Monday, September 4, 2017

ਮੁਹੱਰਮ


ਕੁਝ ਸਮਾਂ ਪਹਿਲਾ ਦੀ ਗੱਲ ਹੈ ਮੈਂ ਪੁਰਾਣੀ ਦਿੱਲੀ ਕਿਸੇ ਕੰਮ ਲਈ ਗਿਆ ਤੇ ਓਥੇ ਇਕ ਅਜੀਬ ਨਜ਼ਾਰਾ ਦੇਖਿਆ l ਇਕ ਬਹੁਤ ਵੱਡਾ ਜਲੂਸ ਜਿਸ ਚ ਬਹੁਤ ਸਾਰੇ ਬੰਦੇ ਖੂਨੋ ਖੂਨ, ਆਪਣੇ ਆਪ ਨੂੰ ਕਟਾਰਾਂ, ਟੁੱਟੇ ਕੱਚ ਤੇ ਬਲੇਡਾ ਨਾਲ ਮਾਰ ਰਹੇ ਸੀ ਤੇ ਜ਼ੋਰ ਜ਼ੋਰ ਨਾਲ ਚਿੱਲਾ ਰਹੇ ਸੀ ‘ਹਾਏ ਹੁਸੈਨ ਅਗਰ ਹਮ ਹੋਤੇ’ l ਸ਼ਾ ਕਾਲੀ ਸੜਕ ਵੀ ਖੂਨ ਨਾਲ ਸੁਰਖ ਲਾਲ ਹੋ ਗਈ ਸੀ ਪਰ ਉਹ ਲੋਕ ਦੀਵਾਨਿਆਂ ਵਾਂਗ ਆਪਣੇ ਆਪਨੂੰ ਮਾਰੀ ਜਾ ਰਹੇ ਸੀ l ਜਦੋ ਕੁਝ ਸਮਝ ਨਾ ਆਇਆ ਤਾਂ ਆਪਣੇ ਨਾਲ ਖੜੇ ਇਕ ਬੰਦੇ ਨੂੰ ਮੈਂ ਪੁੱਛਿਆ ਕਿ ਇਹ ਲੋਕ ਕੀ ਕਰ ਰਹੇ ਨੇ ਤੇ ਆਪਣੇ ਆਪਨੂੰ ਕਿਊ ਮਾਰ ਰਹੇ ਨੇ ? ਉਸਨੇ ਦੱਸਿਆ ਕਿ ਅੱਜ ਮੁਹੱਰਮ ਹੈ ਜੋ ਕਿ ਸ਼ਹਾਦਤ ਦਾ ਤਿਓਹਾਰ ਹੈ ਤੇ ਮੁਸਲਿਮ ਧਰਮ ਇਸਦਾ ਬੜਾ ਮਹੱਤਵ ਹੈ l ਅੱਜ ਦੇ ਦਿਨ ਪੈਗੰਬਰ ਮੁਹੰਮਦ ਸਾਹਬ ਦੇ ਵਾਰਿਸ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਤੇ ਤਜੀਆ ਕੱਢਿਆ ਜਾਂਦਾ ਹੈ l

ਐਦਾਂ ਦਾ ਕੁਝ ਮੈਂ ਆਪਣੀ ਜ਼ਿੰਦਗੀ ਪਹਿਲੀ ਵਾਰ ਇਹ ਦੇਖਿਆ ਸੀ ਹਾਲਾਂ ਕਿ ਸ਼ਹੀਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਮੈਂ ਬਚਪਨ ਤੋਂ ਸੁਣਦਾ ਰਿਹਾ ਹਾਂ ਪਰ ਕਹਾਣੀ ਕੁਝ ਅਲੱਗ ਸੀ l ਪਹਿਲੀ ਵਾਰ ਮੈਂ ਕਿਸੇ ਕੋਮ ਨੂੰ ਆਪਣੇ ਸ਼ਹੀਦਾਂ ਨੂੰ ਇੰਝ ਯਾਦ ਕਰਦੇ ਹੋਏ ਦੇਖਿਆ ਸੀ ਤੇ ਓਹਨਾ ਦਾ ਮਾਤਮ ਦੀ ਆਵਾਜ਼ ਹੱਲੇ ਵੀ ਮੇਰੇ ਕੰਨਾਂ ਚ ਗੂੰਝਦੀ ਹੈ ਤੇ ਮੇਰੇ ਰੋਂਗਟੇ ਖੜੇ ਹੋ ਜਾਂਦੇ ਨੇ l ਮੈਂ ਕਿੰਨਾ ਚਿਰ ਸੋਚਦਾ ਰਿਹਾ ਕਿ ਜੇ ਇਹ ਸਾਰੇ ਇਮਾਮ ਹੁਸੈਨ ਦੇ ਨਾਲ ਹੁੰਦੇ ਤਾ ਉਹ ਐਦਾਂ ਸ਼ਹੀਦ ਨਾ ਹੁੰਦੇ ਤੇ ਨਾ ਓਹਨਾ ਦਾ 6 ਮਹੀਨੇ ਦਾ ਬੇਟਾ ਹਜ਼ਰਤ ਅਲੀ ਅਸਗ਼ਰ ਤੇ ਨਾ ਹੀ ਓਹਨਾ ਦੇ ਨਾਲ ਦੇ ਹੋਰ 72 ਸਾਥੀ ਸ਼ਹੀਦ ਹੁੰਦੇਮੈਂ ਓਹਨਾ ਬੰਦਿਆ ਦੀ ਦਿਲੇਰੀ ਦੇਖ ਕੇ ਅਸ਼ ਅਸ਼ ਕਰ ਉਠਿਆ l ਜਿਸ ਕੌਮ ਚ ਸ਼ਹੀਦਾਂ ਨੂੰ ਯਾਦ ਰੱਖਿਆ ਜਾਂਦਾ ਹੈ ਉਹ ਕੌਮਾਂ ਬੁਲੰਦੀ ਨੂੰ ਜਰੂਰ ਛੂੰਦੀਆਂ ਨੇ l 

ਇਸ ਘਟਨਾ ਨੇ ਮੇਰੇ ਨਾਲ ਬੀਤੀ ਇਕ ਹੋਰ ਘਟਨਾ ਯਾਦ ਦਿਲਾ ਦਿੱਤੀ ਜੋ ਮੇਰੇ ਨਾਲ ਨਵੰਬਰ 2014 ਨੂੰ ਘਟੀ ਸੀ ਤੇ ਜੋ ਅੱਜ ਵੀ ਮੈਨੂੰ  ਝੰਜੋੜ ਕੇ ਰੱਖ ਦਿੰਦੀ ਹੈ ਤੇ ਅੱਜ ਵੀ ਜਦੋ ਮੈਂ ਉਸਨੂੰ ਯਾਦ ਕਰਦਾ ਹਾਂ ਮੇਰੀਆਂ ਅੱਖਾਂ ਭਰ ਆਉਂਦੀਆਂ ਨੇ l

ਸ਼ਨੀਵਾਰ ਦਾ ਦਿਨ ਸੀ ਤੇ ਮੈਂ ਸਵੇਰੇ ਘਰੋਂ ਤਿਆਰ ਹੋ ਕੇ ਫਰੀਦਾਬਾਦ ਕਿਸੇ ਮੀਟਿੰਗ ਦੇ ਲਈ ਨਿਕਲਿਆ ਤੇ ਮਯੂਰ ਵਿਹਾਰ ਚ ਆਪਣੀ ਕਾਲੋਨੀ ਦੇ ਗੇਟ ਤੱਕ ਪਹੁੰਚਿਆ ਤੇ ਸੋਚਿਆ ਅੱਜ ਮੈਟਰੋ ਚ ਨਹੀਂ ਬਲਕਿ ਆਟੋ ਚ ਜਾਵਾਂਗਾ l ਗੇਟ ਦੇ ਬਾਹਰ ਨਜ਼ਰ ਪਈ ਤੇ ਇਕ ਆਟੋ ਖੜਾ ਦਿਖਿਆ l ਰੱਬ ਦਾ ਸ਼ੁਕਰ ਕਰਕੇ ਮੈਂ ਆਟੋ ਵੱਲ ਵਧਿਆ ਹੀ ਸੀ ਕਿ ਆਟੋ ਵਾਲੇ ਸਰਦਾਰ ਜੀ ਨੇ ਹਿੰਦੀ ਚ ਪੁੱਛਿਆ, ‘ਭਇਆ ਕਹਾਂ ਜਾਓਗੇ’l ਹਾਲਾਂ ਕੇ ਐਨਾ ਚਿਰ ਦਿੱਲੀ ਚ ਰਹਿਣ ਦੇ ਬਾਵਜੂਦ ਮੈਂ ਹਿੰਦੀ ਘੱਟ ਹੀ ਬੋਲਦਾ ਹਾਂ ਪਰ ਉਸ ਦਿਨ ਪਤਾ ਨਹੀਂ ਕਿਊ ਮੈਂ ਉਸਨੂੰ ਹਿੰਦੀ ਚ ਜਵਾਬ ਦਿੱਤਾ, ‘ਬਦਰਪੁਰ ਜਾਣਾ ਹੈ’ ਤੇ ਨਾਲ ਹੀ ਓਹਨੂੰ ਪੁੱਛਿਆ ਕਿ ਮੀਟਰ ਸੇ ਚੱਲੋਗੇ ਤਾ ਓਹਨੇ ਹਾਂ ਕਰ ਦਿੱਤੀ l ਮੈਂ ਖੁਸ਼ੀ ਖੁਸ਼ੀ ਆਟੋ ਬੈਠ ਗਿਆ ਕਿਉਕਿ ਆਮ ਤੋਰ ਤੇ ਮਯੂਰ ਵਿਹਾਰ ਤੋਂ ਬਦਰਪੁਰ ਆਟੋਵਾਲੇ ਘੱਟ ਹੀ ਚਲਦੇ ਨੇ ਤੇ ਜਾਣ ਨੂੰ ਤਿਆਰ ਹੋ ਵੀ ਜਾਣ ਤਾਂ ਮੀਟਰ ਰੈਡਿੰਗ ਤੋਂ ਕੀਤੇ ਜਾਇਦਾ ਪੈਸੇ ਮੰਗਦੇ ਨੇ l

ਹੁਣ ਕਦੇ ਕਦੇ ਸੋਚਦਾ ਹਾਂ ਕਿ ਉਹ ਦਿਨ ਕੁਛ ਖਾਸ ਹੀ ਸੀ ਹਾਲਾਂਕਿ ਨਵੰਬਰ ਚ ਅੱਜ ਕਲ ਜਾਇਦਾ ਠੰਡ ਨਹੀਂ ਹੁੰਦੀ ਪਰ ਓਹ ਦਿਨ ਆਮ ਨਾਲੋਂ ਕੁਝ ਜਾਇਦਾ ਹੀ ਠੰਡਾ ਸੀ ਤੇ ਸ਼ਨੀਵਾਰ ਹੋਣ ਕਰਕੇ ਟ੍ਰੈਫਿਕ ਵੀ ਘੱਟ ਸੀ l ਮੈਂ ਆਲਾ ਦੁਆਲਾ ਦੇਖ ਕੇ ਆਪਣੇ ਸਫ਼ਰ ਦਾ ਅਨੰਦ ਮਾਨ ਰਿਹਾ ਸੀ ਕਿ ਘਰੋਂ ਪਿਤਾ ਜੀ ਦਾ ਫੋਨ ਆਇਆ ਤੇ ਹੁਣ ਮੈਂ ਓਹਨਾ ਨਾਲ ਪੰਜਾਬੀ ਚ ਗੱਲ ਬਾਤ ਕਰਨ ਲਗਾ l ਦੋ ਚਾਰ ਮਿੰਟ ਓਹਨਾ ਨੇ ਹਾਲ ਚਾਲ ਪੁੱਛ ਕੇ ਫੋਨ ਰੱਖ ਦਿੱਤਾ l ਜਦੋ ਦਾ ਮੈਂ ਘਰੋਂ ਦੂਰ ਰਹਿਣ ਲਗਾ ਇਹ ਸਾਡਾ ਦੋਨਾਂ ਦਾ ਨਿਯਮ ਹੀ ਬਣ ਗਿਆ ਕਿ ਸਵੇਰੇ ਪਿਤਾ ਜੀ ਫੋਨ ਕਰਦੇ ਨੇ ਤੇ ਰਾਤੀ ਫੋਨ ਕਰਨ ਦੀ ਮੇਰੀ ਵਾਰੀ ਹੁੰਦੀ ਹੈ ਚਾਹੇ ਦਿਨ ਚ ਅਸੀਂ 10 ਵਾਰੀ ਗੱਲ ਕਰੀਏ ਪਰ ਇਸ ਨਿਯਮ ਦੀ ਪਾਲਣਾ ਅਸੀਂ ਦੋਨੇ ਦਿਲੋਂ ਕਰਦੇ ਹਾਂ l

ਜ਼ਿੰਦਗੀ ਚ ਤੁਸੀਂ ਜਰੂਰ ਸੁਣਿਆ ਹੋਣਾ ਕਿ ਪੰਜਾਬੀ ਜਾਣ ਪਛਾਣ ਕੱਢੇ ਬਿਨਾ ਅੱਗੇ ਨਹੀਂ ਤੁਰਦੇ ਤੇ ਉਹ ਜਾਨ ਪਛਾਣ ਕੱਢਣ ਦੀ ਕੋਸ਼ਿਸ਼ ਐਵੇ ਕਰਦੇ ਨੇ ਜਿਵੇ ਕੁੰਭ ਦੇ ਮੇਲੇ ਚ ਵਿਛੜਿਆਂ ਹੋਇਆ ਭਰਾ ਓਹਨਾ ਅੱਜ ਹੀ ਲੱਭਣਾ ਹੁੰਦਾ ਹੈ l ਇਸ ਵਾਰ ਇਹ ਕੋਸ਼ਿਸ਼ ਆਟੋ ਵਾਲੇ ਸਰਦਾਰ ਜੀ ਨੇ ਕੀਤੀ ਤੇ ਮੇਰੇ ਕੋਲੋਂ ਮੇਰੇ ਵਾਰੇ ਪੁੱਛਣ ਲਗੇ ਕਿ ਮੈਂ ਕਿਥੋਂ ਦਾ ਹਾਂ, ਕੀ ਕਰਦਾ ਹਾਂ, ਦਿੱਲੀ ਕਦੋ ਦਾ ਹਾਂ l

ਮੈਂ ਓਹਨੂੰ ਦੱਸਿਆ ਕਿ ਮੈਂ ਗੁਰੂ ਨਾਨਕ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਤੋਂ ਹਾਂ ਤੇ ਪਿਛਲੇ 5-6 ਸਾਲਾਂ ਤੋਂ ਦਿੱਲੀ ਚ ਨੌਕਰੀ ਕਰ ਰਿਹਾ ਹਾਂ l ਫੇਰ ਮੈਂ ਓਹਨੂੰ ਆਪਣੇ ਵੱਡੇ ਵਡੇਰੇ ਬਾਬਾ ਮਹੇਸ਼ ਦਾਸ ਧੀਰ ਬਾਰੇ ਦੱਸਿਆ ਤੇ ਇਹ ਵੀ ਦੱਸਿਆ ਕਿ ਕਿਵੇਂ ਸਾਡੇ ਪਰਿਵਾਰ ਤੇ ਗੁਰੂ ਅਮਰਦਾਸ ਜੀ ਦੀ ਕਿੰਨੀ ਮੇਹਰ ਰਹੀ ਹੈ l ਹੁਣ ਮੈਂ ਜਦੋ ਸਰਦਾਰ ਜੀ ਕੋਲੋਂ ਓਹਨਾ ਬਾਰੇ ਪੁੱਛਿਆ ਤਾਂ ਸਰਦਾਰ ਜੀ ਨੇ ਦੱਸਿਆ ਕਿ ਕਿਵੇਂ ਉਸਦੇ ਘਰਦੇ ਪਾਕਿਸਤਾਨ ਬਣਨ ਤੇ ਦਿੱਲੀ ਆਏ ਤੇ ਕਿੰਨੀਆਂ ਮੁਸ਼ਿਕਲਾਂ ਝੱਲ ਕੇ ਦਿੱਲੀ ਸੈਟਲ ਹੋਏ l ਐਨੇ ਚਿਰ ਤੋਂ ਆਪਣੇ ਪੁਸ਼ਤੈਨੀ ਘਰ ਤੋਂ ਦੂਰ ਰਹਿਣ ਕਰਕੇ ਇਹ ਗੱਲ ਤਾ ਮੈਨੂੰ ਸਮਝ ਆ ਚੁੱਕੀ ਹੈ ਕਿ  ਜਿਸ ਮਿੱਟੀ ਚ ਤੁਸੀਂ ਪੈਦਾ ਹੋਏ, ਜਿਹੜੇ ਘਰ ਚ ਤੁਸੀਂ ਖੇਲੇ, ਵੱਡੇ ਹੋਏ ਉਸਨੂੰ ਛੱਡ ਕੇ ਆਣਾ ਬਹੁਤ ਮੁਸ਼ਕਿਲ ਹੁੰਦਾ l ਮੈਂ ਤਾਂ ਮਹੀਨੇ ਚ ਇਕ ਦੋ ਵਾਰੀ ਘਰ ਚਲਾ ਹੀ ਜਾਂਦਾ ਹਾਂ ਤੇ ਮਾਤਾ ਪਿਤਾ ਜੀ ਕੋਲੋਂ ਵਿਦਾ ਲੈ ਜਦੋ ਓਹਨਾ ਵਾਲ ਪਿੱਠ ਕਰਦਾ ਹਾਂ ਤਾ ਬੜੀ ਮੁਸ਼ਕਿਲ ਨਾਲ ਅਥਰੂ ਰੋਕਦਾ ਹਾਂ l ਧੰਨ ਨੇ ਉਹ ਜੋ ਕਾਗ਼ਜ਼ ਤੇ ਵੱਜੀ ਲਕੀਰ ਕਰਕੇ ਆਪਣਾ ਘਰ ਬਾਰ ਕਾਰੋਬਾਰ ਸੱਭ ਛੱਡ ਕੇ ਲਕੀਰ ਦੇ ਇਸ ਬੰਨੇ ਆ ਗਏ ਤੇ ਕਦੀ ਆਪਣੀ ਜਨਮਭੂਮੀ ਨਾ ਪਰਤ ਸਕੇ l ਧੰਨ ਹੋਂਸਲਾ ਹੈ ਅਜਿਹੇ ਬੰਦਿਆ ਦਾ! ਕਿਵੇਂ ਦਿਲ ਤੇ ਪੱਥਰ ਰੱਖ ਕੇ ਨਵੀ ਜਗਹ ਤੇ ਘੋਂਸਲਾ ਬਣਾਇਆ ਹੋਵੇਗਾ ?

ਅਸੀਂ ਤੈਮੂਰ ਨਗਰ ਦੇ ਕੋਲ ਸੀ ਜਦੋ ਓਹਨੇ ਮੈਨੂੰ ਪੁੱਛਿਆ ਕਿ ਕੀ ਜਾਣਦੇ ਹੋ 30 ਵਰੇ ਪਹਿਲਾ ਅੱਜ ਦੇ ਦਿਨ ਕੀ ਘਟਨਾ ਵਾਪਰੀ ਸੀ l ਮੈਂ ਸੋਚਿਆ ਪਰ ਕੁਝ ਯਾਦ ਨਹੀਂ ਆਇਆ ਤਾ ਓਹਨੇ ਦੱਸਿਆ ਕਿ ਅੱਜ ਤੋਂ 30 ਵਰੇ ਪਹਿਲਾ ਇਕ ਵੱਡਾ ਸਾਰਾ ਦਰੱਖਤ ਡਿਗਿਆ ਸੀ ਤੇ ਉਸਦੀ ਧਮਕ ਦਿੱਲੀ ਦੇ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਨਾਲ ਨਾਲ ਉਸਦੀ ਕਲੋਨੀ ਤਿਰ੍ਲੋਕਪੁਰੀ ਤੱਕ ਪਈ ਸੀ l ਉਸ ਵੱਡੇ ਸਾਰੇ ਦਰੱਖਤ ਦੀ ਛਾਂ ਹੇਠਾਂ ਰਹਿੰਦੇ ਕੁਝ ਵਹਿਸ਼ੀ ਦਰਿੰਦਿਆਂ ਨੇ ਸਿੱਖਾਂ ਨੂੰ ਘਰਾਂ ਚੋ ਕੱਢ ਕੱਢ ਕੇ ਕਿਵੇਂ ਮਾਰਿਆ ਤੇ ਉਸੇ ਮਾਰ ਕੱਟ ਚ ਉਸਦੇ ਪਿਤਾ ਜੀ ਨੂੰ ਵੀ ਮੌਤ ਹੋ ਗਈ l ਪਰ ਮਰਨ ਤੋਂ ਪਹਿਲਾ ਉਸਦੇ ਪਿਤਾ ਨੇ ਉਸਦੇ ਕੇਸ਼ ਕੱਟ ਦਿਤੇ ਤਾ ਕੀ ਉਹ ਜ਼ਿੰਦਾ ਰਹਿ ਸਕੇ l ਜੋ ਕੰਮ ਔਰੰਗਜ਼ੇਬ ਨਾ ਕਰਵਾ ਸਕਿਆ ਉਹ ਕੁਝ ਅਖੌਤੀ ‘ਹਿੰਦੁਸਤਾਨੀਆਂ’ ਨੇ ਕਰਵਾ ਦਿੱਤਾ l ਮੈਂ ਆਟੋ ਦੇ ਸ਼ੀਸ਼ੇ ਚੋ ਓਹਨੂੰ ਦੇਖਿਆ ਤਾ ਮੈਨੂੰ ਓਹਦੀਆਂ ਅੱਖਾਂ ਚ ਹੰਝੂ ਦਿਖੇ ਤਾ ਮੈਂ ਉਸਨੂੰ ਆਟੋ ਰੋਕਣ ਲਈ ਕਿਹਾ l ਜਿਦਾ ਹੀ ਉਸਨੇ ਆਟੋ ਰੋਕਿਆ ਮੈਂ ਆਟੋ ਤੋਂ ਬਾਹਰ ਆਇਆ ਤੇ ਉਸਨੂੰ ਵੀ ਬਾਹਰ ਆਣ ਲਈ ਕਿਹਾ l ਆਪਣੇ ਅਥਰੂ ਪੂੰਝ ਕੇ ਝਿਜਕਦਾ ਹੋਇਆ ਉਹ ਜਿਦਾ ਹੀ ਬਾਹਰ ਆਇਆ ਮੈਂ ਓਹਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਸਦੇ ਨਾਲ ਜੋ ਵਾਪਰਿਆ ਉਸ ਲਈ ਮਾਫੀ ਮੰਗੀ ਤੇ ਇਸਨੂੰ ਰੱਬ ਦਾ ਭਾਣਾ ਸਮਜ ਕੇ ਮੰਨਣ ਦਾ ਹੋਂਸਲਾ ਦਿਤਾ l ਇਸਤੋਂ ਵੱਧ ਮੈਨੂੰ ਕੁਝ ਸਮਝ ਨਹੀਂ ਆਇਆ ਹਾਲਾਂਕਿ ਚੱਲ ਤਾ ਬਹੁਤ ਕੁਝ ਰਿਹਾ ਸੀ ਦਿਮਾਗ ਵਿੱਚ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਉਸ ਸਰਦਾਰ ਜੀ ਕੋਲੋਂ ਪੁੱਛਣ ਦੀ ਕੀ ਇਹ ਹਿੰਦੁਸਤਾਨੀ ਕੌਣ ਨੇ? ਕੀ ਅਸੀਂ ਹਿੰਦੁਸਤਾਨੀ ਨਹੀਂ ਹਾਂ ? ਜਿਸ ਕੌਮ ਨੇ ਹਿੰਦੁਸਤਾਨ ਆਜ਼ਾਦ ਕਰਵਾਓਣ ਲਈ ਸਬ ਤੋਂ ਵੱਧ ਕੁਰਬਾਨੀਆਂ ਦਿਤੀਆਂ ਜੇ ਉਹ ਹਿੰਦੁਸਤਾਨੀ ਨਹੀਂ ਤਾਂ ਫਿਰ ਹਿੰਦੁਸਤਾਨੀ ਕੌਣ ਨੇ? ਪਰ ਮੈਨੂੰ ਜਾਪਿਆ ਜਿਵੇ ਮੇਰੇ ਸ਼ਬਦਕੋਸ਼ ਚੋ ਸ਼ਬਦ ਖਤਮ ਹੋ ਗਏ ਹੋਣ l ਬਾਕੀ ਦੇ ਪੂਰੇ ਰਸਤੇ ਅਸੀਂ ਦੋਨਾਂ ਮੌਣ ਹੀ ਰਹੇ l ਸ਼ਾਇਦ ਉਹ ਇਸ ਲਈ ਮੌਣ ਸੀ ਕਿਉਕਿ ਉਸਦੇ ਅਥਰੂ ਕਿਸੇ ਦੇ ਸਾਮਣੇ ਨਿਕਲੇ ਸੀ ਤੇ ਕਿਹਾ ਜਾਂਦਾ ਹੈ ਕਿ ਸਰਦਾਰਾਂ ਨੂੰ ਰੋਣਾ ਤੇ ਭੀਖ ਮੰਗਣਾ ਉਹਨਾਂ ਦੀਆ ਮਾਵਾਂ ਨਹੀਂ ਸਿਖਾਉਂਦੀਆਂ ਅਤੇ ਮੈਂ ਮੌਣ ਸੀ ਕਿਉਕਿ ਮੈਂ ਆਪਣੇ ਹੀ ਸਵਾਲਾਂ ਵਿੱਚ ਉਲਜਿਆ ਹੋਇਆ ਸੀ l ਖੈਰ ਥੋੜੀ ਦੇਰ ਚ ਅਸੀਂ ਬਦਰਪੁਰ ਪਹੁੰਚੇ ਤੇ ਮੈਂ ਸਰਦਾਰ ਜੀ ਨੂੰ ਭਾੜੇ ਦੇ ਪੈਸੇ ਦਿਤੇ ਤੇ ਸਰਦਾਰ ਜੀ ਕੋਲੋਂ ਵਿਦਾ ਲਈ l

ਇਸ ਵਾਕਏ ਨੂੰ ਵਾਪਰਿਆ ਤਕਰੀਬਨ 3 ਵਰੇ ਹੋ ਗਏ ਨੇ ਤੇ ਉਹ ਆਟੋ ਵਾਲੇ ਸਰਦਾਰ ਜੀ ਮੈਨੂੰ ਹੱਲੇ ਵੀ ਕਦੀ ਕਦੀ ਮਿਲ ਜਾਂਦੇ ਨੇ ਤੇ ਹਰ ਬਾਰ ਅਸੀਂ ਜੱਫੀ ਪਾ ਕੇ ਮਿਲਦੇ ਹਾਂ l ਮੈਂ ਬਹੁਤ ਵਾਰੀ ਸੋਚਦਾ ਹਾਂ ਕੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸਿੰਘ ਨਾ ਹੁੰਦੇ ਤਾ ਕੀ ਹਿੰਦੁਸਤਾਨ ਹੱਲੇ ਵੀ ਹਿੰਦੁਸਤਾਨ ਹੁੰਦਾ? ਇਹ ਦਿੱਲੀ ਹਾਲੇ ਵੀ ਹਿੰਦੁਸਤਾਨ ਹੀ ਹੁੰਦੀ? ਉਸ ਮੰਦਭਾਗੇ ਦਿਨ ਗੁਰੂ ਦੇ ਕਿੰਨੇ ਲਾਲ ਸ਼ਹੀਦ ਹੋਏ ਕਿੰਨੇ ਬੱਚਿਆਂ ਨੂੰ ਮਾਰਿਆ ਗਿਆ ਮੈਂ ਨਹੀਂ ਜਾਣਦਾ l ਸ਼ਾਇਦ ਕੁਝ ਸਵਾਲ ਸਵਾਲ ਹੀ ਰਹਿ ਜਾਂਦੇ ਨੇ l ਹਾਂ! ਕਦੇ ਕਦੇ ਮਨ ਜਰੂਰ ਕਰਦਾ ਕਿ ਆਉਂਦੀ 30 ਨਵੰਬਰ ਨੂੰ ਮੈਂ ਵੀ ਕਟਾਰ ਲੈ ਕੇ ਘਰੋਂ ਬਾਹਰ ਨਿਕਲਾ ਤੇ ਆਪਣੇ ਆਪਨੂੰ ਕਟਾਰ ਮਾਰ ਮਾਰ ਕੇ ਕਹਾ ' ਹਾਇ ਦਿੱਲੀ ਦੇ ਸਿੱਖੋ ਕਾਸ਼ ਮੈਂ ਤੁਹਾਡੇ ਨਾਲ ਹੁੰਦਾ l

No comments:

Post a Comment