅਦ ਜਦੋ ਮੈਂ ਸੌਣ ਲਈ ਆਪਣੀਆਂ ਅੱਖਾਂ ਮੀਚੀਆਂ ਤਾਂ ਇਹ ਸੁਪਨਾ ਮੈਂ ਆਪਣੀ ਅੱਖਾਂ ਨਾਲ ਦੇਖਿਆ ਫਰਕ ਸਿਰਫ ਇਨ੍ਹਾਂ ਸੀ ਕਿ ਰਾਜੇ ਦੀ ਜਗਹ ਮੈਂ ਲੈ ਲਈ ਸੀ l ਜਿਵੇ ਜਿਵੇ ਮੈਂ ਵੱਡਾ ਹੁੰਦਾ ਗਿਆ ਇਹ ਸੁਪਨਾ ਮੇਰੇ ਚ ਐਵੇਂ ਘਰ ਕਰ ਗਿਆ ਜਿਵੇ ਉਹ ਸੁਪਨਾ ਰਾਜੇ ਦਾ ਨਹੀਂ ਬਲਕਿ ਮੇਰਾ ਖੁਦ ਦਾ ਹੋਵੇ l ਸਮਾਂ ਬੀਤਣ ਤੇ ਮੇਰਾ ਚੰਨ ਮੇਰੀ ਜ਼ਿੰਦਗੀ ਚ ਆ ਗਿਆ l ਮੈਂ ਆਪਣੇ ਚੰਨ ਦੀ ਗੋਦ ਚ ਸਿਰ ਰੱਖ ਕੇ ਉਸਨੂੰ ਰਾਜੇ ਦੀ ਕਹਾਣੀ ਤੇ ਆਪਣਾ ਸੁਪਨਾ ਸੁਣਾਇਆ ਤੇ ਉਸੇ ਦਿਨ ਤੋਂ ਉਹ ਸੁਪਨਾ ਹੁਣ ਸਾਡੇ ਦੋਨਾਂ ਦਾ ਸੁਪਨਾ ਬਣ ਗਿਆ ਤੇ ਅਸੀਂ ਦੋਨਾਂ ਨੇ ਆਪਣੇ ਸੂਰਜ ਦੀ ਵਾਟ ਦੇਖਣੀ ਕਿ ਉਹ ਕਦੋ ਆਵੇਗਾ ਤੇ ਸਾਡਾ ਸੁਪਨਾ ਪੂਰਾ ਹੋਵੇਗਾ l 

ਇਕ ਦਿਨ ਜਦੋ ਮੈਂ ਕੰਮ ਤੋਂ ਵਾਪਿਸ ਘਰ ਆਇਆ ਤਾਂ ਮੇਰੇ ਚੰਨ ਨੇ ਮੈਨੂੰ ਦੱਸਿਆ ਕਿ ਕੁਝ ਮਹੀਨਿਆਂ ਬਾਅਦ ਮੇਰਾ ਸੁਪਨਾ ਸੁਪਨਾ ਨਹੀਂ ਬਲਕਿ ਹਕੀਕਤ ਬਣ ਜਾਏਗਾ l ਉਸ ਦਿਨ ਮੈਨੂੰ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਸੀ ਤੇ ਐਨਾ ਖੁਸ਼ ਮੈਂ ਸ਼ਾਇਦ ਹੀ ਕਦੀ ਹੋਇਆ ਹੋਵਾਂਗਾ l 'ਕੁਝ ਦਿਨਾਂ ਦੀ ਤਾਂ ਗੱਲ ਹੈ ਤੇ ਮੇਰਾ ਸੁਪਨਾ ਪੂਰਾ ਹੋ ਜਾਣਾ ਤੇ ਮੈਂ ਆਪਣੇ ਚੰਨ ਦੀ ਗੋਦ ਚ ਸਿਰ ਰੱਖ ਕੇ ਆਪਣੇ ਸੂਰਜ ਨੂੰ ਖਿਡਾਇਆ ਕਰਨਾ' ਮੈਂ ਹਰ ਰੋਜ਼ ਸੋਚਣਾ l ਕਦੀ ਕਦੀ ਸੁੱਤਿਆ ਮੇਰੇ ਹੱਥ ਉੱਪਰ ਨੂੰ ਐਦਾਂ ਉੱਠ ਜਾਣੇ ਜਿਵੇਂ ਮੈਂ ਸੱਚੀ ਆਪਣੇ ਸੂਰਜ ਨੂੰ ਖਿਡ੍ਹਾ ਰਿਹਾ ਹੋਵਾਂ l ਇਕ ਅਜੇਹੀ ਰਾਤ ਸੁੱਤਿਆ ਮੈਨੂੰ ਸੁਪਨਾ ਆਇਆ ਕਿ ਰਾਹੂ ਤੇ ਕੇਤੂ ਮੇਰੇ ਕੋਲੋਂ ਮੇਰਾ ਸੂਰਜ  ਤੇ ਮੇਰਾ ਚੰਨ ਖੋ ਕੇ ਲੈ ਜਾ ਰਹੇ ਨੇ ਤੇ ਮੈਂ ਉਹਨਾਂ ਦੀਆਂ ਬੜੀਆਂ ਮਿਨਤਾਂ ਕੀਤੀਆਂ ਬੜੇ ਤਰਲੇ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਏ l ਮੈਂ ਰੱਬ ਦੀ ਦੁਹਾਈ ਪਾਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਇਕ ਨੂੰ ਲੈ ਕੇ ਜਾਣਾ ਹੈ ਨਿਰਣਾ ਮੈਂ ਕਰਨਾ ਕਿ ਮੈਨੂੰ ਮੇਰੇ ਨਾਲ ਕੌਣ ਚਾਹੀਦਾ ਹੈ l ਤੇ ਜਿਵੇਂ ਹੀ ਮੈਂ ਆਪਣੇ ਸੂਰਜ ਦੀ ਬਾਂਹ ਛੱਡ ਆਪਣੇ ਚੰਨ ਨੂੰ ਦੋਨੇਂ ਹੱਥਾਂ ਨਾਲ ਫੱੜ ਘੁੱਟ ਆਪਣੇ ਸੀਨੇ ਨਾਲ ਲਗਾਇਆ ਉਹ ਦੋਹੇਂ ਸੂਰਜ ਨੂੰ ਲੈ ਕੇ ਅਲੋਪ ਹੋ ਗਏ l ਤ੍ਰਭਕ ਕੇ ਜਿਵੇਂ ਹੀ ਮੇਰੀ ਨੀਂਦ ਟੁੱਟੀ ਤਾਂ ਮੈਂ ਦੇਖਿਆ ਕਿ ਸਾਡਾ ਸੂਰਜ ਡੁੱਬ ਚੁੱਕਾ ਹੈ ਤੇ ਹੁਣ ਕਦੇ ਪਰਤ ਕੇ ਨਹੀਂ ਆਵੇਗਾ ਤੇ ਅਧਮੋਇਆ ਜਿਹਾ ਮੇਰਾ ਚੰਨ ਇਸ ਸਦਮੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ 

ਇਸ ਹਾਦਸੇ ਨੂੰ ਵਾਪਰਿਆਂ ਕਈ ਵਰੇ ਨਿਕਲ ਗਏ ਨੇ ਤੇ ਮੇਰਾ ਚੰਨ ਸਹੀ ਸਲਾਮਤ ਮੇਰੇ ਨਾਲ ਹੈ ਤੇ ਮੈਂ ਹੱਥ ਜੋੜ ਰੱਬ ਦਾ ਸ਼ੁਕਰੀਆ ਅਦਾ ਕਰਦਾ ਹਾਂ l ਅਸੀਂ ਦੋਨੋ ਜੀ ਰੱਬ ਦੀ ਮਰਜੀ ਸਵੀਕਾਰ ਕਰ ਚੁਕੇ ਹਾਂ ਤੇ ਉਸਦੀ ਰਜ਼ਾ ਚ ਖੁਸ਼ ਹਾਂ l ਪਰ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਪਤੀ ਪਤਨੀ ਬੱਚੇ ਤੋਂ ਬਿਨਾ ਖੁਸ਼ ਨਹੀਂ ਰਹਿ ਸਕਦੇ ਤੇ ਜੇ ਅਸੀਂ ਦੋਨੇਂ ਜੀ ਕਿਤੇ ਉਹਨਾਂ ਨੂੰ ਮਿਲਦੇ ਹਾਂ ਤਾਂ ਉਹ ਅਸ਼ੀਸ਼ ਐਵੀ ਦਿੰਦੇ ਨੇ ਜਿਵੇਂ ਬੱਚਾ ਨਾ ਹੋਣ ਦਾ ਅਫਸੋਸ ਕਰਦੇ ਹੋਣ l 

'ਤੇਰੇ ਕੋਲੋਂ ਕੁਝ ਸਰਦਾ ਨਹੀਂ? ਕਰਲੈ ਹੁਣ ਕੁਛ? ਕਈ ਅਜਿਹੀਆਂ ਟਿੱਚਰਾਂ ਕਰਨ ਤੋਂ ਬਾਜ ਨਹੀਂ ਆਂਦੇ l ਐਦਾ ਨਹੀਂ ਕਿ ਮੈਂ ਉਹਨਾਂ ਦਾ ਮੂੰਹ ਨਹੀਂ ਭੰਨ ਸਕਦਾ ਪਰ ਉਹਨਾਂ ਦੀ ਸੋਚ ਤੇ ਹਾਸਾ ਆਉਂਦਾ ਹੈ ਤੇ ਕਦੇ ਸੋਚਦਾ ਹਾਂ ਕਿ ਰੱਬ ਨਾ ਕਰੇ ਜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਕਿਸੇ ਆਪਣੇ ਨਾਲ ਐਦਾ ਹੋਵੇ ਤਾ ਕੀ ਉਹ ਉਸਨੂੰ ਵੀ ਅਜਿਹੀਆਂ ਟਿੱਚਰਾਂ ਕਰਨਗੇ l ਜਿਵੇਂ ਕੁਝ ਪ੍ਰੀਖਿਆਰਥੀ ਸਲਾਨਾ ਇਮਤਿਹਾਨ ਚ ਸਮਝ ਨਾ ਆਉਣ ਵਾਲੇ ਕਈ ਸਵਾਲਾਂ ਦੇ ਜਵਾਬ ਏਸੀ ਲਈ ਲਿਖਕੇ ਨਹੀਂ ਆਓਂਦੇ ਕਿ ਸ਼ਾਇਦ ਪ੍ਰੀੱਖਿਆ ਪੱਤਰ ਦੀ ਪੜਤਾਲ ਕਰਨ ਵਾਲਾ ਅਧਿਆਪਕ ਤਰਸ ਖਾ ਕੇ ਹੀ ਖਾਲੀ ਪੰਨੇ ਤੇ ਜਵਾਬ ਆਪ ਹੀ ਲਿੱਖ ਦੇਵੇਗਾ ਉਸੇ ਤਰਾਂ ਮੇਰੀ ਜ਼ਿੰਦਗੀ ਦੇ ਪ੍ਰਸ਼ਨ ਪੱਤਰ ਦੇ ਅਣਸੁਲਝੇ ਸਵਾਲਾਂ ਦੇ ਜਵਾਬ ਤਾਂ ਉੱਪਰ ਵਾਲਾ ਹੀ ਦੇਵੇਗਾ l 

ਜੇ ਮੈਨੂੰ ਕੋਈ ਸੱਜਣ ਮਿੱਤਰ ਕਹਿੰਦਾ ਹੈ ਕਿ ਫਲਾਣੀ ਥਾਂ ਮੱਥਾ ਟੇਕ ਆਓ ਢਿਮਕਾਣੀ ਥਾਂ ਮੱਥਾ ਟੇਕ ਆਉ ਸ਼ਾਇਦ ਝੋਲੀ ਖੈਰ ਪੈ ਜਾਏ l ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਦੁੱਧ ਤੇ ਪੁੱਤ ਦੀ ਖੈਰ ਮੰਗਕੇ ਨਹੀਂ ਲਈ ਦੀ l  ਜੇ ਉਸ ਪਰਮਪਿਤਾ ਨੇ ਦੇਣਾ ਹੈ ਤਾ ਉਸਨੇ ਆਪੇ ਹੀ ਦੇਣਾ ਉਸਦੇ ਦਰ ਸਿਫ਼ਾਰਿਸ਼ ਨਹੀਂ ਚਲਦੀ l ਉਸਨੂੰ ਮੇਰੇ ਤੋਂ ਕਿਤੇ ਵੱਧ ਪਤਾ ਹੈ ਕਿ ਮੇਰੇ ਲਈ ਕੀ ਠੀਕ ਹੈ l 

ਕੁਝ ਨਾਮ ਲੇਵਾ ਹੋਣ ਦੀ ਦੁਹਾਈ ਵੀ ਦਿੰਦੇ ਰਹਿੰਦੇ ਨੇ l ਤੇ ਮੈਂ ਤਾਂ ਉਹਨਾਂ ਨੂੰ ਬੱਸ ਇਹੀ ਕਹਿੰਦਾ ਹਾਂ ਕਿ ਜਿਥੋਂ ਤਕ ਰਿਹਾ ਸਵਾਲ ਨਾਮ ਲੇਵੇ ਦਾ ਤਾਂ ਭਗਤ ਸਿੰਘ ਦਾ ਕਿਹੜਾ ਵਿਆਹ ਹੋਇਆ ਸੀ ਯਾ ਉਹਨਾਂ ਦੇ ਬੱਚਾ ਸੀ ਪਰ ਭਗਤ ਸਿੰਘ ਦਾ ਨਾਮ ਰਹਿੰਦੀ ਦੁਨੀਆਂ ਤੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਰਹੇਗਾ l ਨਾਮ ਤਾਂ ਕਰਮਾਂ ਦਾ ਹੁੰਦਾ l ਜੈ ਚੰਦ ਤੇ ਮੀਰ ਜਾਫ਼ਰ ਵਰਗਿਆਂ ਦੇ ਤਾਂ ਖੁਦ ਦੇ ਬੱਚੇ ਵੀ ਸ਼ਾਇਦ ਉਹਨਾਂ ਦਾ ਨਾਮ ਨਾ ਲੈਣਾ ਪਸੰਦ ਕਰਦੇ ਹੋਣ l 

Saturday, September 16, 2017

ਬਾਬੇ ਮਹੇਸ਼ ਦਾਸ ਦੇ ਮਾਂਹ


ਕੋਈ ਇਕ ਅੱਧੀ ਵਾਰੀ ਛੱਡ ਕੇ ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਅਜਿਹਾ ਸਾਲ ਯਾਦ ਨਹੀਂ ਜਦੋ ਮੈਂ ਆਪਣੇ ਪੁਰਖੇ ਬਾਬਾ ਮਹੇਸ਼ ਦਾਸ ਜੀ ਦਾ ਸ਼ਰਾਧ ਕਰਨ  ਆਪਣੇ ਘਰ ਨਾ ਪੁੱਜਿਆ ਹੋਵਾਂ l ਵੈਸੇ ਆਮ ਤੋਰ ਤੇ ਤਾਂ ਸ਼ਰਾਧ ਬੜੇ ਨੀਰਸ ਜਹੇ ਹੁੰਦੇ ਨੇ ਪਰ ਬਾਬਾ ਮਹੇਸ਼ ਦਾਸ ਜੀ  ਦਾ ਸ਼ਰਦ ਦਾ ਚਾ ਤਾਂ ਸਾਨੂੰ ਸਾਰਾ ਸਾਲ ਹੀ ਰਹਿੰਦਾ ਹੈ l ਮੈਨੂੰ ਅੱਜ ਵੀ ਯਾਦ ਹੈ ਉਹ ਸਮਾਂ ਜਦੋ ਸਾਡੇ ਮੁਹੱਲੇ ਦੇ ਬਜ਼ੁਰਗ ਇਕੱਠੇ ਹੋ ਬਾਬੇ ਦੇ ਸ਼ਰਦ ਦੀਆਂ ਵਿਉਂਤਾਂ ਬਣਾਂਦੇ ਸੀ l ਕਿਵੇਂ ਹਰ ਘਰ ਤੋਂ ਮਾਂਹ, ਆਟਾ, ਖੰਡ, ਬਾਲਨ ਆ ਜਾਣਾ ਤੇ ਕਿਵੇਂ ਦੇਖਦੇ ਦੇਖਦੇ ਮੇਰੇ ਕਮਰੇ ਦੀ ਪਿਛਲੀ ਖਾਲੀ ਜਗਹ ਚ ਭੱਠੀ ਬਣ ਜਾਣੀ ਤੇ ਅਸੀਂ ਬੱਚਿਆਂ ਨੇ ਪਾਣੀ ਭਰ ਭਰ ਮਾਂਹ ਸਾਫ ਕਰਨੇ ਟਮਾਟਰ ਧੋ ਦੇਣੇ ਤੇ ਦੇਗ, ਭਾਂਡੇ ਤੇ ਕਨਾਤਾਂ ਦਾ ਇੰਤੇਜਾਮ ਹੋ ਦੇਖ ਜਲਦੀ ਸੋ ਜਾਣਾ ਤਾਂ ਕਿ ਸਵੇਰੇ ਸਵੇਰੇ ਸਭ ਤੋਂ ਪਹਿਲਾ ਬਾਬਾ ਮਹੇਸ਼ ਦਾਸ ਜੀ ਦੇ ਮੰਦਿਰ ਝਾੜੂ ਲਗਾਣਾ ਹੈ l

ਦੱਸਵੇਂ ਸ਼ਰਾਧ ਵਾਲੇ ਦਿਨ ਸਵੇਰੇ ਸਵੇਰੇ ਸਰਦਾਰ ਮਨੋਹਰ ਸਿੰਘ ਧੀਰ ਜੀ ਨੇ  ਬਾਬਾ ਜੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਤੇ ਮੁਹੱਲੇ ਦੇ ਬਾਕੀ ਬਜ਼ੁਰਗਾਂ ਜਿਨ੍ਹਾਂ ਚ ਮੇਰੇ ਦਾਦਾ ਜੀ ਸ਼੍ਰੀ ਅੰਮ੍ਰਿਤ ਲਾਲ ਜੀ, ਚਾਚਾ ਜੀ ਸ਼੍ਰੀ  ਰਾਜ ਕੁਮਾਰ ਜੀ, ਸ਼੍ਰੀ ਲਾਲੋ ਸ਼ਾਹ ਜੀ, ਸ਼੍ਰੀ  ਹੰਸ ਰਾਜ ਜੀ, ਸ਼੍ਰੀ ਦੀਨਾ ਨਾਥ, ਸ਼੍ਰੀ ਗੁਲਜ਼ਾਰੀ ਲਾਲ ਜੀ ਤੇ ਸ਼੍ਰੀ ਪ੍ਰਕਾਸ਼ ਸ਼ਰਮਾ ਜੀ ਆਦਿ ਨੇ ਇਕੱਠੇ ਹੋ ਕੇ ਮਾਂਹ ਦੀ ਦਾਲ ਦੇਗ ਤੇ ਚੜਾ ਦੇਣੀ ਤੇ ਮੁਹੱਲੇ ਦੀਆਂ ਬੀਬੀਆਂ ਨੇ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦੇਣੀਆਂ l ਹਾਲਾਂ ਕੇ ਮੈਂ ਆਪਣੇ ਦਾਦਾ ਜੀ, ਜੋ ਕਿ ਮੀਟ ਬਹੁਤ ਸਵਾਦੀ ਬਣਾਂਦੇ ਸੀ, ਤੋਂ ਬਿਨਾ ਮੈਂ  ਕਿਸੇ ਹੋਰ ਬਜ਼ੁਰਗ ਨੂੰ ਕਦੇ ਸਬਜ਼ੀ ਬਣਾਂਦੇ ਨਾ ਦੇਖਿਆ ਨਾ ਸੁਣਿਆ ਸੀ ਪਰ ਮਾਂਹ ਦੀ ਦਾਲ ਸਾਰੇ ਮਿਲ ਕੇ ਹੀ ਬਣਾਂਦੇ ਸੀ l ਬਿਨਾ ਪਿਆਜ਼ ਤੇ ਲ੍ਹਸਣ, ਸਾਰੀ ਰਾਤ ਦੇ ਭਿਜੇ ਹੋਏ ਮਾਂਹ ਮੱਠੀ ਮੱਠੀ ਅੱਗ ਤੇ 6-7 ਘੰਟੇ ਕੜ੍ਹ ਕੜ੍ਹ ਲਾਲ ਹੋ ਜਾਣੇ ਤੇ ਸਮੇਂ ਸਮੇਂ ਨਾਲ ਮਾਂਹ ਦੀ ਦਾਲ ਚ ਸਾਬਤ ਹਰੀਆਂ ਮਿਰਚਾਂ, ਟਮਾਟਰਾਂ ਤੇ ਥੋਕ ਚ ਬਾਰੀਕ ਬਾਰੀਕ ਕੱਟਿਆ ਹੋਇਆ ਅਦਰਕ, ਧਨੀਆ, ਅੰਦਾਜੇ ਨਾਲ ਪਾਇਆ ਹੋਇਆ ਨਮਕ, ਗਰਮ ਮਸਾਲਾ ਤੇ ਮਾਂਹ ਰਲਾਣ ਲਈ ਪਾਇਆ ਹੋਇਆ ਸਰੋਂ ਦਾ ਤੇਲ ਸਵਾਦ ਚ ਚਾਰ ਚੰਨ ਲਗਾ ਦਿੰਦਾ ਸੀ l ਆਪਣੀ 37-38 ਸਾਲਾਂ ਦੀ ਜ਼ਿੰਦਗੀ ਚ ਮੈਂ ਜਦੋ ਦੀ ਹੋਸ਼ ਸੰਭਾਲੀ ਹੈ ਮੈਨੂੰ ਅੱਜ ਵੀ ਹਰ ਸਾਲ ਦੇ ਮਾਂਹਾਂ ਦਾ ਸਵਾਦ ਯਾਦ ਹੈ ਤੇ ਕਦੇ ਵੀ ਮੈਨੂੰ ਨਮਕ ਘੱਟ ਯਾ ਵੱਧ ਨਹੀਂ ਲੱਗਿਆ l

ਮੇਰੇ ਕਮਰੇ ਦੀ ਬਾਰੀ ਬਾਹਰ ਖਾਲੀ ਜਗਹ ਚ ਖੁਲਦੀ ਹੁੰਦੀ ਸੀ ਤੇ ਲੰਗਰ ਵਰਤਾਣ ਦੀ ਜਿੰਮੇਦਾਰੀ ਮਾਣੇ ਚਾਚੇ ਸਿਰ ਹੁੰਦੀ ਸੀ ਤੇ ਮੈਂ ਜਿੰਨੇ ਮਾਂਹ ਉਹਨਾਂ ਕੋਲੋਂ ਮੰਗਣੇ ਉਹਨਾਂ ਨੇ ਉੰਨੀ ਵਾਰੀ ਭਾਂਡਾ ਨੱਕੋ ਨੱਕ ਭਰ ਭਰ ਦੇਣਾ l ਹਾਲਾਂ ਕਿ ਉਹਨਾਂ ਨੂੰ ਗੁਜ਼ੱਰਿਆਂ ਕਾਫੀ ਵਰੇ ਹੋ ਗਏ ਨੇ ਪਰ ਅਜਿਹਾ ਕੋਈ ਸਾਲ ਨਹੀਂ ਜਦੋ ਮੈਂ ਜਦੋ ਮੈਂ ਮਾਂਹ ਵਰਤਾਣ ਵੇਲੇ ਉਹਨਾਂ ਨੂੰ ਯਾਦ ਨਾ ਕੀਤਾ ਹੋਵੇ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਵਾਂਗ ਕਿਸੇ ਨੂੰ ਵੀ ਮਾਂਹਾਂ ਤੋਂ ਮਨਾਂ ਨਾ ਕਰਾਂ l

ਮੇਰੇ ਦਾਦਾ ਜੀ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਇਸ ਦੁਨੀਆ ਤੋਂ ਵਿਦਾ ਲੈ ਚੁੱਕੇ ਨੇ ਤੇ ਬਾਬੇ ਮਹੇਸ਼ ਦਾਸ ਦੇ ਲੰਗਰ ਦੀ ਜਿੰਮੇਦਾਰੀ ਅਗਲੀ ਪੀੜੀ ਕੋਲ ਆ ਗਈ ਹੈ ਤੇ ਨਵੀ ਪੀੜੀ ਆਪਣੀ ਜਿੰਮੇਵਾਰੀ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ l ਹਾਂ ਕਦੇ ਕਦੇ ਮੈਂ ਸੋਚਦਾ ਜਰੂਰ ਹਾਂ ਕਿ ਜਾਇਦਾ ਵਧੀਆ ਮਾਂਹ ਕਿਹੜੀ ਪੀੜ੍ਹੀ ਬਣਾਂਦੀ ਸੀ ਪਰ ਜਵਾਬ ਦੇਣਾ ਬੜਾ ਮੁਸ਼ਕਿਲ ਲੱਗਦਾ ਹੈ l

ਅੱਜ ਮੈਂ ਬਾਬੇ ਮਹਿਸ਼ੇ ਦਾ ਸ਼ਰਾਧ ਖਾ ਕੇ ਵਾਪਿਸ ਆਪਣੀ ਕਰਮਭੂਮੀ ਦਿੱਲੀ ਜਾ ਰਿਹਾ ਹਾਂ ਤੇ ਜਲੰਧਰ ਸਟੇਸ਼ਨ ਤੇ ਬੈਠਾ ਸੋਚ ਰਿਹਾ ਹਾਂ ਕਿ ਜਿਵੇਂ ਮੇਰੇ ਦਾਦਾ ਜੀ ਤੇ ਉਹਨਾਂ ਦੇ ਸਾਥੀਆਂ ਦੀ ਜਿੰਮੇਦਾਰੀ ਮੇਰੇ ਚਾਚਾ ਜੀ ਤੇ ਉਹਨਾਂ ਦੇ ਸਾਥੀਆਂ ਨੇ ਸੰਭਾਲ ਲਈ ਹੈ ਓਵੇਂ ਹੀ ਜਦੋ ਅਸੀਂ ਸਾਰੇ ਬਜ਼ੁਰਗ ਬਣ ਇਸ ਦੁਨੀਆ ਨੂੰ ਅਲਵਿਦਾ ਕਹਿਕੇ ਦੂਜੇ ਲੋਕ ਚਲੇ ਜਾਵਾਂਗੇ ਮੈਨੂੰ ਉਮੀਦ ਹੈ ਉਦੋਂ ਵੀ ਕੋਈ 'ਧੀਰ' ਬਾਬੇ ਮਹਿਸ਼ੇ ਦੇ ਮਾਂਹ ਖਾ ਕੇ ਕਿਹਾ ਜ਼ਰੂਰ ਕਰੇਗਾ, "ਭਾਜੀ ਥੋੜੀ ਜਿਹੇ ਹੋਰ ਪਾ ਦਿਓ, ਢਿਡ੍ਹ ਤਾਂ ਭਰ ਗਿਆ ਪਰ ਨੀਤ ਨਹੀਂ ਭਰੀ."

