Thursday, April 5, 2018

ਜੁਗ ਜੁਗ ਜੀਵੇ ਪੰਜਾਬੀ ਮਾਂ ਬੋਲੀ



1947 ਵਿਚ ਪੰਜਾਬ ਦੋ ਹਿੱਸਿਆਂ ਵੰਡਿਆ ਗਿਆ, ਚੜ੍ਹਦਾ ਪੰਜਾਬ ਸਾਡੇ ਦੇਸ਼ ਭਾਰਤ ਦੇ ਹਿੱਸੇ ਆਇਆ ਅਤੇ ਲਹਿੰਦਾ ਪੰਜਾਬ ਪਾਕਿਸਤਾਨ ਦਾ ਹਿੱਸਾ ਬਣ ਗਿਆ l ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਸਦਕਾ ਪੰਜਾਬ ਦਾ ਬਟਵਾਰਾ ਧਰਮ ਦੇ ਆਧਾਰ ਤੇ ਹੋਇਆ ਪਰ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਬਟਵਾਰੇ ਦੀ ਨੀਂਹ ਤਾਂ ਪੰਜਾਬੀ ਬੋਲੀ ਦੇ ਦੋ ਹਿੱਸਿਆਂ, ਸ਼ਾਹਮੁਖੀ ਅਤੇ ਗੁਰਮੁਖੀ, ਵਿੱਚ ਵੰਡਣ ਨਾਲ ਹੀ ਰੱਖੀ ਗਈ ਸੀ l ਅਰਬੀ ਲਿੱਪੀ ਲਿਖੀ ਜਾਂਦੀ 'ਸ਼ਾਹਮੁਖੀ' ਕੁਲੀਨ ਵਰਗ ਜਾਂ ਹਾਕਮ ਜਮਾਤ ਦੀ ਭਾਸ਼ਾ ਸੀ, ਅਤੇ 'ਗੁਰਮੁਖੀ' ਜਿਸ ਦੀ ਲਿੱਪੀ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੁਵਾਰਾ ਬਖਸ਼ਿਸ਼ ਕੀਤੀ ਗਈ ਸੀ ਆਮ ਲੋਕਾਂ ਦੇ ਪੜਨ ਪੜਾਉਣ ਦੀ ਭਾਸ਼ਾ ਸੀ l ਸ਼ਾਹਮੁਖੀ ਅਤੇ ਗੁਰਮੁਖੀ ਤੋਂ ਪਹਿਲਾ ਪੰਜਾਬੀ ਲੰਢੇਆ ਵਿਚ ਹੀ ਲਿਖੀ ਜਾਂਦੀ ਸੀ ਤੇ ਪੰਜਾਬੀ ਦਾ ਉਚਾਰਣ ਪੜਨ ਵਾਲੇ ਦੇ ਉੱਪਰ ਨਿਰਭਰ ਕਰਦਾ ਸੀਅਰਬੀ ਲਿੱਪੀ ਦੀ ਵਰਤੋਂ ਨਾਲ ਸ਼ਾਹਮੁਖੀ ਵਿਚ ਪੰਜਾਬੀ ਬਿਲਕੁਲ ਉਸ ਤਰ੍ਹਾਂ ਹੀ ਲਿਖੀ ਜਾਂਦੀ ਹੈ ਜਿਵੇ ਅੱਜ ਕੱਲ ਦੇ ਬੱਚੇ ਆਪਣੇ ਮੋਬਾਈਲ ਫੋਨਾਂ ਤੇ ਪੰਜਾਬੀ ਜਾਂ ਹਿੰਦੀ ਅੰਗਰੇਜ਼ੀ ਭਾਸ਼ਾ ਟਾਈਪ ਕਰਕੇ ਲਿਖਦੇ ਨੇ ਤੇ ਆਮ ਭਾਸ਼ਾ ਵਿਚ ਅਜੇਹੀ ਲਿੱਪੀ ਨੂੰ ਪਿੰਗਲਿਸ਼ ਜਾਂ ਹਿੰਗਲਿਸ਼ ਕਿਹਾ ਜਾਂਦਾ ਹੈ, ਜੋ ਨਾ ਤਾਂ ਪੰਜਾਬੀ ਹੁੰਦੀ ਹੈ ਅਤੇ ਨਾ ਹਿੰਦੀ ਅਤੇ ਨਾ ਹੀ ਅੰਗਰੇਜ਼ੀ l

ਕਿਸੇ ਨੇ ਕਿਹਾ ਹੈ ਕਿ ਜੇ ਤੁਸੀਂ ਕਿਸੇ ਕੋਮ ਨੂੰ ਹਮੇਸ਼ਾ ਲਈ ਗੁਲਾਮ ਬਣਾਉਣਾ ਹੋਵੇ ਤਾ ਉੱਥੇ ਦਾ ਸੱਭਿਆਚਾਰ ਨਸ਼ਟ ਕਰ ਦੇਵੋ ਅਤੇ ਸੱਭਿਆਚਾਰ ਨੂੰ ਨਸ਼ਟ ਕਰਨ ਦਾ ਪਹਿਲਾ ਕਦਮ ਉਸ ਕੋਮ ਦੀ ਮਾਂ ਬੋਲੀ ਨੂੰ ਐਨਾ ਕੁ ਬਿਗਾੜਨਾ ਹੁੰਦਾ ਹੈ ਕਿ ਉਥੋਂ  ਦੇ ਵਸਨੀਕਾਂ ਆਪਣੀ ਮਾਂ ਬੋਲੀ ਨੂੰ ਬੋਲਣ ਲੱਗੇ ਸ਼ਰਮ ਮਹਿਸੂਸ ਕਰਨ ਲੱਗ ਪੈਣਆਪਣੀ ਮਾਂ ਬੋਲੀ ਨੂੰ ਭੁੱਲਣ ਵਾਲੇ ਅਕਸਰ ਹੀ ਬਿਨ੍ਹਾਂ ਲੜ੍ਹੇ ਹੀ ਆਪਣੀ ਮਾਂ ਬੋਲੀ ਨੂੰ ਯਾਦ ਰੱਖਣ ਵਾਲਿਆਂ ਦੇ ਗੁਲਾਮ ਬਣ ਜਾਂਦੇ ਹਨ l ਕੁਝ ਅਜਿਹਾ ਹੀ ਪਿੱਛੇ ਜਿਹੇ ਮੈਨੂੰ ਯੂ ਟਿਊਬ ਤੇ ਪਾਕਿਸਤਾਨ ਦੇ ਅਲੱਗ ਅਲੱਗ ਨਿਊਜ਼ ਚੈੱਨਲ ਤੇ ਹੋਣ ਵਾਲੀ ਉਸ ਚਰਚਾ ਨੂੰ ਸੁਣਦੇ ਹੋਏ ਲੱਗਾ ਜਿਸ ਵਿੱਚ ਪਾਕਿਸਤਾਨ ਦੇ ਬਹੁਤ ਸਾਰੇ ਬੁੱਧੀਜੀਵੀ ਲਹਿੰਦੇ ਪੰਜਾਬ ਵਿਚ ਅਲੋਪ ਹੋ ਰਹੀ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਵਿਚਾਰ ਇਕ ਦੂਜੇ ਨਾਲ ਸਾਂਝੇ ਕਰ ਰਹੇ ਸਨ l ਅੱਜ ਕਲ ਲਹਿੰਦੇ ਪੰਜਾਬ ਦੇ ਵਸਨੀਕ ਪੰਜਾਬੀ ਛੱਡ ਉਰਦੂ ਬੋਲਣ ਨੂੰ ਤਰਜੀਹ ਇਸ ਲਈ ਦੇ ਰਹੇ ਹਨ ਕਿਉਕਿ ਸਿਰਫ ਅਰਬ ਦੇਸ਼ਾਂ ਦੇ ਕੱਪੜੇ ਪਹਿਨ ਆਪਣੀ ਵੇਸ਼ਭੂਸ਼ਾ ਬਦਲ ਨਾ ਤਾਂ ਉਹ ਅਰਬੀ ਮੂਲ ਦੇ ਬਣ ਸਕਦੇ ਹਨ ਅਤੇ ਨਾ ਹੀ ਆਪਣੇ ਅਸਲ ਭਾਰਤੀ ਜਾਂ ਹਿੰਦੂ ਪਿਛੋਕੜ ਨੂੰ ਨਕਾਰ ਸਕਦੇ ਹਨ l ਇਸ ਲਈ ਆਪਣੀ ਪੰਜਾਬੀ ਮਾਂ ਬੋਲੀ ਦੀ ਕੁਰਬਾਨੀ ਦੇ ਉਰਦੂ ਬੋਲੀ ਅਪਣਾ ਉਹ ਆਪਣੀ ਮੂਲ ਪਹਿਚਾਣ ਬਦਲਨ ਲਈ ਕੋਸ਼ਿਸ਼ ਕਰ ਰਹੇ ਹਨ l ਇਸ ਸੱਭ ਦੇ ਸਿੱਟੇ ਸਦਕਾ ਲਹਿੰਦੇ ਪੰਜਾਬ ਵਿੱਚ ਪੰਜਾਬੀ ਅੱਜਕਲ ਸਿਰਫ ਅਨਪੜਾਂ ਅਤੇ ਗਵਾਰਾਂ ਦੀ ਭਾਸ਼ਾ ਬਣ ਕੇ ਰਹਿ ਗਈ ਹੈ l ਆਪਣੀ ਮਾਂ ਬੋਲੀ ਛੱਡ ਆਪਣਾ ਮੂਲ ਭੁੱਲ ਨਵੀ ਪਹਿਚਾਣ ਅਪਨਾਉਣ ਦੀ ਜਿਹੜੀ ਕੋਸ਼ਿਸ਼ ਲਹਿੰਦੇ ਪੰਜਾਬ ਵਿੱਚ ਹੋ ਰਹੀ ਹੈ ਉਹ  ਉੱਥੇ ਦੀ ਨਵੀ ਪੀੜੀ ਵਿੱਚ ਪਛਾਣ ਸੰਕਟ ਪੈਦਾ ਕਰ ਉੱਥੇ ਦੇ ਪੰਜਾਬੀ ਸੱਭਿਆਚਾਰ ਨੂੰ ਹੋਲੀ ਹੋਲੀ ਨਸ਼ਟ ਕਰ ਰਹੀ ਹੈ l ਪਾਕਿਸਤਾਨ ਇਸ ਤੋਂ ਪਹਿਲਾ ਵੀ ਇਸ ਤਰ੍ਹਾਂ ਦੇ ਸੰਕਟ ਨੂੰ ਝੇਲ ਚੁਕਿਆ ਹੈ ਅਤੇ ਉਸਨੂੰ ਇਸ ਦੀ ਕੀਮਤ ਆਪਣਾ ਅੱਧਾ ਹਿੱਸਾ ਗਵਾ ਕੇ ਉਦੋਂ ਚੁਕਾਉਣੀ ਪਈ ਸੀ ਜਦੋਂ ਪੱਛਮੀ ਪਾਕਿਸਤਾਨ ਦੇ ਹਾਕਮਾਂ ਨੇ ਪੂਰਬੀ ਪਾਕਿਸਤਾਨ ਦੇ ਵਸਨੀਕਾਂ ਨੂੰ ਆਪਣੀ ਬੰਗਾਲੀ ਮਾਂ ਬੋਲੀ (ਜੋ ਕਿ ਹਿੰਦੂ ਲਿੱਪੀ ਸੰਸਕ੍ਰਿਤ ਤੇ ਆਧਾਰਿਤ ਹੈਨੂੰ ਛੱਡ ਅਰਬੀ ਲਿੱਪੀ ਦੀ ਬੋਲੀ ਉਰਦੂ ਉਹਨਾਂ ਤੇ ਥੋਪ ਦਿੱਤੀ ਸੀ ਅਤੇ ਪੂਰਬੀ ਪਾਕਿਸਤਾਨ ਦੇ ਬੰਗਾਲੀ ਵਸਨੀਕ ਜੋ ਕਿ ਆਪਣੇ ਪਿਛੋਕੜ, ਆਪਣੇ ਸੱਭਿਆਚਾਰ ਅਤੇ ਆਪਣੀ ਬੋਲੀ ਤੇ ਬਹੁਤ ਮਾਣ ਮਹਿਸੂਸ ਕਰਦੇ ਸਨ ਆਪਣੀ ਬੰਗਾਲੀ ਮਾਂ ਬੋਲੀ ਨੂੰ ਕਿਸੇ ਵੀ ਕੀਮਤ ਤੇ ਛੱਡਣ ਨੂੰ ਤਿਆਰ ਨਹੀਂ ਸਨ l ਇਸ ਸਭ ਦੇ ਨਤੀਜੇ ਸਿੱਟੇ ਪੂਰਬੀ ਪਾਕਿਸਤਾਨ ਕਿਵੇਂ ਪੱਛਮੀ ਪਾਕਿਸਤਾਨ ਤੋਂ ਅਲੱਗ ਹੋ ਬੰਗਲਾਦੇਸ਼ ਬਣ ਗਿਆ ਅਸੀਂ ਸੱਭ ਜਾਣਦੇ ਹਾਂ l ਪਾਕਿਸਤਾਨ ਦੇ ਮੌਜੂਦਾ ਹਾਲਾਤ ਸਦਕਾ ਪਾਕਿਸਤਾਨੀ ਬੁੱਧੀਜੀਵੀ ਪਾਕਿਸਤਾਨ ਦਾ ਇਕ ਹੋਰ ਵਿਭਾਜਨ ਹੁੰਦਾ ਦੇਖ ਰਹੇ ਹਨ l

ਮੇਰੇ ਪਿਛਲੇ ਸੁਲਤਾਨਪੁਰ ਲੋਧੀ ਫੇਰੇ ਤੇ ਮੈਂ ਆਪਣੇ ਇਕ ਦੋਸਤ ਦੇ ਘਰ ਗਿਆ ਤਾਂ ਉਸ ਨੂੰ ਆਪਣੀ ਧੀ, ਜੋ ਕਿ ਇਕ ਕਾਨ੍ਵੇੰਟ  ਸਕੂਲ ਵਿੱਚ ਨਰਸਰੀ ਕਲਾਸ ਦੀ ਵਿਦਿਆਰਥਣ ਹੈ, ਨਾਲ ਹਿੰਦੀ ਵਿਚ ਗੱਲ ਬਾਤ ਕਰਦੇ ਸੁਣਿਆ l ਜਦੋ ਓਹਨਾ ਦੀ ਗੱਲ ਖਤਮ ਹੋਈ ਤਾਂ ਮੈਂ ਆਪਣੇ ਦੋਸਤ ਨੂੰ ਆਪਣੀ ਬੇਟੀ ਨਾਲ ਹਿੰਦੀ ਗੱਲ ਕਰਨ ਬਾਰੇ ਪੁੱਛਿਆ ਤਾਂ ਮੈਨੂੰ ਜਵਾਬ ਮਿਲਿਆ ਕਿ ਉਸਦੀ ਬੇਟੀ ਦੇ ਸਕੂਲ ਵਿਚ ਵਿਦਿਆਰਥੀ ਪੰਜਵੀ ਜਮਾਤ ਤਕ ਸਿਰਫ ਹਿੰਦੀ ਵਿਚ ਗੱਲ ਕਰ ਸਕਦੇ ਹਨ ਅਤੇ ਛੇਵੀ ਜਮਾਤ ਤੋਂ ਬਾਅਦ ਬੱਚੇ ਸਿਰਫ ਅੰਗਰੇਜ਼ੀ ਵਿਚ ਹੀ ਗੱਲ ਕਰ ਸਕਣਗੇ ਤੇ ਉਹ ਨਹੀਂ ਚਾਹੁੰਦਾ ਕਿ ਉਸਦੀ ਧੀ ਕਿਸੇ ਤੋਂ ਪਿੱਛੇ ਰਹਿ ਜਾਏ l ਜਦੋ ਮੈਂ ਉਸਨੂੰ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਧੀਰ ਸਾਹਿਬ ਅੱਜ ਕੱਲ ਪੰਜਾਬੀ ਦੇ ਤਾਂ ਸਿਰਫ ਗਾਣੇ ਹੀ ਚਲਦੇ ਨੇ ਤੇ ਆਪਣੇ ਬੱਚਿਆਂ ਨੇ ਕਿਹੜਾ ਗਾਣੇ ਗਾਣ ਵਾਲੇ ਬਣਨਾ l ਦੇਰ ਸਵੇਰ ਬੱਚਿਆਂ ਨੇ ਜਦੋ ਬਾਹਰ ਜਾਣਾ ਤਾਂ ਉਥੇ ਸਿਰਫ ਅੰਗਰੇਜ਼ੀ ਹੀ ਚੱਲਣੀ ਹੈ, ਪੰਜਾਬੀ ਨੂੰ ਬਾਹਰ ਕਿੰਨੇ ਪੁੱਛਣਾ? ਉਸਦਾ ਜਵਾਬ ਸੁਣ ਜਿੰਨੀ ਮਾਯੂਸੀ ਮੈਨੂੰ ਉਸ ਦਿਨ ਹੋਈ ਉੰਨੀ ਮਾਯੂਸੀ ਮੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਸੀ ਹੋਈ l ਪੰਜਾਬੀ ਮਾਧਿਅਮ ਵਿੱਚ ਮੇਰੀ ਜ਼ਿਆਦਾਤਰ ਪੜਾਈ ਸਰਕਾਰੀ ਸਕੂਲਾਂ ਅਤੇ ਸਰਕਾਰੀ ਕਾਲਜਾਂ ਦੀ ਰਹੀ ਹੈ l ਭਾਵੇ ਮੈਂ ਅੰਗਰੇਜ਼ੀ ਅਤੇ ਹਿੰਦੀ ਓਨੀ ਹੀ ਸੋਖ ਨਾਲ ਬੋਲ ਲੈਂਦਾ ਹਾਂ ਜਿੰਨੀ ਸੋਖ ਨਾਲ ਮੈਂ ਪੰਜਾਬੀ ਬੋਲਦਾ ਹਾਂ ਪਰ ਗੱਲਬਾਤ ਕਰਨ ਲਈ ਪੰਜਾਬੀ ਅੱਜ ਵੀ ਮੇਰੀ ਪਹਿਲੀ ਪਸੰਦ ਹੈ l ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖਕੇ ਆਪਣੇ ਆਪਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਓਵੇਂ ਹੀ ਮੈਨੂੰ ਪੰਜਾਬੀ ਲਿਖਣ, ਪੜਨ ਅਤੇ ਬੋਲਣ ਨਾਲ ਮਹਿਸੂਸ ਹੁੰਦਾ ਹੈਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਇਕ ਗੀਤ ਵਿੱਚ ਕਿਹਾ ਹੈ, 'ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ' l ਯਾਤਾਯਾਤ ਦੇ ਬਹੁਤ ਸਾਰੇ ਸਾਧਨ ਉਪਲਬਧ ਹੋਣ ਕਰਕੇ ਹੁਣ ਦੂਰ ਦੁਰਾਡੇ ਰਾਜਾਂ ਅਤੇ ਮੁਲਕਾਂ ਵਿੱਚ ਜਾਣਾ ਬੜਾ ਸੌਖਾ ਹੈ ਅਤੇ ਓਥੇ ਗੱਲਬਾਤ ਕਰਨ ਲਈ ਓਥੇ ਦੀ ਭਾਸ਼ਾ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਮਾਂ ਬੋਲੀ ਨੂੰ ਭੁੱਲ ਦੂਜੀ ਬੋਲੀ ਨੂੰ ਸੀਨੇ ਲਗਾਉਣਾ ਸਾਨੂੰ ਆਪਣੇ ਆਪ ਤੋਂ ਦੂਰ ਕਰ ਦਿੰਦਾ ਹੈਇਤਿਹਾਸ ਗਵਾਹ ਹੈ ਜੋ ਕੋਮਾਂ ਆਪਣੀ ਮਾਂ ਬੋਲੀ ਦਾ ਪੱਲਾ ਫੜ ਕੇ ਚੱਲੀਆਂ ਹਨ ਉਹਨਾਂ ਕੋਮਾਂ ਦੀ ਤਰੱਕੀ ਕੋਈ ਨਹੀਂ ਰੋਕ ਸਕਿਆ l ਰੂਸ, ਚੀਨ, ਜਰਮਨ, ਫਰਾਂਸ ਆਦਿ ਦੇਸ਼ਾਂ ਦੀ ਤਰੱਕੀ ਉਹਨਾਂ ਦੀ ਆਪਣੀ ਮਾਂ ਬੋਲੀ ਕਰਕੇ ਹੀ ਸੰਭਵ ਹੋ ਸਕੀ ਹੈ l  

ਪੰਜਾਬ ਵਿੱਚ ਜਾਂ ਪੰਜਾਬੀ ਮਾਂ ਪਿਓ ਦੇ ਘਰ ਵਿੱਚ ਪੈਦਾ ਹੋਣ ਨਾਲ ਹੀ ਅਸੀਂ ਪੰਜਾਬੀ ਨਹੀਂ ਬਣ ਜਾਂਦੇ ਸਾਨੂੰ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਬਣਾਉਂਦੀ ਹੈ l ਪੰਜਾਬ ਵਿਚ ਟੈਲੀਵਿਜ਼ਨ ਤੇ ਆਉਣ ਵਾਲੇ ਲੱਚਰ ਪ੍ਰੋਗਰਾਮਾਂ ਅਤੇ ਗਾਣਿਆਂ ਵਿੱਚ ਮੁਰਗੇ ਦੀ ਕਲਗੀ ਵਾਂਗਰ ਵਾਲ ਖੜੇ ਕਰ, ਫਾਟੇ ਕੱਪੜੇ ਪਾ, ਮਾਸਾ ਮੋਟੀ ਅੰਗਰੇਜ਼ੀ ਬੋਲ ਅਤੇ ਬਾਹਰ ਦੇ ਦੇਸ਼ਾਂ ਵਿੱਚ ਡਾਲਰਾਂ ਦੇ ਸਬਜਬਾਗ ਦਿਖਾਉਂਦੇ ਕੁਝ ਅਖੌਤੀ ਕਲਾਕਾਰਾਂ ਵਲੋਂ ਨਵੀਂ ਪਨੀਰੀ ਵਿਚ ਜਿਹੜਾ ਪਛਾਣ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਸਾਡੇ ਪੰਜਾਬ ਨੂੰ ਪਤਾ ਨਹੀਂ ਕਿਧਰ ਲੈ ਕੇ ਜਾਵੇਗੀਲੋੜ ਹੈ ਮਾਂ ਬੋਲੀ ਪੰਜਾਬੀ ਨੂੰ ਫਿਰ ਤੋਂ ਅਪਨਾਉਣ ਦੀ ਅਤੇ ਇਸਨੂੰ ਉਹ ਜਗਾਹ ਦੇਣ ਦੀ ਜਿਸ ਦੀ ਸਾਡੀ ਮਾਂ ਬੋਲੀ ਸਹੀ ਹੱਕਦਾਰ ਹੈ l

ਜੁਗ ਜੁਗ ਜੀਵੇ ਪੰਜਾਬੀ ਮਾਂ ਬੋਲੀ l



No comments:

Post a Comment