Saturday, January 6, 2018

ਗਿੱਦੜ ਸਿੰਘੀ


ਵੈਸੇ ਤਾਂ ਸ਼ਨੀਵਾਰ ਵਾਲੇ ਦਿਨ ਦਫਤਰ ਛੁੱਟੀ ਹੁੰਦੀ ਹੈ ਪਰ ਅੱਜ ਦਫਤਰ ਕੁਝ ਕੰਮ ਸੀ ਤੇ ਸ਼ਨੀਵਾਰ ਦਾ ਦਿਨ ਹੋਣ ਕਰਕੇ ਸੜਕ ਤੇ ਜ਼ਿਆਦਾ ਟ੍ਰੈਫਿਕ ਨਾ ਹੋਣ ਦੀ ਉਮੀਦ ਕਰਦਾ ਅੱਜ ਸਵੇਰੇ ਅਰਾਮ ਨਾਲ ਘਰੋਂ ਦਫਤਰ ਲਈ ਨਿਕਲਿਆ l ਘਰ ਤੋਂ ਦਫਤਰ ਦੇ ਰਸਤੇ ਵਿੱਚ ਮੈਂ ਅਕਸਰ ਯੂ ਟਿਊਬ ਚੈਨਲ ਤੇ ਵੱਖ ਵੱਖ ਪ੍ਰੋਗਰਾਮ ਸੁਣਦਾ ਰਹਿੰਦਾ ਹਾਂ l ਅੱਜ ਮਨ ਕਾਮੇਡੀ ਸੁਨਣ ਦਾ ਸੀ ਤੇ ਮੈਂ ਹੱਲੇ ਯੂ ਟਿਊਬ ਤੇ ਕੋਈ ਚੰਗਾ ਵੀਡੀਓ ਲੱਭ ਹੀ ਰਿਹਾ ਸੀ ਕਿ ਮੈਨੂੰ ਇਕ ਅਖੌਤੀ ਮਾਂ, ਜੋ ਖੁਦ ਨੂੰ ਰਾਧੇ ਰਾਧੇ ਕਹਾਉਂਦੀ ਹੈ, ਦੀ ਕਿਸੇ ਨਿਊਜ਼ ਚੈਨਲ ਨੂੰ ਦਿੱਤੀ ਹੋਈ ਇੰਟਰਵਿਊ ਦਿੱਖੀ ਤਾਂ ਮੈਂ ਉਸਨੂੰ ਚਲਾ ਲਿਆ l ਇੰਟਰਵਿਊ ਕੋਈ 20 -22 ਮਿੰਟ ਦੀ ਸੀ ਤੇ ਉਸ ਇੰਟਰਵਿਊ ਨੂੰ ਸੁਣਦਿਆਂ ਹੱਸਦੇ ਹੱਸਦੇ ਮੇਰੀਆਂ ਵੱਖੀਆਂ ਦੁੱਖਣ ਲੱਗ ਪਈਆਂ ਤੇ ਉਸਨੇ ਮੈਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋ ਵੀ ਭੁਲਾ ਦਿਤਾ l ਉਹ ਬੀਬੀ ਜਿਸ ਤਰਾਂ ਦੀਆ ਗੱਲਾਂ ਕਰਦੀ ਸੀ ਉਹ ਮੈਨੂੰ ਧਾਰਮਿਕ ਗੁਰੂ ਘੱਟ ਤੇ ਮਸ਼ਕਰੀ ਜ਼ਿਆਦਾ ਲੱਗੀ l ਉਸਦੀਆਂ ਗੱਲਾਂ ਸੁਣ ਕੇ ਲੱਗਿਆ ਨਹੀਂ ਕਿ ਉਸਨੂੰ ਚਾਨਣਾ ਹੋ ਗਿਆ ਹੈ l ਮੈਨੂੰ ਤਾਂ ਉਹ ਇਕ ਅਜਿਹੀ ਅੰਨੀ ਨਜ਼ਰ ਆਈ ਜਿਸਨੂੰ ਬਾਕੀ ਅੰਨ੍ਹੇ ਇਸ ਉਮੀਦ ਚ ਫੜ ਕੇ ਬੈਠੇ ਨੇ ਕਿ ਸ਼ਾਇਦ ਉਹ ਉਹਨਾਂ ਨੂੰ ਪਾਰ ਲਗਾ ਦੇਵੇਗੀ l ਮਨ ਚ ਆਇਆ ਕਿ ਪਤਾ ਨਹੀਂ ਲੋਕ ਇਸ ਤਰਾਂ ਦਾ ਕੀ ਦੇਖਦੇ ਨੇ ਕਿ ਬਿਨਾ ਜਾਣੇ ਪਹਿਚਾਣੇ ਕਿਸੇ ਨੂੰ ਵੀ ਰੱਬ ਮੰਨ ਲੈਂਦੇ ਨੇ l ਧਰਮ ਦਾ ਜਿਨ੍ਹਾਂ ਸੱਤਿਆਨਾਸ਼ ਇਹਨਾਂ ਵਰਗੇ ਅਖੌਤੀ ਧਰਮ ਗੁਰੂਆਂ ਨੇ ਕੀਤਾ ਓਨਾ ਕਿਸੇ ਨੇ ਨਹੀਂ ਕੀਤਾ ਹੋਣਾ l

ਇਹ ਨਹੀਂ ਕਿ ਕਿਸੇ ਨੇ ਮੈਨੂੰ ਇਸ ਤਰਾਂ ਦੇ ਅਖੌਤੀ ਧਰਮ ਗੁਰੂਆਂ ਦੇ ਰਾਹੇ ਪਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਪਰ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਕਿਸੇ ਵੀ ਅਖੌਤੀ ਧਰਮ ਗੁਰੂ ਦੇ ਚੁੰਗਲ ਚ ਨਹੀਂ ਫੱਸਿਆ l ਹਰ ਮਹੀਨੇ ਦਿੱਲੀ ਤੋਂ ਵਾਪਿਸ ਘਰ ਜਾਂਦੇ ਹੋਏ ਕੁਰੂਕਸ਼ੇਤਰ ਪਾਰ ਕਰਦੇ ਹੋਏ ਮੈਂ ਇਕ ਅਜਿਹਾ ਵਾਕਿਆ ਯਾਦ ਜਰੂਰ ਕਰਦਾ ਹਾਂ ਜਦੋ ਮੇਰੇ ਬਹੁਤ ਸਾਰੇ ਜਾਨਣ ਵਾਲੇ ਅਖੌਤੀ ਧਰਮ ਗੁਰੂਆਂ ਦੇ ਚੁੰਗਲ ਫੱਸ ਗਏ ਸਨ l

ਤਕਰੀਬਨ 20 ਕੁ ਸਾਲ ਪਹਿਲਾ ਇਕ ਦਿਨ ਮੇਰੇ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ 'ਜੈ ਮਾਂ ਜੈ ਮਾਂ' ਦੇ ਜੈਕਾਰੇ ਬੜੀ ਉੱਚੀ ਉੱਚੀ ਗੂੰਝ ਰਹੇ ਸਨ l ਕਿਸੇ ਨੇ ਦੱਸਿਆ ਕਿ ਬੜੀ ਕਰਨੀ ਵਾਲੀ ਇਕ ਮਾਤਾ ਜੀ ਸਾਡੇ ਸ਼ਹਿਰ ਪਧਾਰ ਰਹੇ ਨੇ ਤੇ ਮੈਨੂੰ ਵੀ ਉਸ ਹਸਤੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ l ਪੜਾਈ ਤੋਂ ਬਚਨ ਦਾ ਇਹ ਬਹਾਨਾ ਮੈਨੂੰ ਬਹੁਤ ਵਧੀਆ ਲੱਗਿਆ l ਭਵਸਾਗਰ ਦਾ ਤਾ ਪਤਾ ਨਹੀਂ ਪਰ ਮਾਤਾ ਜੀ ਘਟੋ ਘੱਟ ਇਕ ਦਿਨ ਨਾ ਪੜਨ ਕਰਕੇ ਪੈਣ ਵਾਲੀ ਡਾਂਟ ਤੋਂ ਤਾਂ ਬਚਾ ਹੀ ਸਕਦੇ ਸਨ l ਮੈਂ ਆਪਣੇ ਇਕ ਦੋਸਤ ਨੂੰ ਨਾਲ ਲੈ ਕੇ ਮਾਤਾ ਜੀ ਦੇ ਦਰਸ਼ਨਾਂ ਦਾ ਬਹਾਨਾ ਲਗਾ ਘਰੋਂ ਨਿਕਲ ਗਿਆ l ਜਿਸ ਜਲੂਸ ਨਾਲ ਉਹਨਾਂ ਦੀ ਕਾਰ ਚੱਲ ਰਹੀ ਸੀ ਉਸਤੋਂ ਬੱਚ ਕੇ ਅਸੀਂ ਭਾਰਾ ਮੱਲ ਮੰਦਿਰ ਦੇ ਕੋਲ ਉਹਨਾਂ ਦੀ ਠਹਿਰਨ ਵਾਲੀ ਜਗਾਹ ਦੇ ਬਾਹਰ ਖੜੇ ਹੋ ਗਏ l ਗਰਮੀਆਂ ਪੂਰੇ ਜੋਬਨ ਤੇ ਸਨ ਪਰ ਫਿਰ ਵੀ ਉਸ ਘਰ ਦੇ ਬਾਹਰ ਤਾਂ ਜਿਵੇ ਮੇਲਾ ਲੱਗਿਆ ਹੋਇਆ ਸੀ ਤੇ ਹਰ ਬੰਦਾ ਉਹਨਾਂ ਦੇ ਦਰਸ਼ਨ ਕਰਨ ਲਈ ਉਤਾਵਲਾ ਨਜ਼ਰ ਆ ਰਿਹਾ ਸੀ l ਕੁਝ ਸਮੇਂ ਮਗਰੋਂ ਉਹਨਾਂ ਦਾ ਜਲੂਸ ਉੱਥੇ ਪਹੁੰਚਿਆਂ ਤੇ ਮਾਤਾ ਜੀ ਏਅਰ ਕੰਡੀਸ਼ਨ ਕਾਰ ਚੋ ਉੱਤਰ, ਬਾਹਰ ਖੜੇ ਸ਼ਰਧਾਲੂਆਂ ਨੂੰ ਹੱਥ ਜੋੜ, ਆਪਣੇ ਠਹਿਰਨ ਵਾਲੀ ਜਗਾਹ ਦੇ ਏਅਰ ਕੰਡੀਸ਼ਨ ਕਮਰੇ 'ਚ' ਜਾ ਵਿਰਾਜਮਾਨ ਹੋ ਗਏ l ਮੈਂ ਸੋਚ ਰਿਹਾ ਸੀ ਕਿ ਮਾਤਾ ਜੀ ਬਾਹਰ ਸਾਰਿਆਂ ਦੇ ਸਾਹਮਣੇ ਬੈਠਣਗੇ ਪਰ ਮਾਤਾ ਜੀ ਦਾ ਇਹ ਹਾਲ ਦੇਖ ਕੇ ਮੱਥਾ ਠਣਕਿਆ ਤੇ ਕਿਸੇ ਬਜ਼ੁਰਗ ਦੀ ਕਹੀ ਹੋਈ ਗੱਲ ਯਾਦ ਆਈ ਕਿ ਸਾਧਾਂ ਨੂੰ ਕੀ ਸਵਾਦਾਂ ਨਾਲ ਪਰ ਇਹ ਮਾਤਾ ਜੀ ਮੈਨੂੰ ਸਵਾਦਾਂ ਵਾਲੀ ਲੱਗੀ ਤੇ ਮੇਰੇ ਦਿਲ ਨੇ ਮੈਨੂੰ ਅੱਗੇ ਜਾਣ ਦੀ ਮੰਜੂਰੀ ਨਹੀਂ ਦਿੱਤੀ l ਜਿਹੜੇ ਪੈਸੇ ਘਰੋਂ ਮਾਤਾ ਜੀ ਨੂੰ ਚੜਾਉਣ ਲਈ ਮਿਲੇ ਸਨ ਉਹਨਾਂ ਪੈਸਿਆਂ ਦੇ ਗੋਲਗੱਪੇ ਖਾ ਥੋੜਾ ਵਕ਼ਤ ਸੁਲਤਾਨਪੁਰ ਦੀਆ ਗਲੀਆਂ ਦੀ ਖ਼ਾਕ ਛਾਣ ਕੇ ਮੈਂ ਘਰ ਵਾਪਿਸ ਆ ਗਿਆ l

ਅਗਲੇ ਦਿਨ ਸ਼ਾਮ ਦੇ ਸੈਰ ਲਈ ਜਦੋ ਮੈਂ ਆਪਣੇ ਦੋਸਤ ਦੇ ਘਰ ਗਿਆ ਤਾਂ ਪਤਾ ਚੱਲਿਆ ਕਿ ਮੇਰੇ ਦੋਸਤ (ਜੋ ਉਸ ਦਿਨ ਮੇਰੇ ਨਾਲ ਵਾਪਿਸ ਨਹੀਂ ਸੀ ਮੁੜਿਆ) ਨੇ ਮਾਤਾ ਜੀ ਦਾ ਨਾਮ ਲੈ ਲਿਆ ਹੈ l ਉਤਸੁਕਤਾ ਵਿੱਚ ਮੈਂ ਉਸਨੂੰ ਪੁੱਛਿਆ ਕਿ ਜੋ ਮੰਤਰ ਉਸਨੂੰ ਮਿਲਿਆ ਹੈ ਉਹ ਮੈਨੂੰ ਵੀ ਦੱਸ ਦੇਵੇ l ਮੈ ਪਤਾ ਲਗਾਉਣਾ ਚਾਹੁੰਦਾ ਸੀ  ਕਿ ਉਹ ਮੰਤਰ ਕੀ ਕਰ ਸਕਦਾ ਹੈ l ਉਸਨੇ ਜਵਾਬ ਦਿਤਾ ਕਿ ਇਹ ਮੰਤਰ ਭਵਸਾਗਰ ਪਾਰ ਲਗਾ ਸਕਦਾ ਹੈ l ਮੈਂ ਜਦੋ ਦੁਬਾਰਾ ਉਸਨੂੰ ਮੰਤਰ ਮੇਰੇ ਨਾਲ ਸਾਂਝਾ ਕਰਨ ਲਈ ਕਿਹਾ ਤਾਂ ਉਸਨੇ ਨੇ ਅੱਗੇਓ ਜਵਾਬ ਦਿਤਾ ਕਿ ਗੁਰਮੰਤਰ ਅੱਗੇ ਕਿਸੇ ਨੂੰ ਦੱਸਣ ਦੀ ਮਨਾਹੀ ਹੈ l ਪਹਿਲੀ ਵਾਰ ਲੱਗਿਆ ਕਿ ਭਵਸਾਗਰ ਪਾਰ ਕਰਨ ਵਾਲੇ ਜਹਾਜ ਤੇ ਮਾਤਾ ਜੀ ਦਾ ਗੁਪਤ ਮੰਤਰ ਹੀ ਚੜਾ ਸਕਦਾ ਹੈ ਤੇ ਜੇ ਮੈਂ ਕਲ ਗੋਲਗੱਪਿਆਂ ਦੇ ਲਾਲਚ ਚ ਨਾ ਪੈਂਦਾ ਤਾਂ ਮੇਰਾ ਭਵਸਾਗਰ ਤਰਨਾ ਮਾਤਾ ਜੀ ਨੇ ਪੱਕਾ ਕਰਵਾ ਦੇਣਾ ਸੀ l ਮਾਤਾ ਜੀ ਸੁਲਤਾਨਪੁਰ ਤੋਂ ਜਾਂ ਚੁੱਕੇ ਸਨ ਤੇ ਉਹਨਾਂ ਨੂੰ ਚੜਾਉਣ ਵਾਲੇ ਪੈਸਿਆਂ ਦੇ ਮੈਂ ਗੋਲਗੱਪੇ ਵੀ ਹੁਣ ਤਕ ਪਚ ਚੁਕ ਚੁੱਕੇ ਸਨ l ਘਰ ਦੱਸ ਸਕਦਾ ਨਹੀਂ ਸੀ ਕਿ ਮੈਂ ਭਵਸਾਗਰ ਪਾਰ ਲਗਾਉਣ ਵਾਲੀ ਟਿਕਟ ਕਿਉਂ ਨਹੀਂ ਲੈ ਸਕਿਆ ਅਤੇ ਐਨੇ ਪੈਸੇ ਵੀ ਨਹੀਂ ਸੀ ਕਿ ਮਾਤਾ ਜੀ ਦੇ ਅਗਲੇ ਠਿਕਾਣੇ ਦਾ ਪਤਾ ਕਰਕੇ ਤੇ ਉਥੋਂ ਭਵਸਾਗਰ ਵਾਲੀ ਟਿਕਟ ਲਿਆ ਸਕਦਾ l 'ਅਬ ਪਛਤਾਏ ਕਯਾ ਹੋਤ ਜਬ ਚਿੜੀਆਂ ਚੁਗ ਗਈ ਖੇਤ' l 

