ਛੋਟਾ ਜਿਹਾ ਸੀ ਜਦੋ ਮੇਰੀ ਮਾਂ ਨੇ ਮੈਨੂੰ ਇਕ ਰਾਜੇ ਕਿ ਕਹਾਣੀ ਸੁਣਾਈ ਸੀ l ਉਹ ਰਾਜਾ ਆਪਣੇ ਲੋਕਾਂ ਦੀ ਭਲਾਈ ਲਈ ਬਹੁਤ ਕੋਸ਼ਿਸ਼ ਕਰਦਾ ਸੀ ਤੇ ਸਾਰਾ ਦਿਨ ਇਸੀ ਚਿੰਤਾ ਵਿੱਚ ਰੁਝਿਆ ਰਹਿੰਦਾ l ਇਕ ਦਿਨ ਉਹ ਆਪਣੇ ਰਾਜ ਦੇ ਦੂਜੇ ਕੋਨੇ ਚ ਇਕ ਪਿੰਡ ਜਾ ਉਥੇ ਵਿਕਾਸ ਕਾਰਜ ਦੇਖ ਥੱਕਿਆ ਹੋਇਆ ਆਪਣੇ ਮਹਿਲ ਮੁੜਿਆ ਤੇ ਜ਼ਿਆਦਾ ਥੱਕੇ ਹੋਣ ਕਰਕੇ ਜਲਦੀ ਸੌ ਗਿਆ l ਰਾਤੀ ਸੁੱਤਿਆ ਰਾਜੇ ਨੂੰ ਇਕ ਸੁਪਨਾ ਆਇਆ ਕਿ ਉਸਦੇ ਸਿਰ ਚੰਨ ਦੀ ਗੌਦੀ ਵਿੱਚ ਹੈ ਤੇ ਸੂਰਜ ਉਸਦੀ ਛਾਤੀ ਤੇ ਚਮਕ ਰਿਹਾ ਹੈ l ਇਹ ਅਜੀਬ ਸੁਪਨਾ ਦੇਖਕੇ ਰਾਜੇ ਦੀ ਜਾਗ ਅਜਿਹੀ ਖੁਲਦੀ ਹੈ ਕਿ ਬਾਕੀ ਦੀ ਰਾਤ ਉਸਨੂੰ ਨੀਂਦ ਨਹੀਂ ਆਓਂਦੀ l ਸਵੇਰ ਹੁੰਦੇ ਸਾਰ ਹੀ ਉਸਨੇ ਆਪਣੇ ਵਜੀਰਾਂ ਨੂੰ ਬੁਲਾ ਕੇ ਆਪਣਾ ਸੁਪਨਾ ਉਹਨਾਂ ਨੂੰ ਸੁਣਾ ਕੇ ਆਪਣੇ ਸੁਪਨੇ ਦਾ ਮਤਲਬ ਪੁੱਛਦਾ ਹੈ l ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੇ ਵਜ਼ੀਰ ਸੁਪਨੇ ਨੂੰ ਸਮਝ ਨਹੀਂ ਪਾਉਂਦੇ l ਉਹ ਹੈਰਾਨ ਹੁੰਦੇ ਨੇ ਕਿ ਸੂਰਜ ਤੇ ਚੰਨ ਇਕ ਹੀ ਵੇਲੇ ਨਜ਼ਰ ਆ ਹੀ ਕਿਵੇਂ ਸਕਦੇ ਨੇ l
ਕਾਫੀ ਦੇਰ ਕੋਸ਼ਿਸ਼ ਕਰਨ ਮਗਰੋਂ ਜਦੋ ਵਜ਼ੀਰ ਹਾਰ ਮੰਨ ਲੈਂਦੇ ਨੇ ਤਾ ਰਾਜਾ ਘੋਸ਼ਣਾ ਕਰਵਾ ਦਿੰਦਾ ਹੈ ਕਿ ਜੋ ਵੀ ਕੋਈ ਉਸਦੇ ਸਪਨੇ ਦਾ ਮਤਲਬ ਉਸਨੂੰ ਸਮਝਾਏਗਾ ਰਾਜਾ ਉਸਨੂੰ ਹੀਰੇ ਜਵਾਰਾਤ ਨਾਲ ਮਾਲੋਮਾਲ ਕਰ ਦੇਵੇਗਾ l ਕਾਫੀ ਸਮਾਂ ਨਿਕਲ ਜਾਂਦਾ ਹੈ ਪਰ ਉਸਦੇ ਸੁਪਨੇ ਦਾ ਮਤਲਬ ਕਿਸੇ ਦੇ ਸਮਝ ਨਹੀਂ ਆਓਂਦਾ l ਇਕ ਦਿਨ ਰਾਜੇ ਨੂੰ ਖਿਆਲ ਆਓਂਦਾ ਹੈ ਕਿ ਉਹ ਆਪਣੇ ਸਵਰਗਵਾਸੀ ਪਿਤਾ ਦੇ ਵਜ਼ੀਰ ਨੂੰ ਕਿਉਂ ਨਾ ਮਿਲੇ ਸ਼ਾਇਦ ਉਹ ਉਸਨੂੰ ਸੁਪਨੇ ਦਾ ਮਤਲਬ ਸਮਝਾ ਸਕਣ ਤੇ ਉਹ ਆਪਣਾ ਰੱਥ ਲੈ ਕੇ ਬਜ਼ੁਰਗ ਵਜ਼ੀਰ ਨੂੰ ਮਿਲਣ ਚਲਾ ਜਾਂਦਾ ਹੈ l
ਉਹ ਵਜ਼ੀਰ ਸਨਿਆਸ ਲੈ ਕੇ ਬਹੁਤ ਦੂਰ ਜੰਗਲ ਵਿੱਚ ਰਹਿੰਦਾ ਸੀ ਤੇ ਉਥੋਂ ਦਾ ਰਸਤਾ ਵੀ ਬੜਾ ਮੁਸ਼ਕਿਲ ਸੀ l ਬਹੁਤ ਸਾਰੀਆਂ ਮੁਸ਼ਿਕਲਾਂ ਦਾ ਸਾਹਮਣਾ ਕਰਦਾ ਰਾਜਾ ਉਸ ਬਜ਼ੁਰਗ ਵਜ਼ੀਰ ਕੋਲ ਪਹੁੰਚ ਜਾਂਦਾ ਹੈ ਤੇ ਉਸਨੂੰ ਦੁਆ ਸਲਾਮ ਕਰਕੇ ਆਪਣੇ ਆਉਣ ਦਾ ਕਾਰਨ ਦੱਸਦਾ ਹੈ ਤੇ ਆਪਣਾ ਸੁਪਨਾ ਉਸਨੂੰ ਕਹਿ ਸੁਣਾਉਂਦਾ ਹੈ l ਬਜ਼ੁਰਗ ਵਜ਼ੀਰ ਹੱਸਦਾ ਹੈ ਤੇ ਰਾਜੇ ਨੂੰ ਜਵਾਬ ਦਿੰਦਾ ਹੈ ਕਿ ਤੁਸੀਂ ਆਪਣੇ ਸੁਪਨੇ ਚ ਆਪਣੀ ਚੰਨ ਵਰਗੀ ਰਾਣੀ ਤੇ ਸੂਰਜ ਦੇ ਤੇਜ ਵਰਗਾ ਬੱਚਾ ਦੇਖਿਆ ਹੈ ਤੇ ਤੁਸੀਂ ਆਪਣਾ ਸਿਰ ਰਾਣੀ ਦੀ ਗੋਦ ਚ ਰੱਖ ਕੇ ਆਪਣੇ ਬੱਚੇ, ਜੋ ਕਿ ਤੁਹਾਡੀ ਛਾਤੀ ਤੇ ਬੈਠਾ ਹੈ, ਨਾਲ ਖੇਡ ਰਹੇ ਹੋ l ਤੇ ਹੁਣ ਉਹ ਸਮਾਂ ਆ ਗਿਆ ਹੈ ਕਿ ਤੁਹਾਡਾ ਸੁਪਨਾ ਪੂਰਾ ਹੋਵੇ ਤੇ ਤੁਸੀਂ ਹੁਣ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕਰੋ l ਰਾਜਾ ਉੱਤਰ ਸੁਣ ਕੇ ਖੁਸ਼ ਜੋ ਜਾਂਦਾ ਹੈ ਤੇ ਬਜ਼ੁਰਗ ਵਜ਼ੀਰ ਨੂੰ ਬਹੁਤ ਸਾਰੇ ਹੀਰੇ ਜਵਾਰਤ ਦਿੰਦਾ ਹੈ ਪਰ ਬਜ਼ੁਰਗ ਵਜ਼ੀਰ ਉਹ ਸਾਰੇ ਹੀਰੇ ਜਵਾਰਤ ਲੋਕ ਸੇਵਾ ਲਈ ਰਾਜੇ ਨੂੰ ਵਾਪਿਸ ਕਰ ਦਿੰਦਾ ਹੈ l ਬਜ਼ੁਰਗ ਵਜ਼ੀਰ ਦਾ ਧੰਨਵਾਦ ਕਰ ਰਾਜਾ ਮੁੜ ਆਪਣੀ ਰਾਜਧਾਨੀ ਆ ਜਾਂਦਾ ਹੈ ਤੇ ਆਪਣੀ ਪ੍ਰਜਾ ਦੇ ਭਲੇ ਲਈ ਕੰਮ ਵਿਚ ਫਿਰ ਰੁਝ ਜਾਂਦਾ ਹੈ ਤੇ ਸਮੇਂ ਦੇ ਨਾਲ ਰਾਜਾ ਇਕ ਹੋਰ ਦੇਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲੈਂਦਾ ਹੈ l ਤੇ ਥੋੜੇ ਚਿਰ ਪਿੱਛੋਂ ਉਸ ਰਾਜੇ ਦੇ ਘਰ ਬੱਚਾ ਜਨਮ ਲੈਂਦਾ ਹੈ ਤੇ ਜਦੋ ਰਾਜਾ ਰਾਣੀ ਦੀ ਗੋਦ ਵਿਚ ਸਿਰ ਰੱਖਕੇ ਆਪਣੇ ਬੱਚੇ ਨੂੰ ਚੁੱਕਦਾ ਹੈ ਤਾਂ ਉਸਨੂੰ ਆਪਣਾ ਸੁਪਨਾ ਸੱਚ ਹੋ ਗਿਆ ਜਾਪਦਾ ਹੈ l
ਇਹ ਕਹਾਣੀ ਸੁਨਣ ਤੋਂ ਬਾਅਦ ਜਦੋ ਮੈਂ ਸੌਣ ਲਈ ਆਪਣੀਆਂ ਅੱਖਾਂ ਮੀਚੀਆਂ ਤਾਂ ਇਹ ਸੁਪਨਾ ਮੈਂ ਆਪਣੀ ਅੱਖਾਂ ਨਾਲ ਦੇਖਿਆ ਫਰਕ ਸਿਰਫ ਇਨ੍ਹਾਂ ਸੀ ਕਿ ਰਾਜੇ ਦੀ ਜਗਹ ਮੈਂ ਲੈ ਲਈ ਸੀ l ਜਿਵੇ ਜਿਵੇ ਮੈਂ ਵੱਡਾ ਹੁੰਦਾ ਗਿਆ ਇਹ ਸੁਪਨਾ ਮੇਰੇ ਚ ਐਵੇਂ ਘਰ ਕਰ ਗਿਆ ਜਿਵੇ ਉਹ ਸੁਪਨਾ ਰਾਜੇ ਦਾ ਨਹੀਂ ਬਲਕਿ ਮੇਰਾ ਖੁਦ ਦਾ ਹੋਵੇ l ਸਮਾਂ ਬੀਤਣ ਤੇ ਮੇਰਾ ਚੰਨ ਮੇਰੀ ਜ਼ਿੰਦਗੀ ਚ ਆ ਗਿਆ l ਮੈਂ ਆਪਣੇ ਚੰਨ ਦੀ ਗੋਦ ਚ ਸਿਰ ਰੱਖ ਕੇ ਉਸਨੂੰ ਰਾਜੇ ਦੀ ਕਹਾਣੀ ਤੇ ਆਪਣਾ ਸੁਪਨਾ ਸੁਣਾਇਆ ਤੇ ਉਸੇ ਦਿਨ ਤੋਂ ਉਹ ਸੁਪਨਾ ਹੁਣ ਸਾਡੇ ਦੋਨਾਂ ਦਾ ਸੁਪਨਾ ਬਣ ਗਿਆ ਤੇ ਅਸੀਂ ਦੋਨਾਂ ਨੇ ਆਪਣੇ ਸੂਰਜ ਦੀ ਵਾਟ ਦੇਖਣੀ ਕਿ ਉਹ ਕਦੋ ਆਵੇਗਾ ਤੇ ਸਾਡਾ ਸੁਪਨਾ ਪੂਰਾ ਹੋਵੇਗਾ l