Monday, September 4, 2017

ਮੁਹੱਰਮ


ਕੁਝ ਸਮਾਂ ਪਹਿਲਾ ਦੀ ਗੱਲ ਹੈ ਮੈਂ ਪੁਰਾਣੀ ਦਿੱਲੀ ਕਿਸੇ ਕੰਮ ਲਈ ਗਿਆ ਤੇ ਓਥੇ ਇਕ ਅਜੀਬ ਨਜ਼ਾਰਾ ਦੇਖਿਆ l ਇਕ ਬਹੁਤ ਵੱਡਾ ਜਲੂਸ ਜਿਸ ਚ ਬਹੁਤ ਸਾਰੇ ਬੰਦੇ ਖੂਨੋ ਖੂਨ, ਆਪਣੇ ਆਪ ਨੂੰ ਕਟਾਰਾਂ, ਟੁੱਟੇ ਕੱਚ ਤੇ ਬਲੇਡਾ ਨਾਲ ਮਾਰ ਰਹੇ ਸੀ ਤੇ ਜ਼ੋਰ ਜ਼ੋਰ ਨਾਲ ਚਿੱਲਾ ਰਹੇ ਸੀ ‘ਹਾਏ ਹੁਸੈਨ ਅਗਰ ਹਮ ਹੋਤੇ’ l ਸ਼ਾ ਕਾਲੀ ਸੜਕ ਵੀ ਖੂਨ ਨਾਲ ਸੁਰਖ ਲਾਲ ਹੋ ਗਈ ਸੀ ਪਰ ਉਹ ਲੋਕ ਦੀਵਾਨਿਆਂ ਵਾਂਗ ਆਪਣੇ ਆਪਨੂੰ ਮਾਰੀ ਜਾ ਰਹੇ ਸੀ l ਜਦੋ ਕੁਝ ਸਮਝ ਨਾ ਆਇਆ ਤਾਂ ਆਪਣੇ ਨਾਲ ਖੜੇ ਇਕ ਬੰਦੇ ਨੂੰ ਮੈਂ ਪੁੱਛਿਆ ਕਿ ਇਹ ਲੋਕ ਕੀ ਕਰ ਰਹੇ ਨੇ ਤੇ ਆਪਣੇ ਆਪਨੂੰ ਕਿਊ ਮਾਰ ਰਹੇ ਨੇ ? ਉਸਨੇ ਦੱਸਿਆ ਕਿ ਅੱਜ ਮੁਹੱਰਮ ਹੈ ਜੋ ਕਿ ਸ਼ਹਾਦਤ ਦਾ ਤਿਓਹਾਰ ਹੈ ਤੇ ਮੁਸਲਿਮ ਧਰਮ ਇਸਦਾ ਬੜਾ ਮਹੱਤਵ ਹੈ l ਅੱਜ ਦੇ ਦਿਨ ਪੈਗੰਬਰ ਮੁਹੰਮਦ ਸਾਹਬ ਦੇ ਵਾਰਿਸ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਤੇ ਤਜੀਆ ਕੱਢਿਆ ਜਾਂਦਾ ਹੈ l

ਐਦਾਂ ਦਾ ਕੁਝ ਮੈਂ ਆਪਣੀ ਜ਼ਿੰਦਗੀ ਪਹਿਲੀ ਵਾਰ ਇਹ ਦੇਖਿਆ ਸੀ ਹਾਲਾਂ ਕਿ ਸ਼ਹੀਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਮੈਂ ਬਚਪਨ ਤੋਂ ਸੁਣਦਾ ਰਿਹਾ ਹਾਂ ਪਰ ਕਹਾਣੀ ਕੁਝ ਅਲੱਗ ਸੀ l ਪਹਿਲੀ ਵਾਰ ਮੈਂ ਕਿਸੇ ਕੋਮ ਨੂੰ ਆਪਣੇ ਸ਼ਹੀਦਾਂ ਨੂੰ ਇੰਝ ਯਾਦ ਕਰਦੇ ਹੋਏ ਦੇਖਿਆ ਸੀ ਤੇ ਓਹਨਾ ਦਾ ਮਾਤਮ ਦੀ ਆਵਾਜ਼ ਹੱਲੇ ਵੀ ਮੇਰੇ ਕੰਨਾਂ ਚ ਗੂੰਝਦੀ ਹੈ ਤੇ ਮੇਰੇ ਰੋਂਗਟੇ ਖੜੇ ਹੋ ਜਾਂਦੇ ਨੇ l ਮੈਂ ਕਿੰਨਾ ਚਿਰ ਸੋਚਦਾ ਰਿਹਾ ਕਿ ਜੇ ਇਹ ਸਾਰੇ ਇਮਾਮ ਹੁਸੈਨ ਦੇ ਨਾਲ ਹੁੰਦੇ ਤਾ ਉਹ ਐਦਾਂ ਸ਼ਹੀਦ ਨਾ ਹੁੰਦੇ ਤੇ ਨਾ ਓਹਨਾ ਦਾ 6 ਮਹੀਨੇ ਦਾ ਬੇਟਾ ਹਜ਼ਰਤ ਅਲੀ ਅਸਗ਼ਰ ਤੇ ਨਾ ਹੀ ਓਹਨਾ ਦੇ ਨਾਲ ਦੇ ਹੋਰ 72 ਸਾਥੀ ਸ਼ਹੀਦ ਹੁੰਦੇਮੈਂ ਓਹਨਾ ਬੰਦਿਆ ਦੀ ਦਿਲੇਰੀ ਦੇਖ ਕੇ ਅਸ਼ ਅਸ਼ ਕਰ ਉਠਿਆ l ਜਿਸ ਕੌਮ ਚ ਸ਼ਹੀਦਾਂ ਨੂੰ ਯਾਦ ਰੱਖਿਆ ਜਾਂਦਾ ਹੈ ਉਹ ਕੌਮਾਂ ਬੁਲੰਦੀ ਨੂੰ ਜਰੂਰ ਛੂੰਦੀਆਂ ਨੇ l 

ਇਸ ਘਟਨਾ ਨੇ ਮੇਰੇ ਨਾਲ ਬੀਤੀ ਇਕ ਹੋਰ ਘਟਨਾ ਯਾਦ ਦਿਲਾ ਦਿੱਤੀ ਜੋ ਮੇਰੇ ਨਾਲ ਨਵੰਬਰ 2014 ਨੂੰ ਘਟੀ ਸੀ ਤੇ ਜੋ ਅੱਜ ਵੀ ਮੈਨੂੰ  ਝੰਜੋੜ ਕੇ ਰੱਖ ਦਿੰਦੀ ਹੈ ਤੇ ਅੱਜ ਵੀ ਜਦੋ ਮੈਂ ਉਸਨੂੰ ਯਾਦ ਕਰਦਾ ਹਾਂ ਮੇਰੀਆਂ ਅੱਖਾਂ ਭਰ ਆਉਂਦੀਆਂ ਨੇ l

ਸ਼ਨੀਵਾਰ ਦਾ ਦਿਨ ਸੀ ਤੇ ਮੈਂ ਸਵੇਰੇ ਘਰੋਂ ਤਿਆਰ ਹੋ ਕੇ ਫਰੀਦਾਬਾਦ ਕਿਸੇ ਮੀਟਿੰਗ ਦੇ ਲਈ ਨਿਕਲਿਆ ਤੇ ਮਯੂਰ ਵਿਹਾਰ ਚ ਆਪਣੀ ਕਾਲੋਨੀ ਦੇ ਗੇਟ ਤੱਕ ਪਹੁੰਚਿਆ ਤੇ ਸੋਚਿਆ ਅੱਜ ਮੈਟਰੋ ਚ ਨਹੀਂ ਬਲਕਿ ਆਟੋ ਚ ਜਾਵਾਂਗਾ l ਗੇਟ ਦੇ ਬਾਹਰ ਨਜ਼ਰ ਪਈ ਤੇ ਇਕ ਆਟੋ ਖੜਾ ਦਿਖਿਆ l ਰੱਬ ਦਾ ਸ਼ੁਕਰ ਕਰਕੇ ਮੈਂ ਆਟੋ ਵੱਲ ਵਧਿਆ ਹੀ ਸੀ ਕਿ ਆਟੋ ਵਾਲੇ ਸਰਦਾਰ ਜੀ ਨੇ ਹਿੰਦੀ ਚ ਪੁੱਛਿਆ, ‘ਭਇਆ ਕਹਾਂ ਜਾਓਗੇ’l ਹਾਲਾਂ ਕੇ ਐਨਾ ਚਿਰ ਦਿੱਲੀ ਚ ਰਹਿਣ ਦੇ ਬਾਵਜੂਦ ਮੈਂ ਹਿੰਦੀ ਘੱਟ ਹੀ ਬੋਲਦਾ ਹਾਂ ਪਰ ਉਸ ਦਿਨ ਪਤਾ ਨਹੀਂ ਕਿਊ ਮੈਂ ਉਸਨੂੰ ਹਿੰਦੀ ਚ ਜਵਾਬ ਦਿੱਤਾ, ‘ਬਦਰਪੁਰ ਜਾਣਾ ਹੈ’ ਤੇ ਨਾਲ ਹੀ ਓਹਨੂੰ ਪੁੱਛਿਆ ਕਿ ਮੀਟਰ ਸੇ ਚੱਲੋਗੇ ਤਾ ਓਹਨੇ ਹਾਂ ਕਰ ਦਿੱਤੀ l ਮੈਂ ਖੁਸ਼ੀ ਖੁਸ਼ੀ ਆਟੋ ਬੈਠ ਗਿਆ ਕਿਉਕਿ ਆਮ ਤੋਰ ਤੇ ਮਯੂਰ ਵਿਹਾਰ ਤੋਂ ਬਦਰਪੁਰ ਆਟੋਵਾਲੇ ਘੱਟ ਹੀ ਚਲਦੇ ਨੇ ਤੇ ਜਾਣ ਨੂੰ ਤਿਆਰ ਹੋ ਵੀ ਜਾਣ ਤਾਂ ਮੀਟਰ ਰੈਡਿੰਗ ਤੋਂ ਕੀਤੇ ਜਾਇਦਾ ਪੈਸੇ ਮੰਗਦੇ ਨੇ l

ਹੁਣ ਕਦੇ ਕਦੇ ਸੋਚਦਾ ਹਾਂ ਕਿ ਉਹ ਦਿਨ ਕੁਛ ਖਾਸ ਹੀ ਸੀ ਹਾਲਾਂਕਿ ਨਵੰਬਰ ਚ ਅੱਜ ਕਲ ਜਾਇਦਾ ਠੰਡ ਨਹੀਂ ਹੁੰਦੀ ਪਰ ਓਹ ਦਿਨ ਆਮ ਨਾਲੋਂ ਕੁਝ ਜਾਇਦਾ ਹੀ ਠੰਡਾ ਸੀ ਤੇ ਸ਼ਨੀਵਾਰ ਹੋਣ ਕਰਕੇ ਟ੍ਰੈਫਿਕ ਵੀ ਘੱਟ ਸੀ l ਮੈਂ ਆਲਾ ਦੁਆਲਾ ਦੇਖ ਕੇ ਆਪਣੇ ਸਫ਼ਰ ਦਾ ਅਨੰਦ ਮਾਨ ਰਿਹਾ ਸੀ ਕਿ ਘਰੋਂ ਪਿਤਾ ਜੀ ਦਾ ਫੋਨ ਆਇਆ ਤੇ ਹੁਣ ਮੈਂ ਓਹਨਾ ਨਾਲ ਪੰਜਾਬੀ ਚ ਗੱਲ ਬਾਤ ਕਰਨ ਲਗਾ l ਦੋ ਚਾਰ ਮਿੰਟ ਓਹਨਾ ਨੇ ਹਾਲ ਚਾਲ ਪੁੱਛ ਕੇ ਫੋਨ ਰੱਖ ਦਿੱਤਾ l ਜਦੋ ਦਾ ਮੈਂ ਘਰੋਂ ਦੂਰ ਰਹਿਣ ਲਗਾ ਇਹ ਸਾਡਾ ਦੋਨਾਂ ਦਾ ਨਿਯਮ ਹੀ ਬਣ ਗਿਆ ਕਿ ਸਵੇਰੇ ਪਿਤਾ ਜੀ ਫੋਨ ਕਰਦੇ ਨੇ ਤੇ ਰਾਤੀ ਫੋਨ ਕਰਨ ਦੀ ਮੇਰੀ ਵਾਰੀ ਹੁੰਦੀ ਹੈ ਚਾਹੇ ਦਿਨ ਚ ਅਸੀਂ 10 ਵਾਰੀ ਗੱਲ ਕਰੀਏ ਪਰ ਇਸ ਨਿਯਮ ਦੀ ਪਾਲਣਾ ਅਸੀਂ ਦੋਨੇ ਦਿਲੋਂ ਕਰਦੇ ਹਾਂ l

ਜ਼ਿੰਦਗੀ ਚ ਤੁਸੀਂ ਜਰੂਰ ਸੁਣਿਆ ਹੋਣਾ ਕਿ ਪੰਜਾਬੀ ਜਾਣ ਪਛਾਣ ਕੱਢੇ ਬਿਨਾ ਅੱਗੇ ਨਹੀਂ ਤੁਰਦੇ ਤੇ ਉਹ ਜਾਨ ਪਛਾਣ ਕੱਢਣ ਦੀ ਕੋਸ਼ਿਸ਼ ਐਵੇ ਕਰਦੇ ਨੇ ਜਿਵੇ ਕੁੰਭ ਦੇ ਮੇਲੇ ਚ ਵਿਛੜਿਆਂ ਹੋਇਆ ਭਰਾ ਓਹਨਾ ਅੱਜ ਹੀ ਲੱਭਣਾ ਹੁੰਦਾ ਹੈ l ਇਸ ਵਾਰ ਇਹ ਕੋਸ਼ਿਸ਼ ਆਟੋ ਵਾਲੇ ਸਰਦਾਰ ਜੀ ਨੇ ਕੀਤੀ ਤੇ ਮੇਰੇ ਕੋਲੋਂ ਮੇਰੇ ਵਾਰੇ ਪੁੱਛਣ ਲਗੇ ਕਿ ਮੈਂ ਕਿਥੋਂ ਦਾ ਹਾਂ, ਕੀ ਕਰਦਾ ਹਾਂ, ਦਿੱਲੀ ਕਦੋ ਦਾ ਹਾਂ l

ਮੈਂ ਓਹਨੂੰ ਦੱਸਿਆ ਕਿ ਮੈਂ ਗੁਰੂ ਨਾਨਕ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਤੋਂ ਹਾਂ ਤੇ ਪਿਛਲੇ 5-6 ਸਾਲਾਂ ਤੋਂ ਦਿੱਲੀ ਚ ਨੌਕਰੀ ਕਰ ਰਿਹਾ ਹਾਂ l ਫੇਰ ਮੈਂ ਓਹਨੂੰ ਆਪਣੇ ਵੱਡੇ ਵਡੇਰੇ ਬਾਬਾ ਮਹੇਸ਼ ਦਾਸ ਧੀਰ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਪਰਿਵਾਰ ਤੇ ਗੁਰੂ ਅਮਰਦਾਸ ਜੀ ਦੀ ਕਿੰਨੀ ਮੇਹਰ ਰਹੀ ਹੈ l ਹੁਣ ਮੈਂ ਜਦੋ ਸਰਦਾਰ ਜੀ ਕੋਲੋਂ ਓਹਨਾ ਬਾਰੇ ਪੁੱਛਿਆ ਤਾਂ ਸਰਦਾਰ ਜੀ ਨੇ ਦੱਸਿਆ ਕਿ ਕਿਵੇਂ ਉਸਦੇ ਘਰਦੇ ਪਾਕਿਸਤਾਨ ਬਣਨ ਤੇ ਦਿੱਲੀ ਆਏ ਤੇ ਕਿੰਨੀਆਂ ਮੁਸ਼ਿਕਲਾਂ ਝੱਲ ਕੇ ਦਿੱਲੀ ਸੈਟਲ ਹੋਏ l ਐਨੇ ਚਿਰ ਤੋਂ ਆਪਣੇ ਪੁਸ਼ਤੈਨੀ ਘਰ ਤੋਂ ਦੂਰ ਰਹਿਣ ਕਰਕੇ ਇਹ ਗੱਲ ਤਾ ਮੈਨੂੰ ਸਮਝ ਆ ਚੁੱਕੀ ਹੈ ਕਿ  ਜਿਸ ਮਿੱਟੀ ਚ ਤੁਸੀਂ ਪੈਦਾ ਹੋਏ, ਜਿਹੜੇ ਘਰ ਚ ਤੁਸੀਂ ਖੇਲੇ, ਵੱਡੇ ਹੋਏ ਉਸਨੂੰ ਛੱਡ ਕੇ ਆਣਾ ਬਹੁਤ ਮੁਸ਼ਕਿਲ ਹੁੰਦਾ l ਮੈਂ ਤਾਂ ਮਹੀਨੇ ਚ ਇਕ ਦੋ ਵਾਰੀ ਘਰ ਚਲਾ ਹੀ ਜਾਂਦਾ ਹਾਂ ਤੇ ਮਾਤਾ ਪਿਤਾ ਜੀ ਕੋਲੋਂ ਵਿਦਾ ਲੈ ਜਦੋ ਓਹਨਾ ਵਾਲ ਪਿੱਠ ਕਰਦਾ ਹਾਂ ਤਾ ਬੜੀ ਮੁਸ਼ਕਿਲ ਨਾਲ ਅਥਰੂ ਰੋਕਦਾ ਹਾਂ l ਧੰਨ ਨੇ ਉਹ ਜੋ ਕਾਗ਼ਜ਼ ਤੇ ਵੱਜੀ ਲਕੀਰ ਕਰਕੇ ਆਪਣਾ ਘਰ ਬਾਰ ਕਾਰੋਬਾਰ ਸੱਭ ਛੱਡ ਕੇ ਲਕੀਰ ਦੇ ਇਸ ਬੰਨੇ ਆ ਗਏ ਤੇ ਕਦੀ ਆਪਣੀ ਜਨਮਭੂਮੀ ਨਾ ਪਰਤ ਸਕੇ l ਧੰਨ ਹੋਂਸਲਾ ਹੈ ਅਜਿਹੇ ਬੰਦਿਆ ਦਾ! ਕਿਵੇਂ ਦਿਲ ਤੇ ਪੱਥਰ ਰੱਖ ਕੇ ਨਵੀ ਜਗਹ ਤੇ ਘੋਂਸਲਾ ਬਣਾਇਆ ਹੋਵੇਗਾ ?

ਅਸੀਂ ਤੈਮੂਰ ਨਗਰ ਦੇ ਕੋਲ ਸੀ ਜਦੋ ਓਹਨੇ ਮੈਨੂੰ ਪੁੱਛਿਆ ਕਿ ਕੀ ਜਾਣਦੇ ਹੋ 30 ਵਰੇ ਪਹਿਲਾ ਅੱਜ ਦੇ ਦਿਨ ਕੀ ਘਟਨਾ ਵਾਪਰੀ ਸੀ l ਮੈਂ ਸੋਚਿਆ ਪਰ ਕੁਝ ਯਾਦ ਨਹੀਂ ਆਇਆ ਤਾ ਓਹਨੇ ਦੱਸਿਆ ਕਿ ਅੱਜ ਤੋਂ 30 ਵਰੇ ਪਹਿਲਾ ਇਕ ਵੱਡਾ ਸਾਰਾ ਦਰੱਖਤ ਡਿਗਿਆ ਸੀ ਤੇ ਉਸਦੀ ਧਮਕ ਦਿੱਲੀ ਦੇ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਨਾਲ ਨਾਲ ਉਸਦੀ ਕਲੋਨੀ ਤਿਰ੍ਲੋਕਪੁਰੀ ਤੱਕ ਪਈ ਸੀ l ਉਸ ਵੱਡੇ ਸਾਰੇ ਦਰੱਖਤ ਦੀ ਛਾਂ ਹੇਠਾਂ ਰਹਿੰਦੇ ਕੁਝ ਵਹਿਸ਼ੀ ਦਰਿੰਦਿਆਂ ਨੇ ਸਿੱਖਾਂ ਨੂੰ ਘਰਾਂ ਚੋ ਕੱਢ ਕੱਢ ਕੇ ਕਿਵੇਂ ਮਾਰਿਆ ਤੇ ਉਸੇ ਮਾਰ ਕੱਟ ਚ ਉਸਦੇ ਪਿਤਾ ਜੀ ਨੂੰ ਵੀ ਮੌਤ ਹੋ ਗਈ l ਪਰ ਮਰਨ ਤੋਂ ਪਹਿਲਾ ਉਸਦੇ ਪਿਤਾ ਨੇ ਉਸਦੇ ਕੇਸ਼ ਕੱਟ ਦਿਤੇ ਤਾ ਕੀ ਉਹ ਜ਼ਿੰਦਾ ਰਹਿ ਸਕੇ l ਜੋ ਕੰਮ ਔਰੰਗਜ਼ੇਬ ਨਾ ਕਰਵਾ ਸਕਿਆ ਉਹ ਕੁਝ ਅਖੌਤੀ ‘ਹਿੰਦੁਸਤਾਨੀਆਂ’ ਨੇ ਕਰਵਾ ਦਿੱਤਾ l ਮੈਂ ਆਟੋ ਦੇ ਸ਼ੀਸ਼ੇ ਚੋ ਓਹਨੂੰ ਦੇਖਿਆ ਤਾ ਮੈਨੂੰ ਓਹਦੀਆਂ ਅੱਖਾਂ ਚ ਹੰਝੂ ਦਿਖੇ ਤਾ ਮੈਂ ਉਸਨੂੰ ਆਟੋ ਰੋਕਣ ਲਈ ਕਿਹਾ l ਜਿਦਾ ਹੀ ਉਸਨੇ ਆਟੋ ਰੋਕਿਆ ਮੈਂ ਆਟੋ ਤੋਂ ਬਾਹਰ ਆਇਆ ਤੇ ਉਸਨੂੰ ਵੀ ਬਾਹਰ ਆਣ ਲਈ ਕਿਹਾ l ਆਪਣੇ ਅਥਰੂ ਪੂੰਝ ਕੇ ਝਿਜਕਦਾ ਹੋਇਆ ਉਹ ਜਿਦਾ ਹੀ ਬਾਹਰ ਆਇਆ ਮੈਂ ਓਹਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਸਦੇ ਨਾਲ ਜੋ ਵਾਪਰਿਆ ਉਸ ਲਈ ਮਾਫੀ ਮੰਗੀ ਤੇ ਇਸਨੂੰ ਰੱਬ ਦਾ ਭਾਣਾ ਸਮਜ ਕੇ ਮੰਨਣ ਦਾ ਹੋਂਸਲਾ ਦਿਤਾ l ਇਸਤੋਂ ਵੱਧ ਮੈਨੂੰ ਕੁਝ ਸਮਝ ਨਹੀਂ ਆਇਆ ਹਾਲਾਂਕਿ ਚੱਲ ਤਾ ਬਹੁਤ ਕੁਝ ਰਿਹਾ ਸੀ ਦਿਮਾਗ ਵਿੱਚ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਉਸ ਸਰਦਾਰ ਜੀ ਕੋਲੋਂ ਪੁੱਛਣ ਦੀ ਕੀ ਇਹ ਹਿੰਦੁਸਤਾਨੀ ਕੌਣ ਨੇ? ਕੀ ਅਸੀਂ ਹਿੰਦੁਸਤਾਨੀ ਨਹੀਂ ਹਾਂ ? ਜਿਸ ਕੌਮ ਨੇ ਹਿੰਦੁਸਤਾਨ ਆਜ਼ਾਦ ਕਰਵਾਓਣ ਲਈ ਸਬ ਤੋਂ ਵੱਧ ਕੁਰਬਾਨੀਆਂ ਦਿਤੀਆਂ ਜੇ ਉਹ ਹਿੰਦੁਸਤਾਨੀ ਨਹੀਂ ਤਾਂ ਫਿਰ ਹਿੰਦੁਸਤਾਨੀ ਕੌਣ ਨੇ? ਪਰ ਮੈਨੂੰ ਜਾਪਿਆ ਜਿਵੇ ਮੇਰੇ ਸ਼ਬਦਕੋਸ਼ ਚੋ ਸ਼ਬਦ ਖਤਮ ਹੋ ਗਏ ਹੋਣ l ਬਾਕੀ ਦੇ ਪੂਰੇ ਰਸਤੇ ਅਸੀਂ ਦੋਨਾਂ ਮੌਣ ਹੀ ਰਹੇ l ਸ਼ਾਇਦ ਉਹ ਇਸ ਲਈ ਮੌਣ ਸੀ ਕਿਉਕਿ ਉਸਦੇ ਅਥਰੂ ਕਿਸੇ ਦੇ ਸਾਮਣੇ ਨਿਕਲੇ ਸੀ ਤੇ ਕਿਹਾ ਜਾਂਦਾ ਹੈ ਕਿ ਸਰਦਾਰਾਂ ਨੂੰ ਰੋਣਾ ਤੇ ਭੀਖ ਮੰਗਣਾ ਉਹਨਾਂ ਦੀਆ ਮਾਵਾਂ ਨਹੀਂ ਸਿਖਾਉਂਦੀਆਂ ਅਤੇ ਮੈਂ ਮੌਣ ਸੀ ਕਿਉਕਿ ਮੈਂ ਆਪਣੇ ਹੀ ਸਵਾਲਾਂ ਵਿੱਚ ਉਲਜਿਆ ਹੋਇਆ ਸੀ l ਖੈਰ ਥੋੜੀ ਦੇਰ ਚ ਅਸੀਂ ਬਦਰਪੁਰ ਪਹੁੰਚੇ ਤੇ ਮੈਂ ਸਰਦਾਰ ਜੀ ਨੂੰ ਭਾੜੇ ਦੇ ਪੈਸੇ ਦਿਤੇ ਤੇ ਸਰਦਾਰ ਜੀ ਕੋਲੋਂ ਵਿਦਾ ਲਈ l

ਇਸ ਵਾਕਏ ਨੂੰ ਵਾਪਰਿਆ ਤਕਰੀਬਨ 3 ਵਰੇ ਹੋ ਗਏ ਨੇ ਤੇ ਉਹ ਆਟੋ ਵਾਲੇ ਸਰਦਾਰ ਜੀ ਮੈਨੂੰ ਹੱਲੇ ਵੀ ਕਦੀ ਕਦੀ ਮਿਲ ਜਾਂਦੇ ਨੇ ਤੇ ਹਰ ਬਾਰ ਅਸੀਂ ਜੱਫੀ ਪਾ ਕੇ ਮਿਲਦੇ ਹਾਂ l ਮੈਂ ਬਹੁਤ ਵਾਰੀ ਸੋਚਦਾ ਹਾਂ ਕੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸਿੰਘ ਨਾ ਹੁੰਦੇ ਤਾ ਕੀ ਹਿੰਦੁਸਤਾਨ ਹੱਲੇ ਵੀ ਹਿੰਦੁਸਤਾਨ ਹੁੰਦਾ? ਇਹ ਦਿੱਲੀ ਹਾਲੇ ਵੀ ਹਿੰਦੁਸਤਾਨ ਹੀ ਹੁੰਦੀ? ਉਸ ਮੰਦਭਾਗੇ ਦਿਨ ਗੁਰੂ ਦੇ ਕਿੰਨੇ ਲਾਲ ਸ਼ਹੀਦ ਹੋਏ ਕਿੰਨੇ ਬੱਚਿਆਂ ਨੂੰ ਮਾਰਿਆ ਗਿਆ ਮੈਂ ਨਹੀਂ ਜਾਣਦਾ l ਸ਼ਾਇਦ ਕੁਝ ਸਵਾਲ ਸਵਾਲ ਹੀ ਰਹਿ ਜਾਂਦੇ ਨੇ l ਹਾਂ! ਕਦੇ ਕਦੇ ਮਨ ਜਰੂਰ ਕਰਦਾ ਕਿ ਆਉਂਦੀ 30 ਨਵੰਬਰ ਨੂੰ ਮੈਂ ਵੀ ਕਟਾਰ ਲੈ ਕੇ ਘਰੋਂ ਬਾਹਰ ਨਿਕਲਾ ਤੇ ਆਪਣੇ ਆਪਨੂੰ ਕਟਾਰ ਮਾਰ ਮਾਰ ਕੇ ਕਹਾ ' ਹਾਇ ਦਿੱਲੀ ਦੇ ਸਿੱਖੋ ਕਾਸ਼ ਮੈਂ ਤੁਹਾਡੇ ਨਾਲ ਹੁੰਦਾ l