ਪਰ ਟਿਕਟ ਹਾਸਿਲ ਕਰਨ ਦਾ ਇਕ ਆਖਰੀ ਰਸਤਾ ਹੱਲੇ ਵੀ ਮੇਰੇ ਕੋਲ ਸੀ l ਹੁਣ ਮੇਰਾ ਦੋਸਤ ਹੀ ਮੈਨੂੰ ਭਵਸਾਗਰ ਪਾਰ ਕਰਵਾ ਸਕਦਾ ਸੀ l ਤੇ ਮੈਂ ਵੀ ਕਮਰ ਕੱਸ ਆਪਣੇ ਦੋਸਤ ਦੇ ਪਿੱਛੇ ਪੈ ਗਿਆ ਕਿਉਕਿ ਹੁਣ ਭਵਸਾਗਰ ਪਾਰ ਕਰਨ ਲਈ ਮੇਰੀ ਆਖਰੀ ਉਮੀਦ ਉਹ ਹੀ ਸੀ l ਹੁਣ ਸ਼ਾਮ ਦੀ ਸੈਰ ਤੇ ਸਾਡਾ ਟੌਪਿਕ ਸਾਡੀ ਕਲਾਸ ਦੀਆ ਕੁੜੀਆਂ ਜਾਂ ਬਾਹਰ  ਜਾਣ ਦੀਆ ਤਕਰੀਬਾਂ ਨਹੀਂ ਬਲਕਿ ਗੁਰਮੰਤਰ ਹੁੰਦਾ ਸੀ l ਮੈਂ ਉਸਨੂੰ ਮੰਤਰ ਬਾਰੇ ਪੁੱਛਣਾ ਤੇ ਉਸਨੇ ਰੱਟਿਆ ਹੋਇਆ ਜਵਾਬ ਦੇਣਾ ਕਿ ਉਹ ਦੱਸ ਨਹੀਂ ਸਕਦਾ l ਮੈਂ ਬੜਾ ਹੈਰਾਨ ਹੋਣਾ ਕਿ ਇਸ ਤਰਾਂ ਦਾ ਕਿਹੜਾ ਮੰਤਰ ਹੈ ਜੋ ਜਿਸਦਾ ਅਸਰ ਕਿਸੇ ਹੋਰ ਦੇ ਦੱਸਣ ਤੇ ਖਤਮ ਹੋ ਜਾਂਦਾ ਹੈ ਤੇ ਭਵਸਾਗਰ ਪਾਰ ਨਹੀਂ ਹੋ ਸਕੇਗਾ l ਜੇ ਕਿਸੇ ਨੂੰ ਦੱਸਣ ਨਾਲ ਮੰਤਰ ਬੇਕਾਰ ਹੋ ਜਾਂਦਾ ਹੈ ਤਾਂ ਚਾਲੀ ਚੋਰਾਂ ਦਾ ਮੰਤਰ ਓਦੋ ਬੇਕਾਰ ਕਿਉਂ ਨਹੀਂ ਹੋਇਆ ਜਦੋ ਅਲੀ ਬਾਬਾ ਨੇ ਉਹਨਾਂ ਦਾ ਮੰਤਰ ਉਹਨਾਂ ਤੋਂ ਚੋਰੀ ਸੁਨ ਲਿਆ ਸੀ ਅਤੇ ਫਿਰ ਚਾਲੀ ਚੋਰਾਂ ਦੇ ਚਲੇ ਜਾਣ ਬਾਅਦ ਉਹਨਾਂ ਦੀ ਗੁਫਾ ਦਾ ਦਰਵਾਜਾ ਕਿਵੇਂ ਖੁਲ ਗਿਆ ਸੀ  l ਜੇ ਚਾਲੀ ਚੋਰਾਂ ਦੀ ਗੁਫਾ ਦਾ ਦਰਵਾਜਾ 'ਖੁੱਲ ਜਾ ਸਿਮ ਸਿਮ' ਸੁਣ ਕੇ ਖੁੱਲ ਸਕਦਾ ਹੈ ਤਾਂ ਮਾਤਾ ਜੀ ਦਾ ਮੰਤਰ ਮੇਰੇ ਲਈ ਅਸਰਹੀਣ ਕਿਵੇਂ ਹੋ ਸਕਦਾ ਹੈ? ਮੰਤਰ ਕੋਈ ਪਾਸਵਰਡ ਥੋੜੇ ਹੈ ਜੋ ਮੈਂ ਬਦਲ ਕੇ ਬਾਕੀਆਂ ਦਾ ਭਵਸਾਗਰ ਆਣਾ ਰੋਕ ਦੇਵਾਂਗਾ? ਨਾਲੇ ਮਾਤਾ ਜੀ ਵੀ ਤਾਂ ਇਸੇ ਮੰਤਰ ਦਾ ਜਾਪ ਕਰਦੇ ਹੋਣੇ ਨੇ ਅਤੇ ਜਿਵੇਂ ਮਾਤਾ ਜੀ ਉਸ ਮੰਤਰ ਦੇ ਖੁੱਲ੍ਹੇ ਗੱਫੇ ਵੰਡ ਰਹੀ ਸੀ ਭਵਸਾਗਰ ਵਾਲਾ ਜਹਾਜ ਓਵਰ ਬੁਕਿੰਗ ਕਰਕੇ ਪਹਿਲਾ ਹੀ ਰਵਾਨਾ ਹੋ ਚੁੱਕਿਆ ਹੋਵੇਗਾ ਤੇ ਜੇ ਹੱਲੇ ਵੀ ਉੱਥੇ ਹੋਵੇਗਾ ਤਾਂ ਕੋਈ ਜ਼ਰੂਰੀ ਨਹੀਂ ਆਪਾਂ ਨੂੰ ਉਸ ਵਿੱਚ ਸੀਟ ਮਿਲੇ l

ਇਸਤੋਂ ਪਹਿਲਾ ਕਿ ਮੈਂ ਆਪਣੇ ਦੋਸਤ ਨੂੰ ਆਪਣੇ ਤਰਕਾਂ ਨਾਲ ਮਨਾ ਕੇ ਉਸ ਕੋਲੋਂ ਉਸਦਾ ਗੁਰੁਮੰਤਰ ਪੁੱਛ ਸਕਦਾ ਖ਼ਬਰ ਆਈ ਕਿ ਉਹ ਮਾਤਾ ਜੀ ਦਿਲ ਦਾ ਦੌਰਾ ਪੈਣ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਫਿਰ ਜਿਵੇਂ ਜਿਵੇਂ ਵਕ਼ਤ ਬੀਤਦਾ ਗਿਆ ਮੇਰੇ ਸ਼ਹਿਰ ਦੇ ਵਸਨੀਕ ਜੈ ਮਾਂ ਜੈ ਮਾਂ ਦੇ ਜੈਕਾਰੇ ਭੁੱਲ ਗਏ l ਮੈਂ ਨਹੀਂ ਜਾਣਦਾ ਸੁਲਤਾਨਪੁਰ ਵਿੱਚ ਕਿੰਨੇ ਬੰਦੇ ਉਹਨਾਂ ਨੂੰ ਯਾਦ ਕਰਦੇ ਨੇ ਜਾਂ ਉਹਨਾਂ ਦਾ ਦਿੱਤਾ ਹੋਇਆ ਗੁਰਮੰਤਰ ਜਪਦੇ ਨੇ ਸਿਰਫ ਇਹ ਪਤਾ ਹੈ ਕਿ ਮੇਰਾ ਦੋਸਤ ਉਹਨਾਂ ਨੂੰ ਭੁੱਲ ਗਿਆ ਹੈ l ਇਕ ਦਿਨ ਮੈਂ ਉਸਨੂੰ ਮੀਟ ਖਾਂਦੇ ਦੇਖਕੇ ਪੁੱਛਿਆ ਕਿ ਵੀਰੇ ਭਵਸਾਗਰ ਪਾਰ ਕਰਵਾਓਣ ਵਾਲਾ ਜਹਾਜ ਮਾਤਾ ਜੀ ਦੇ ਚਲੇ ਜਾਣ ਕਰਕੇ ਰੱਦ ਹੋ ਗਿਆ ਜਾਂ ਮਾਤਾ ਜੀ ਜਾਂਦੇ ਹੋਏ ਉਸਦੀ ਟਿਕਟ ਕੈਂਸਲ ਕਰਵਾ ਗਏ ਨੇ ਤਾਂ ਮੇਰੇ ਉਸ ਦੋਸਤ ਨੇ ਸ਼ਰਮਿੰਦਿਆਂ ਹੋ ਨੀਵੀ ਪਾ ਲਈ ਤੇ ਉਸ ਦਿਨ ਤੋਂ ਬਾਅਦ ਮੈਂ ਕਦੇ ਮਾਤਾ ਜੀ ਦਾ ਜਿਕਰ ਉਸ ਨਾਲ ਨਹੀਂ ਕੀਤਾ l