ਇਕ ਦਿਨ ਜਦੋ ਮੈਂ ਕੰਮ ਤੋਂ ਵਾਪਿਸ ਘਰ ਆਇਆ ਤਾਂ ਮੇਰੇ ਚੰਨ ਨੇ ਮੈਨੂੰ ਦੱਸਿਆ ਕਿ ਕੁਝ ਮਹੀਨਿਆਂ ਬਾਅਦ ਮੇਰਾ ਸੁਪਨਾ ਸੁਪਨਾ ਨਹੀਂ ਬਲਕਿ ਹਕੀਕਤ ਬਣ ਜਾਏਗਾ l ਉਸ ਦਿਨ ਮੈਨੂੰ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਸੀ ਤੇ ਐਨਾ ਖੁਸ਼ ਮੈਂ ਸ਼ਾਇਦ ਹੀ ਕਦੀ ਹੋਇਆ ਹੋਵਾਂਗਾ l 'ਕੁਝ ਦਿਨਾਂ ਦੀ ਤਾਂ ਗੱਲ ਹੈ ਤੇ ਮੇਰਾ ਸੁਪਨਾ ਪੂਰਾ ਹੋ ਜਾਣਾ ਤੇ ਮੈਂ ਆਪਣੇ ਚੰਨ ਦੀ ਗੋਦ ਚ ਸਿਰ ਰੱਖ ਕੇ ਆਪਣੇ ਸੂਰਜ ਨੂੰ ਖਿਡਾਇਆ ਕਰਨਾ' ਮੈਂ ਹਰ ਰੋਜ਼ ਸੋਚਣਾ l ਕਦੀ ਕਦੀ ਸੁੱਤਿਆ ਮੇਰੇ ਹੱਥ ਉੱਪਰ ਨੂੰ ਐਦਾਂ ਉੱਠ ਜਾਣੇ ਜਿਵੇਂ ਮੈਂ ਸੱਚੀ ਆਪਣੇ ਸੂਰਜ ਨੂੰ ਖਿਡ੍ਹਾ ਰਿਹਾ ਹੋਵਾਂ l ਇਕ ਅਜੇਹੀ ਰਾਤ ਸੁੱਤਿਆ ਮੈਨੂੰ ਸੁਪਨਾ ਆਇਆ ਕਿ ਰਾਹੂ ਤੇ ਕੇਤੂ ਮੇਰੇ ਕੋਲੋਂ ਮੇਰਾ ਸੂਰਜ ਤੇ ਮੇਰਾ ਚੰਨ ਖੋ ਕੇ ਲੈ ਜਾ ਰਹੇ ਨੇ ਤੇ ਮੈਂ ਉਹਨਾਂ ਦੀਆਂ ਬੜੀਆਂ ਮਿਨਤਾਂ ਕੀਤੀਆਂ ਬੜੇ ਤਰਲੇ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਏ l ਮੈਂ ਰੱਬ ਦੀ ਦੁਹਾਈ ਪਾਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਇਕ ਨੂੰ ਲੈ ਕੇ ਜਾਣਾ ਹੈ ਨਿਰਣਾ ਮੈਂ ਕਰਨਾ ਕਿ ਮੈਨੂੰ ਮੇਰੇ ਨਾਲ ਕੌਣ ਚਾਹੀਦਾ ਹੈ l ਤੇ ਜਿਵੇਂ ਹੀ ਮੈਂ ਆਪਣੇ ਸੂਰਜ ਦੀ ਬਾਂਹ ਛੱਡ ਆਪਣੇ ਚੰਨ ਨੂੰ ਦੋਨੇਂ ਹੱਥਾਂ ਨਾਲ ਫੱੜ ਘੁੱਟ ਆਪਣੇ ਸੀਨੇ ਨਾਲ ਲਗਾਇਆ ਉਹ ਦੋਹੇਂ ਸੂਰਜ ਨੂੰ ਲੈ ਕੇ ਅਲੋਪ ਹੋ ਗਏ l ਤ੍ਰਭਕ ਕੇ ਜਿਵੇਂ ਹੀ ਮੇਰੀ ਨੀਂਦ ਟੁੱਟੀ ਤਾਂ ਮੈਂ ਦੇਖਿਆ ਕਿ ਸਾਡਾ ਸੂਰਜ ਡੁੱਬ ਚੁੱਕਾ ਹੈ ਤੇ ਹੁਣ ਕਦੇ ਪਰਤ ਕੇ ਨਹੀਂ ਆਵੇਗਾ ਤੇ ਅਧਮੋਇਆ ਜਿਹਾ ਮੇਰਾ ਚੰਨ ਇਸ ਸਦਮੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ l
ਇਸ ਹਾਦਸੇ ਨੂੰ ਵਾਪਰਿਆਂ ਕਈ ਵਰੇ ਨਿਕਲ ਗਏ ਨੇ ਤੇ ਮੇਰਾ ਚੰਨ ਸਹੀ ਸਲਾਮਤ ਮੇਰੇ ਨਾਲ ਹੈ ਤੇ ਮੈਂ ਹੱਥ ਜੋੜ ਰੱਬ ਦਾ ਸ਼ੁਕਰੀਆ ਅਦਾ ਕਰਦਾ ਹਾਂ l ਅਸੀਂ ਦੋਨੋ ਜੀ ਰੱਬ ਦੀ ਮਰਜੀ ਸਵੀਕਾਰ ਕਰ ਚੁਕੇ ਹਾਂ ਤੇ ਉਸਦੀ ਰਜ਼ਾ ਚ ਖੁਸ਼ ਹਾਂ l ਪਰ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਪਤੀ ਪਤਨੀ ਬੱਚੇ ਤੋਂ ਬਿਨਾ ਖੁਸ਼ ਨਹੀਂ ਰਹਿ ਸਕਦੇ ਤੇ ਜੇ ਅਸੀਂ ਦੋਨੇਂ ਜੀ ਕਿਤੇ ਉਹਨਾਂ ਨੂੰ ਮਿਲਦੇ ਹਾਂ ਤਾਂ ਉਹ ਅਸ਼ੀਸ਼ ਐਵੀ ਦਿੰਦੇ ਨੇ ਜਿਵੇਂ ਬੱਚਾ ਨਾ ਹੋਣ ਦਾ ਅਫਸੋਸ ਕਰਦੇ ਹੋਣ l
'ਤੇਰੇ ਕੋਲੋਂ ਕੁਝ ਸਰਦਾ ਨਹੀਂ? ਕਰਲੈ ਹੁਣ ਕੁਛ? ਕਈ ਅਜਿਹੀਆਂ ਟਿੱਚਰਾਂ ਕਰਨ ਤੋਂ ਬਾਜ ਨਹੀਂ ਆਂਦੇ l ਐਦਾ ਨਹੀਂ ਕਿ ਮੈਂ ਉਹਨਾਂ ਦਾ ਮੂੰਹ ਨਹੀਂ ਭੰਨ ਸਕਦਾ ਪਰ ਉਹਨਾਂ ਦੀ ਸੋਚ ਤੇ ਹਾਸਾ ਆਉਂਦਾ ਹੈ ਤੇ ਕਦੇ ਸੋਚਦਾ ਹਾਂ ਕਿ ਰੱਬ ਨਾ ਕਰੇ ਜੇ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਕਿਸੇ ਆਪਣੇ ਨਾਲ ਐਦਾ ਹੋਵੇ ਤਾ ਕੀ ਉਹ ਉਸਨੂੰ ਵੀ ਅਜਿਹੀਆਂ ਟਿੱਚਰਾਂ ਕਰਨਗੇ l ਜਿਵੇਂ ਕੁਝ ਪ੍ਰੀਖਿਆਰਥੀ ਸਲਾਨਾ ਇਮਤਿਹਾਨ ਚ ਸਮਝ ਨਾ ਆਉਣ ਵਾਲੇ ਕਈ ਸਵਾਲਾਂ ਦੇ ਜਵਾਬ ਏਸੀ ਲਈ ਲਿਖਕੇ ਨਹੀਂ ਆਓਂਦੇ ਕਿ ਸ਼ਾਇਦ ਪ੍ਰੀੱਖਿਆ ਪੱਤਰ ਦੀ ਪੜਤਾਲ ਕਰਨ ਵਾਲਾ ਅਧਿਆਪਕ ਤਰਸ ਖਾ ਕੇ ਹੀ ਖਾਲੀ ਪੰਨੇ ਤੇ ਜਵਾਬ ਆਪ ਹੀ ਲਿੱਖ ਦੇਵੇਗਾ ਉਸੇ ਤਰਾਂ ਮੇਰੀ ਜ਼ਿੰਦਗੀ ਦੇ ਪ੍ਰਸ਼ਨ ਪੱਤਰ ਦੇ ਅਣਸੁਲਝੇ ਸਵਾਲਾਂ ਦੇ ਜਵਾਬ ਤਾਂ ਉੱਪਰ ਵਾਲਾ ਹੀ ਦੇਵੇਗਾ l
ਜੇ ਮੈਨੂੰ ਕੋਈ ਸੱਜਣ ਮਿੱਤਰ ਕਹਿੰਦਾ ਹੈ ਕਿ ਫਲਾਣੀ ਥਾਂ ਮੱਥਾ ਟੇਕ ਆਓ ਢਿਮਕਾਣੀ ਥਾਂ ਮੱਥਾ ਟੇਕ ਆਉ ਸ਼ਾਇਦ ਝੋਲੀ ਖੈਰ ਪੈ ਜਾਏ l ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਦੁੱਧ ਤੇ ਪੁੱਤ ਦੀ ਖੈਰ ਮੰਗਕੇ ਨਹੀਂ ਲਈ ਦੀ l ਜੇ ਉਸ ਪਰਮਪਿਤਾ ਨੇ ਦੇਣਾ ਹੈ ਤਾ ਉਸਨੇ ਆਪੇ ਹੀ ਦੇਣਾ ਉਸਦੇ ਦਰ ਸਿਫ਼ਾਰਿਸ਼ ਨਹੀਂ ਚਲਦੀ l ਉਸਨੂੰ ਮੇਰੇ ਤੋਂ ਕਿਤੇ ਵੱਧ ਪਤਾ ਹੈ ਕਿ ਮੇਰੇ ਲਈ ਕੀ ਠੀਕ ਹੈ l
ਕੁਝ ਨਾਮ ਲੇਵਾ ਹੋਣ ਦੀ ਦੁਹਾਈ ਵੀ ਦਿੰਦੇ ਰਹਿੰਦੇ ਨੇ l ਤੇ ਮੈਂ ਤਾਂ ਉਹਨਾਂ ਨੂੰ ਬੱਸ ਇਹੀ ਕਹਿੰਦਾ ਹਾਂ ਕਿ ਜਿਥੋਂ ਤਕ ਰਿਹਾ ਸਵਾਲ ਨਾਮ ਲੇਵੇ ਦਾ ਤਾਂ ਭਗਤ ਸਿੰਘ ਦਾ ਕਿਹੜਾ ਵਿਆਹ ਹੋਇਆ ਸੀ ਯਾ ਉਹਨਾਂ ਦੇ ਬੱਚਾ ਸੀ ਪਰ ਭਗਤ ਸਿੰਘ ਦਾ ਨਾਮ ਰਹਿੰਦੀ ਦੁਨੀਆਂ ਤੱਕ ਬੱਚੇ ਬੱਚੇ ਦੀ ਜ਼ੁਬਾਨ ਤੇ ਰਹੇਗਾ l ਨਾਮ ਤਾਂ ਕਰਮਾਂ ਦਾ ਹੁੰਦਾ l ਜੈ ਚੰਦ ਤੇ ਮੀਰ ਜਾਫ਼ਰ ਵਰਗਿਆਂ ਦੇ ਤਾਂ ਖੁਦ ਦੇ ਬੱਚੇ ਵੀ ਸ਼ਾਇਦ ਉਹਨਾਂ ਦਾ ਨਾਮ ਨਾ ਲੈਣਾ ਪਸੰਦ ਕਰਦੇ ਹੋਣ l

No comments:
Post a Comment