ਕੁਰੂਕਸ਼ੇਤਰ ਦੇ ਕੋਲ ਉਸ ਮਾਤਾ ਜੀ ਦਾ ਅਸਥਾਨ ਅੱਜ ਕਲ ਬਹੁਤ ਬੁਰੇ ਹਾਲ ਵਿੱਚ ਨਜ਼ਰ ਆਓਂਦਾ ਹੈ l ਪਿਛਲੇ 9 ਸਾਲਾਂ ਵਿੱਚ ਕੋਈ ਮਹੀਨਾ ਨਹੀਂ ਨਿਕਲਿਆ ਜਦੋ ਮੈਂ ਘੱਟੋ ਘੱਟ ਦੋ ਵਾਰ ਉਥੋਂ ਨਾ ਲੰਗਿਆ ਹੋਵਾਂ ਪਰ ਉਹਨਾਂ ਦੇ ਸੁਲਤਾਨਪੁਰ ਪਧਾਰਨ ਵੇਲੇ ਹੋਈ ਸਰਗਰਮੀ ਮੈਨੂੰ ਕਦੇ ਵੀ ਉਹਨਾਂ ਦੇ ਆਪਣੇ ਅਸਥਾਨ ਤੇ ਨਜਰ ਨਹੀਂ ਆਈ l ਕਈ ਵਾਰ ਮਨ ਚ ਆਓਂਦਾ ਹੈ ਕਿ ਸ਼ਾਇਦ ਮਾਤਾ ਜੀ ਨੂੰ ਆਪਣੀ ਆਈ ਦਾ ਇਹਸਾਸ ਨਹੀਂ ਹੋਣਾ ਨਹੀਂ ਤਾਂ ਉਹ ਵੀ ਆਪਣੇ ਕਿਸੇ ਭੈਣ ਭਰਾ ਨੂੰ ਆਪਣੀ ਗੱਦੀ ਸੌਂਪ ਜਾਂਦੇ l ਜੇ ਅੱਜ ਉੱਥੇ ਕੋਈ ਧਰਮ ਗੁਰੂ ਵਿਰਾਜਮਾਨ ਹੁੰਦੇ ਤਾਂ ਸ਼ਾਇਦ ਅੱਜ ਵੀ ਉੱਥੇ ਜੈ ਮਾਂ ਜੈ ਮਾਂ ਜਾਂ ਜੈ ਪਿਤਾ ਜੀ ਜੈ ਪਿਤਾ ਜੀ ਦੇ ਜੈਕਾਰੇ ਲੱਗਦੇ ਹੁੰਦੇ l ਦੀਵਾਲੀ ਦੀ ਰਾਤ ਜਿਵੇਂ ਲੋਕ ਆਪਣੇ ਘਰ ਰੱਖੀਆਂ ਗਿੱਦੜ ਸਿੰਘੀਆਂ ਨੂੰ ਨਵਾਂ ਸਿੰਦੂਰ, ਇਲਾਇਚੀ ਤੇ ਲੌਂਗ ਚੜਾਉਂਦੇ ਨੇ ਸ਼ਾਇਦ ਉਵੇਂ ਹੀ ਮੇਰੇ ਦੋਸਤ ਵਰਗੇ ਹੋਰ ਵੀ ਬਹੁਤ ਸਾਰੇ ਭਗਤ ਆਪਣੀਆਂ ਆਪਣੀਆਂ ਗਿੱਦੜ ਸਿੰਘੀਆਂ ਰਿਚਾਰਜ ਕਰਵਾਓਣ ਲਈ ਉਹਨਾਂ ਦੇ ਅਸਥਾਨ ਦੇ ਬਾਹਰ ਲੰਬੀਆਂ ਕਤਾਰਾਂ ਚ ਖੜੇ ਹੁੰਦੇ l


1 comment:

  1. Great story Nudrat. It makes an interesting point, but in an witty and humorous way. Keep writing and sharing. All the best!

    ReplyDelete