ਮੇਰੀ ਇਕ ਦੋਸਤ ਮੋਹਾਲੀ ਪੜਦੀ ਸੀ ਅਤੇ ਜਦੋਂ ਵੀ ਕਦੀ ਫੋਨ ਸਾਡੀ ਤੇ ਗੱਲ ਹੋਣੀ ਤਾਂ ਉਸਨੇ ਮੈਨੂੰ ਮੋਹਾਲੀ ਆਉਣ ਬਾਰੇ ਪੁੱਛਣਾ ਤੇ ਮੈਂ ਹਰ ਬਾਰ ਉਹਨੂੰ ਆਖਣਾ ਕਿ ਮੈਂ ਜਲਦੀ ਹੀ ਮੋਹਾਲੀ ਆਵਾਂਗਾ l ਕੁਝ ਇਕ ਮਹੀਨਿਆਂ ਮਗਰੋਂ ਜਦੋ ਮੈਂ ਚੰਡੀਗੜ੍ਹ ਕਿਸੇ ਕੰਮ ਗਿਆ ਤਾਂ ਕੰਮ ਤੋਂ ਜਲਦੀ ਵਿਹਲਾ ਹੋ ਮੈਂ ਆਪਣੀ ਦੋਸਤ ਨੂੰ ਫੋਨ ਕੀਤਾ ਅਤੇ ਉਸਨੂੰ ਮਿਲਣ ਉਸਦੇ ਹੋਸਟਲ ਚਲਾ ਗਿਆ l ਉਸਦੇ ਹੋਸਟਲ ਪਹੁੰਚਿਆ ਹੀ ਸੀ ਕਿ ਉਹ ਮੈਨੂੰ ਆਪਣੇ ਹੋਸਟਲ ਦੇ ਬਾਹਰ ਮੇਰੀ ਉਡੀਕ ਕਰਦੀ ਮਿਲੀ l ਅਸੀਂ ਦੋਹੇਂ ਉਸਦੇ ਹੋਸਟਲ ਦੇ ਸਾਹਮਣੇ ਬਣੇ ਈਸ਼ਵਰ ਰੈਸਟੂਰੈਂਟ ਜਾ ਬੈਠੇ ਅਤੇ ਗੱਲਬਾਤ ਸ਼ੁਰੂ ਕਰ ਦਿੱਤੀ l ਉਹ ਪਹਿਲੀ ਵਾਰ ਆਪਣੇ ਘਰ ਤੋਂ ਦੂਰ ਕਿਸੇ ਹੋਸਟਲ ਵਿਚ ਰਹਿ ਰਹੀ ਸੀ ਅਤੇ ਮੈਂ ਉਸਨੂੰ ਹੋਸਟਲ ਵਿਚ ਰਹਿਣ ਦੇ ਅਨੁਭਵ ਬਾਰੇ ਪੁੱਛਿਆ ਤਾਂ ਉਸਨੇ ਹੋਸਟਲ ਦੀ ਜ਼ਿੰਦਗੀ ਦੀ ਬੜੀ ਤਾਰੀਫ਼ ਕੀਤੀ ਅਤੇ ਆਪਣੀ ਜ਼ਿੰਦਗੀ ਵਿਚ ਆਏ ਫਰਕ ਬਾਰੇ ਦੱਸਿਆ l ਗੱਲਾਂ ਗੱਲਾਂ ਵਿੱਚ ਉਸਨੇ ਦੱਸਿਆ ਕਿ ਉਹ ਆਪਣੀ ਇਕ ਸੀਨੀਅਰ, ਜੋ ਕਿ ਹੋਸਟਲ ਵਿੱਚ ਉਸਦੀ ਪੱਕੀ ਸਹੇਲੀ ਸੀ, ਨੂੰ ਐਨਾ ਪਸੰਦ ਕਰਦੀ ਹੈ ਕਿ ਜੇ ਉਸਦਾ ਕੋਈ ਭਰਾ ਹੁੰਦਾ ਤਾਂ ਉਹ ਉਸਦਾ ਉਸਨੂੰ ਆਪਣੀ ਭਾਬੀ ਬਣਾ ਆਪਣੇ ਘਰ ਲੈ ਆਉਂਦੀ l ਉਸਦੀ ਇਹ ਗੱਲ ਸੁਣ ਮੇਰੇ ਮੂੰਹੋ ਨਿਕਲਿਆ ਕਿ ਮੇਰੀ ਘਰਵਾਲੀ ਨੇ ਵੀ ਤਾਂ ਉਸਦੀ ਭਾਬੀ ਹੀ ਲੱਗਣਾ ਹੈ ਅਤੇ ਜੇ ਉਸਨੂੰ ਲੱਗਦਾ ਹੈ ਕਿ ਮੈਂ ਉਸਦੀ ਸਹੇਲੀ ਨੂੰ ਖੁਸ਼ ਰੱਖ ਸਕਦਾ ਹਾਂ ਤਾਂ ਮੇਰੇ ਬਾਰੇ ਉਸ ਨਾਲ ਗੱਲ ਕਰ ਲਵੇ l ਮੇਰੀ ਗੱਲ ਖ਼ਤਮ ਹੋਣ ਦੇ ਦੇਰ ਸੀ ਕਿ ਉਸ ਹੱਸ ਕੇ ਮੇਰੇ ਮੋਢੇ ਮੁੱਕਾ ਮਾਰਿਆ ਅਤੇ ਹੱਥ ਜੋੜ ਕਿਹਾ ਕਿ ਮੈਂ ਉਸਨੂੰ ਮਾਫ ਕਰਾ ਅਤੇ ਜਾ ਕੇ ਉਸ ਕੁੜੀ ਨਾਲ ਆਪ ਗੱਲ ਕਰ ਲਵਾਂ l ਬਿਨਾ ਸੋਚੇ ਸਮਝੇ ਉਹ ਗੱਲ ਆਖ ਮੈਂ ਪਛਤਾਇਆ ਤਾਂ ਬਹੁਤ ਪਰ ਹੁਣ ਹੋ ਕੀ ਸਕਦਾ ਸੀ l ਮੈਂ ਉਸਨੂੰ ਕੋਈ ਗ਼ਲਤ ਸੰਦੇਸ਼ ਵੀ ਨਹੀਂ ਦੇਣਾ ਚਾਹੁੰਦਾ ਸੋ ਇਸ ਵਿਸ਼ੇ ਨੂੰ ਛੱਡ ਥੋੜਾ ਹੋਰ ਵਕ਼ਤ ਉਸਦੇ ਨਾਲ ਇਧਰ ਉਧਰ ਦੀਆਂ ਗੱਲਾਂ ਕਰ ਮੈਂ ਵਾਪਿਸ ਜਲੰਧਰ ਆਉਣ ਲਈ ਬੱਸ ਫੜ ਲਈ ਤੇ ਪੂਰੇ ਰਸਤੇ ਉਸ ਦਿਨ ਜੋ ਕੁਝ ਵਾਪਰਿਆ ਉਸ ਬਾਰੇ ਸੋਚਦਾ ਰਿਹਾ ਅਤੇ ਬਾਰ ਬਾਰ ਮੇਰਾ ਦਿਲ ਮੈਨੂੰ ਆਖਦਾ ਕੀ ਪਤਾ ਨਸੀਬਾਂ ਦਾ ਜੇ ਇਹ ਹੋਣਾ ਹੋਊ ਆਪੇ ਹੋ ਜਾਵੇਗਾ l ਇਹ ਸਭ ਸੋਚਦਾ ਮੈਂ ਵਾਪਿਸ ਆਪਣੇ ਹੋਸਟਲ ਪੁੱਜ ਆਪਣੇ ਰੋਜ਼ਾਨਾ ਦੇ ਕਾਰਜਾਂ ਵਿੱਚ ਰੁਝ ਇਸ ਵਾਕਏ ਨੂੰ ਭੁੱਲ ਗਿਆ l
ਕੋਈ ਦੋ ਹਫਤਿਆਂ ਪਿੱਛੋਂ ਮੈਨੂੰ ਉਸਨੇ ਫੋਨ ਕਰਕੇ ਕੋਈ ਜਰੂਰੀ ਕੰਮ ਦੱਸ ਫੌਰੀ ਤੋਰ ਤੇ ਮੋਹਾਲੀ ਆਉਣ ਬਾਰੇ ਆਖਿਆ l ਮਹੀਨੇ ਦੇ ਅਖੀਰੀ ਦਿਨ ਹੋਣ ਕਰਕੇ ਮੇਰੇ ਪੈਸੇ ਖਤਮ ਹੋ ਚੁਕੇ ਸਨ ਅਤੇ ਘਰੋਂ ਹੋਰ ਪੈਸੇ ਮੰਗਵਾਉਣ ਦੀ ਹਿੰਮਤ ਨਹੀਂ ਸੀ ਸੋ ਇਕ ਦੋਸਤ ਕੋਲੋਂ ਪੈਸੇ ਉਧਾਰ ਫੜ ਮੈਂ ਅਗਲੇ ਹੀ ਦਿਨ ਮੋਹਾਲੀ ਰਵਾਨਾ ਹੋ ਗਿਆ l ਮੋਹਾਲੀ ਉਸਦੇ ਹੋਸਟਲ ਪੁੱਜ ਮੈਂ ਉਸਨੂੰ ਸੁਨੇਹਾ ਭੇਜ ਉਸੇ ਰੈਸਟੂਰੈਂਟ ਵਿੱਚ ਜਾ ਬੈਠਾ l ਕੁਝ ਸਮੇ ਮਗਰੋਂ ਉਹ ਇਕ ਹੋਰ ਕੁੜੀ ਨਾਲ ਉਥੇ ਆਈ ਅਤੇ ਸਤਿ ਸ਼੍ਰੀ ਅਕਾਲ ਬੋਲ ਉਹ ਦੋਨੋ ਮੇਰੇ ਸਾਹਮਣੇ ਰੱਖੀਆਂ ਕੁਰਸੀਆਂ ਤੇ ਬੈਠ ਗਈਆਂ l ਜਦੋ ਮੈਂ ਆਪਣੀ ਦੋਸਤ ਨੂੰ ਜਰੂਰੀ ਕੰਮ ਬਾਰੇ ਪੁੱਛਿਆ ਤਾਂ ਉਹ ਹੋਸਟਲ ਵਿੱਚ ਕੁਝ ਸਮਾਨ ਭੁਲਣ ਦਾ ਆਖ ਆਪਣੀ ਸਹੇਲੀ ਨੂੰ ਮੇਰੇ ਕੋਲ ਬੈਠਾ 'ਮੈਂ ਹੁਣੇ ਆਈ' ਕਹਿ ਆਪਣੇ ਹੋਸਟਲ ਚਲੀ ਗਈ ਤੇ ਹੁਣ ਮੈਂ ਤੇ ਉਹ ਕੁੜੀ ਉਸ ਰੈਸਟੂਰੈਂਟ ਬੈਠੇ ਉਸਦੇ ਮੁੜ ਆਉਣ ਦੀ ਉਡੀਕ ਕਰਨ ਲੱਗ ਪਏ l
ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਬਾਰ ਇਕ ਅਜੇਹੀ ਕੁੜੀ ਨਾਲ ਕਿਸੇ ਰੈਸਟੂਰੈਂਟ ਵਿਚ ਬੈਠਾ ਸੀ ਜਿਸ ਬਾਰੇ ਮੈਂ ਉਸਦੇ ਨਾਮ ਤੋਂ ਬਿਨਾ ਕੁਝ ਹੋਰ ਨਹੀਂ ਸੀ ਜਾਣਦਾ l ਕਣਕ ਭਿਨੇ ਰੰਗ ਦੀ ਉਹਦੀਆਂ ਗੱਲ੍ਹਾਂ ਵਿਚ ਪੈਣ ਵਾਲੇ ਟੋਏ ਅਤੇ ਉਸਦੀ ਠੋਡੀ ਦੇ ਕਾਲੇ ਤਿਲ ਵੱਲ ਦੇਖ ਮੇਰੇ ਮਨ ਵਿਚ ਕਈ ਵਾਰ ਜਰੂਰ ਆਇਆ ਕਿ ਕਿਤੇ ਇਹ ਉਹੀ ਕੁੜੀ ਤਾਂ ਨਹੀਂ ਹੈ ਜਿਸ ਬਾਰੇ ਮੇਰੀ ਦੋਸਤ ਗੱਲ ਕਰ ਰਹੀ ਸੀ ਪਰ ਉਸਨੂੰ ਮੈਂ ਇਹ ਕਿਵੇਂ ਪੁੱਛ ਸਕਦਾ ਸੀ? ਉਸ ਨਾਲ ਗੱਲ ਤਾਂ ਮੈਂ ਕਰਨਾ ਚਾਹੁੰਦਾ ਸੀ ਪਰ ਸਮਝ ਨਹੀਂ ਆ ਰਹੀ ਸੀ ਕਿ ਗੱਲ ਸ਼ੁਰੂ ਕਿਵੇਂ ਕਰਾ ਖੈਰ ਰੱਬ ਦਾ ਨਾ ਲੈ ਮੈਂ ਉਸਨੂੰ ਬੱਤਾ ਪੀਣ ਬਾਰੇ ਪੁੱਛਿਆ ਅਤੇ ਅਸੀਂ ਦੋਹੇ ਬੱਤਾ ਲੈ ਹੋਲੀ ਹੋਲੀ ਪੀਣ ਲੱਗੇ l ਬੱਤਾ ਪੀਂਦੇ ਕਈ ਵਾਰੀ ਮੈਨੂੰ ਐਵੇਂ ਲੱਗਾ ਜਿਵੇ ਬੱਤਾ ਪੀਂਦੀ ਪੀਂਦੀ ਉਹ ਵੀ ਚੋਰ ਅੱਖਾਂ ਨਾਲ ਮੇਰੇ ਵੱਲ ਤੱਕ ਰਹੀ ਹੋਵੇ l ਮੇਰੀ ਦੋਸਤ ਕਦੀ ਵੀ ਆ ਸਕਦੀ ਸੀ ਤੇ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਉਸਦੀ ਸਹੇਲੀ ਕੋਲੋਂ ਉਸਦੀ ਭਾਬੀ ਵਾਲੀ ਪੱਕੀ ਸਹੇਲੀ ਬਾਰੇ ਕੁਝ ਜਾਣਕਾਰੀ ਲਵਾਂ ਸੋ ਉਸ ਕੋਲੋਂ ਕੌਲ ਲੈ ਮੈਂ ਉਸਨੂੰ ਆਪਣੀ ਪਿਛਲੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਬਾਰੇ ਦੱਸਿਆ ਅਤੇ ਆਪਣੀ ਦੋਸਤ ਦੀ ਪੱਕੀ ਸਹੇਲੀ ਬਾਰੇ ਪੁੱਛਿਆ ਤਾਂ ਉਸਨੇ ਮੈਨੂੰ ਦੱਸਿਆ ਕਿ ਉਹ ਮੇਰੀ ਦੋਸਤ ਦੀ ਸੀਨੀਅਰ ਹੈ ਅਤੇ ਅਗਲੇ ਤਿੰਨ ਚਾਰ ਮਹੀਨਿਆਂ ਵਿਚ ਉਸ ਦੀ ਪੜਾਈ ਖਤਮ ਹੋ ਜਾਣੀ ਹੈ ਅਤੇ ਉਸਨੇ ਆਪਣੇ ਸ਼ਹਿਰ ਵਾਪਿਸ ਚਲੇ ਜਾਣਾ ਹੈ l ਮੇਰੇ ਕੋਲ ਸਿਰਫ ਤਿੰਨ ਚਾਰ ਮਹੀਨੇ ਹੀ ਹਨ ਸੋਚ ਮੈਨੂੰ ਲੱਗਿਆ ਕਿ ਇਹ ਕੰਮ ਮੁਸ਼ਕਿਲ ਹੈ ਤੇ ਮੇਰੇ ਕੋਲੋਂ ਨਹੀਂ ਹੋਣਾ l ਕੋਈ ਕੁੜੀ 3-4 ਮਹੀਨੇ ਵਿਚ ਹੀ ਰਾਜੀ ਥੋੜੇ ਹੋ ਸਕਦੀ ਹੈ l ਸੋ ਕਾਹਨੂੰ ਆਪਣੀ ਤੇ ਆਪਣੀ ਦੋਸਤ ਦੀ ਬੇਇੱਜ਼ਤੀ ਕਰਵਾਉਣੀ ਹੈ ਇਹ ਸੋਚ ਮੈਂ ਚੁੱਪ ਕਰ ਗਿਆ ਤੇ ਉਸ ਕੁੜੀ ਨਾਲ ਹੋਰ ਕੋਈ ਗੱਲ ਨਹੀਂ ਕੀਤੀ l ਹੁਣ ਅਸੀਂ ਚੁੱਪ ਚਾਪ ਉੱਥੇ ਬੈਠੇ ਆਪਣੀ ਦੋਸਤ ਦੀ ਉਡੀਕ ਕਰਨ ਲੱਗ ਪਏ ਤੇ ਜਦੋ ਵੀ ਮੈਂ ਉਸ ਕੁੜੀ ਨੂੰ ਦੇਖਦਾ ਉਹ ਹਰ ਬਾਰ ਆਪਣਾ ਮੂੰਹ ਨੀਵੇਂ ਕਰ ਲੈਂਦੀ ਤਾਂ ਮਨ ਵਿੱਚ ਹਰ ਬਾਰ ਆਉਂਦਾ ਕਿ ਰੱਬਾ ਇਹ ਉਹੀ ਕੁੜੀ ਹੋਵੇ ਜਿਸਨੂੰ ਮੇਰੀ ਦੋਸਤ ਆਪਣੀ ਭਾਬੀ ਬਣਾਉਣਾ ਚਾਹੁੰਦੀ ਹੈ ਅਤੇ ਜੇ ਇਹ ਉਹ ਵਾਲੀ ਨਾ ਵੀ ਹੈ ਤਾਂ ਵੀ ਮੈਨੂੰ ਪਸੰਦ ਹੈ l
ਮੇਰੀ ਦੋਸਤ ਨੂੰ ਹੋਸਟਲ ਗਏ ਕਾਫੀ ਚਿਰ ਹੋ ਗਿਆ ਸੀ ਅਤੇ ਉਹ ਮੇਰੀ ਉਮੀਦ ਨਾਲੋਂ ਜ਼ਿਆਦਾ ਸਮਾਂ ਲਗਾ ਰਹੀ ਸੀ l ਵੈਸੇ ਮੇਰਾ ਮਨ ਤਾਂ ਬਿਨਾ ਕੁਝ ਕਹੇ ਉਸ ਕੁੜੀ ਨੂੰ ਵੇਖੀ ਜਾਣ ਦਾ ਕਰ ਰਿਹਾ ਸੀ l ਕੋਈ ਅੱਧੇ ਘੰਟੇ ਮਗਰੋਂ ਜਦੋ ਮੇਰੀ ਦੋਸਤ ਵਾਪਿਸ ਆਈ ਤਾਂ ਸਾਨੂੰ ਦੋਹਾਂ ਨੂੰ ਚੁੱਪ ਬੈਠੇ ਦੇਖ ਆਪਣੇ ਮੱਥੇ ਹੱਥ ਮਾਰ ਹੱਸਣ ਲੱਗੀ l ਇਸਤੋਂ ਪਹਿਲਾਂ ਕਿ ਮੈਂ ਉਸਨੂੰ ਕੁਝ ਪੁੱਛ ਸਕਦਾ ਉਸਨੇ ਮੈਨੂੰ ਦੱਸਿਆ ਕਿ ਇਹ ਉਹੀ ਕੁੜੀ ਹੈ ਜਿਸਨੂੰ ਉਹ ਆਪਣੀ ਭਾਬੀ ਬਣਾਉਣਾ ਚਾਹੁੰਦੀ ਹੈ l ਉਸਦੀ ਗੱਲ ਸੁਣ ਜੋ ਮੇਰੀ ਇਹ ਹਾਲਤ ਸੀ ਕਿ ਜੇ ਅੱਜ ਧਰਤੀ ਮਾਤਾ ਮੈਨੂੰ ਥਾਂ ਦੇਵੇ ਤਾਂ ਮੈਂ ਉਸ ਵਿੱਚ ਛਾਲ ਮਾਰ ਲੁੱਕ ਮਰ ਜਾਵਾਂ l ਉਸ ਕੁੜੀ ਵੱਲ ਵੇਖਣ ਦੀ ਮੇਰੀ ਹਿੰਮਤ ਨਹੀਂ ਸੀ ਹੋ ਰਹੀ ਤੇ ਸ਼ਰਮੋ ਸ਼ਰਮੀ ਅਸੀਂ ਦੋਹੇਂ ਇਕ ਟੱਕ ਜਮੀਨ ਵੱਲ ਵੇਖੀ ਜਾ ਰਹੇ ਸੀ l ਮੇਰੀ ਦੋਸਤ ਸਾਡੀ ਝਿਝਕ ਸਮਝ ਮਾਹੌਲ ਨੂੰ ਥੋੜਾ ਹਲਕਾ ਬਣਾ ਸਾਨੂੰ ਦੁਬਾਰਾ ਇਕੱਲਿਆਂ ਛੱਡ ਵਾਪਿਸ ਆਪਣੇ ਹੋਸਟਲ ਚਲੀ ਗਈ l
ਮੈਂ ਰੱਬ ਦਾ ਸ਼ੁਕਰ ਕਰ ਖੁਸ਼ੀ ਖੁਸ਼ੀ ਉਸ ਨਾਲ ਦੁਬਾਰਾ ਗੱਲ ਬਾਤ ਸ਼ੁਰੂ ਕੀਤੀ ਤੇ ਉਸਨੂੰ ਪੁੱਛਿਆ ਕਿ ਕੀ ਉਸਨੂੰ ਪਤਾ ਸੀ ਕਿ ਮੈਂ ਕੌਣ ਹਾਂ ਤਾਂ ਉਸਨੇ ਦੱਸਿਆ ਕਿ ਉਸਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਕੌਣ ਹਾਂ ਅਤੇ ਮੇਰੀ ਦੋਸਤ ਨੇ ਮੈਨੂੰ ਉੱਥੇ ਕਿਉਂ ਬੁਲਾਇਆ ਹੈ l ਜਦੋ ਮੈਂ ਉਸਨੂੰ ਪੁੱਛਿਆ ਕਿ ਜੇ ਉਸਨੂੰ ਪਹਿਲਾਂ ਪਤਾ ਸੀ ਤਾਂ ਉਸਨੇ ਮੈਨੂੰ ਦੱਸਿਆ ਕਿਉਂ ਨਹੀਂ ਤਾਂ ਮੈਨੂੰ ਜਵਾਬ ਮਿਲਿਆ ਕਿ ਉਹ ਮੈਨੂੰ ਜਾਂਚਣਾ ਚਾਹੁੰਦੀ ਸੀ ਕਿ ਮੇਰਾ ਵਿਵਹਾਰ ਅਣਜਾਣ ਕੁੜੀ ਨਾਲ ਕਿਸ ਤਰ੍ਹਾਂ ਦਾ ਹੈ ਤੇ ਉਸਨੇ ਮੈਨੂੰ ਆਪਣੇ ਇਮਤਿਹਾਨ ਵਿਚ ਅਵੱਲ ਪਾਇਆ ਹੈ l ਮੈਨੂੰ ਇਹ ਤਾਂ ਸਮਝ ਨਹੀਂ ਆਇਆ ਕਿ ਉਸਨੇ ਮੇਰੇ ਵਿਚ ਕੀ ਵੇਖਿਆ ਪਰ ਮੇਰੇ ਬਾਰੇ ਸੋਚ ਦੇ ਦੱਸਣ ਦੇ ਉਸਦੇ ਵਾਇਦੇ ਦੇ ਸਹਾਰੇ ਮੈਂ ਆਪਣੀ ਪੂਰੀ ਜ਼ਿੰਗਦੀ ਕੱਟ ਸਕਦਾ ਸੀ l ਉਸ ਦਿਨ ਕੋਈ 5 ਘੰਟੇ ਉੱਥੇ ਬਿਤਾ ਜਦੋ ਮੈਂ ਜਲੰਧਰ ਵਾਪਿਸੀ ਦੀ ਬੱਸ ਫੜੀ ਤਾਂ ਸਿਰਫ ਮੇਰਾ ਸ਼ਰੀਰ ਹੀ ਮੇਰੇ ਨਾਲ ਵਾਪਿਸ ਮੁੜਿਆ ਤੇ ਆਪਣਾ ਦਿਲ ਮੈਂ ਉਸ ਦਿਨ ਉਸ ਹੂਰਪਰੀ ਦੀਆ ਗੱਲ੍ਹਾਂ ਵਿਚ ਪੈਣ ਵਾਲੇ ਟੋਇਆ ਦੇ ਨਾਮ ਕਰ ਉਸ ਕੋਲ ਛੱਡ ਆਇਆ l
ਉਹਨਾਂ ਦਿਨਾਂ ਵਿੱਚ ਮੋਬਾਈਲ ਫੋਨ ਤੇ ਗੱਲ ਬਾਤ ਕਰਨੀ ਬੜੀ ਮਹਿੰਗੀ ਹੁੰਦੀ ਸੀ ਪਰ ਏਅਰਟੇਲ ਦੀ ਇਕ ਸਕੀਮ ਜਿਸ ਵਿੱਚ ਰਾਤ 11 ਬਜੇ ਤੋਂ ਲੈ ਸਵੇਰੇ 7 ਬਜੇ ਤਕ ਗੱਲਬਾਤ ਸਸਤੀ ਹੁੰਦੀ ਸੀ ਸਾਡੇ ਦੋਹਾਂ ਦੇ ਸੰਪਰਕ ਚ ਰਹਿਣ ਦਾ ਇਕ ਮਾਤਰ ਸਾਧਨ ਸੀ l ਟੈਲੀਫੋਨ ਤੇ ਸ਼ੁਰੂ ਹੋਈਆਂ ਸਾਡੀਆਂ ਛੋਟੀਆਂ ਛੋਟੀਆਂ ਗੱਲ਼ਾਂ ਹੋਲੀ ਹੋਲੀ ਲੰਬੀਆਂ ਹੋਣ ਲੱਗੀਆਂ l ਛੁੱਟੀਆਂ ਵਿਚ ਆਪਣੇ ਆਪਣੇ ਘਰ ਜਾਣ ਤੋਂ ਬਾਅਦ ਚਾਹੇ ਸਾਡੀ ਗੱਲ ਬਾਤ ਸਿਰਫ ਮੈਸਜ ਦੇ ਨਾਲ ਹੀ ਹੁੰਦੀ ਸੀ ਪਰ ਇਕ ਵੀ ਪਲ ਅਜਿਹਾ ਨਹੀਂ ਸੀ ਲੱਗਦਾ ਜਦੋ ਅਸੀਂ ਇਕ ਦੂਜੇ ਨੂੰ ਯਾਦ ਨਾ ਕੀਤਾ ਹੋਵੇ l ਹਰ ਫੋਨ ਤੇ ਲੱਗਣਾ ਕਿ ਉਸੇ ਦਾ ਹੀ ਫੋਨ ਆਇਆ ਹੈ l ਇਕ ਦਿਨ ਆਪਣੇ ਘਰ ਜਾਣ ਤੋਂ ਪਹਿਲਾਂ ਉਸਨੇ ਮੈਨੂੰ ਆਪਣੇ ਕਾਲਜ ਦੇ ਇਕ ਫੰਕਸ਼ਨ, ਜੋ ਕਿ ਲੁਧਿਆਣੇ ਦੇ ਸਤਲੁਜ ਕਲੱਬ ਵਿਚ ਸੀ, ਵਿਚ ਆਉਣ ਦਾ ਨਿਉਤਾ ਦਿੱਤਾ l ਹਾਲਾਂਕਿ ਮੇਰਾ ਉੱਥੇ ਜਾਣਾ ਮੁਸ਼ਕਿਲ ਸੀ ਪਰ ਇਹ ਸੋਚ ਕਿ ਆਸ਼ਿਕੀ ਕਿਹੜੀ ਸੁੱਖਾਲੀ ਹੈ ਮਿੱਥੇ ਦਿਨ ਮੈਂ ਸਤਲੁਜ ਕਲੱਬ ਪਹੁੰਚ ਗਿਆ l ਉਹ ਅਤੇ ਮੇਰੀ ਦੋਸਤ ਸਟੇਜ ਤੇ ਵਿਅਸਤ ਸੀ ਤੇ ਮੈਂ ਇਕੱਲਾ ਉਸਦੇ ਕਾਲਜ ਦੇ ਫੰਕਸ਼ਨ ਦਾ ਆਨੰਦ ਮਾਨਣ ਲਗਾ l ਫੰਕਸ਼ਨ ਖਤਮ ਹੋਣ ਮਗਰੋਂ ਜਦੋ ਉਹ ਮੇਰੇ ਕੋਲ ਆਈ ਤਾਂ ਉਸ ਦਿਨ ਮੈਨੂੰ ਉਹ ਵਾਰਿਸ ਸ਼ਾਹ ਦੀ ਹੀਰ ਜਿਹੀ ਜਾਪੀ ਤੇ ਮੈਂ ਰਾਂਝਾ ਬਣ ਉਸਨੂੰ ਪੁੱਛਿਆ ਕਿ ਇਹ ਸਚਾਈ ਹੈ ਜਾਂ ਮੇਰਾ ਕੋਈ ਸੁਪਨਾ ਹੈ ਤਾਂ ਉਸਨੇ ਆਖਿਆ ਕਿ ਇਹ ਸਚਾਈ ਹੈ ਅਤੇ ਅਸੀਂ ਦੋਹੇ ਰੱਲ ਆਪਣੇ ਸਾਰੇ ਸੁਪਨੇ ਸੱਚ ਕਰਾਂਗੇ l ਮੇਰੇ ਪੈਰ ਉਸ ਦਿਨ ਜਮੀਨ ਤੇ ਨਹੀਂ ਸਨ ਲੱਗਦੇ ਤੇ ਮੈਂ ਉਸ ਮਾਲਿਕ ਦਾ ਸ਼ੁਕਰ ਅਦਾ ਕਰ ਜਲੰਧਰ ਵਾਪਿਸ ਆਪਣੇ ਹੋਸਟਲ ਆਇਆ ਕਿ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਹੈ ਤੇ ਹੁਣ ਮੈਂ ਜਲਦੀ ਸੈੱਟ ਹੋ ਉਸਨੂੰ ਆਪਣੇ ਘਰ ਲੈ ਜਾਣਾ ਹੈ l ਖੁਸ਼ੀ ਖੁਸ਼ੀ ਉਸ ਰਾਤ ਵਾਪਿਸ ਮੁੜਨ ਤੋਂ ਪਹਿਲਾਂ ਉਸਨੇ ਮੈਨੂੰ ਹਦੀਕਾ ਕਿਆਨੀ ਦਾ ਗਾਇਆ 'ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਣਕੇ' ਸੁਣਾਇਆ ਤਾਂ ਗਾਣਾ ਖ਼ਤਮ ਹੋਣ ਤੋਂ ਬਾਅਦ ਮੈਂ ਉਸਨੂੰ ਕਿਹਾ ਕਿ ਉਸ ਮੇਰੇ ਘਰ ਦੀ ਇੱਜ਼ਤ ਬੰਨਣਾ ਹੈ ਤੇ ਮੈਂ ਉਸਨੂੰ ਚੋਰਾਂ ਵਾਂਗਰਾਂ ਨਹੀਂ ਬਲਕਿ ਗਾਜੇ ਬਾਜੇ ਨਾਲ ਪੂਰੀ ਇੱਜ਼ਤ ਨਾਲ ਉਸਦੇ ਘਰ ਦੇ ਦਰਵਾਜੇ ਵਿੱਚੋ ਲੈ ਕੇ ਆਉਣਾ ਹੈ l
ਅਸੀਂ ਜਦੋ ਵੀ ਮਿਲਣਾ ਉਸਨੇ ਮੈਨੂੰ ਹਰ ਵਾਰ ਇਹੀ ਗਾਣਾ ਸੁਣਾਉਣਾ ਅਤੇ ਮੈਂ ਹਰ ਵਾਰ ਉਸਨੂੰ ਕਹਿਣਾ ਬੂਹੇ ਬਾਰੀਆਂ ਵਿੱਚੋ ਨਹੀਂ ਮੈਂ ਉਸਦੇ ਘਰ ਦੇ ਬੂਹੇ ਵਿੱਚੋ ਉਸਨੂੰ ਲੈ ਕੇ ਆਉਣਾ ਹੈ l ਪਰ ਪਿਛਲੀ ਵਾਰ ਜਦੋ ਮੈਂ ਉਹਨੂੰ ਮਿਲਣ ਗਿਆ ਤਾਂ ਉਸਨੇ ਮੈਨੂੰ ਹਦੀਕਾ ਕਿਆਨੀ ਦੇ ਗਾਣੇ ਦੀ ਸਿਰਫ ਆਖਰੀ ਸਤਰ 'ਬਾਜੀ ਇਸ਼ਕੇ ਦੀ ਜਿੱਤ ਲਵਾਂਗੀ ਸੋਹਣਿਆਂ ਰੱਬ ਤੋਂ ਦੁਆ ਮੰਗ ਕੇ' ਸੁਣਾਈ ਤੇ ਘੁੱਟ ਕੇ ਮੈਨੂੰ ਐਵੇ ਜੱਫੀ ਪਾ ਲਈ ਜਿਵੇਂ ਉਹ ਮੈਨੂੰ ਆਪਣੇ ਅੰਦਰ ਸਮਾ ਲੈਣਾ ਚਾਹੁੰਦੀ ਹੋਵੇ l ਮੈਨੂੰ ਲੱਗਿਆ ਕਿ ਅੱਜ ਕੁਝ ਗੱਲ ਤਾਂ ਜ਼ਰੂਰ ਹੋਈ ਹੈ ਉਸਨੇ ਇੰਝ ਕਦੇ ਵੀ ਨਹੀਂ ਕੀਤਾ ਸੀ ਤਾਂ ਮੈਂ ਉਸਨੂੰ ਪੁੱਛਿਆ ਕਿ ਉਸਨੂੰ ਕੋਈ ਤਕਲੀਫ ਜਾਂ ਘਰਵਾਲਿਆਂ ਨੇ ਤਾਂ ਕੁਝ ਕਿਹਾ ਤਾਂ ਉਸਨੇ ਜਵਾਬ ਦਿੱਤਾ ਹੁਣ ਉਹ ਚਾਹੁੰਦੀ ਹੈ ਜਲਦੀ ਅਸੀਂ ਆਪਣੇ ਮੁਕਾਮ ਤੇ ਪੁੱਜੀਏ l ਉਸਦੀ ਗੱਲ ਸੁਨ ਮੈਂ ਉਸਦੇ ਦੋਨੇਂ ਹੱਥ ਫੜ ਚੁੱਮ ਉਸਨੂੰ ਕਿਹਾ ਕਿ ਮੇਰਾ ਨਾਮ ਤਾਂ ਉਹ ਆਪਣੇ ਹੱਥਾਂ ਤੇ ਲਿਖਵਾ ਕੇ ਆਈ ਹੈ ਫਿਰ ਸਾਡੇ ਮੁਕੱਦਰਾਂ ਦੇ ਲੇਖੇ ਕੌਣ ਮਿੱਟਾ ਸਕਦਾ ਹੈ? ਮੇਰੀ ਗੱਲ ਸੁਣ ਉਸਦੇ ਚਿਹਰੇ ਤੇ ਆਈ ਰੁਸ਼ਨਾਈ ਵੇਖ ਜਦੋ ਮੈਂ ਅਸਮਾਨ ਵਿਚ ਪੂਰੇ ਜੋਬਨ ਤੇ ਚਮਕਦੇ ਪੁੰਨਿਆ ਦੇ ਚੰਨ ਨੂੰ ਦੇਖਿਆ ਤਾਂ ਅੱਜ ਮੈਨੂੰ ਅਸਮਾਨੀ ਚੰਦ ਥੋੜਾ ਫਿੱਕਾ ਨਜ਼ਰ ਆਇਆ l
ਰਾਤ ਕਾਫੀ ਹੋ ਗਈ ਸੀ ਅਤੇ ਮੈਂ ਵੀ ਸੁਲਤਾਨਪੁਰ ਜਾਣਾ ਸੀ ਸੋ ਮੈਂ ਉਸਨੂੰ ਵੇਲੇ ਸਿਰ ਘਰ ਪਹੁੰਚਣ ਦਾ ਆਖ ਇਕ ਆਟੋ ਨੂੰ ਆਵਾਜ਼ ਦਿੱਤੀ ਤੇ ਉਸਦਾ ਮੱਥਾ ਚੁੰਮ ਉਸਨੂੰ ਆਟੋ ਤੇ ਬਿਠਾ ਦਿੱਤਾ l ਜਿਵੇ ਹੀ ਉਸਦੇ ਆਟੋ ਨੇ ਉਸਦੇ ਹੋਸਟਲ ਵੱਲ ਚਲਣਾ ਸ਼ੁਰੂ ਕੀਤਾ ਤਾਂ ਮੇਰੇ ਦਿਲ ਨੇ ਪਤਾ ਨਹੀਂ ਕਿਉਂ ਆਖਿਆ ਕਿ ਜਾ ਰੋਕ ਲੈ ,ਅੱਜ ਉਸਨੂੰ ਨਾ ਜਾਣ ਦੇ l ਪਰ ਉਸਦੇ ਹੋਸਟਲ ਦਾਖਿਲ ਹੋਣ ਦਾ ਅੰਤਿਮ ਸਮਾਂ ਕੋਲ ਹੋਣ ਕਰਕੇ ਮੈਂ ਚੁੱਪ ਹੀ ਰਿਹਾ ਅਤੇ ਉਸਦੇ ਆਟੋ ਨੂੰ ਦੂਰ ਜਾਂਦਿਆਂ ਉਦੋਂ ਤਕ ਵੇਖਦਾ ਰਿਹਾ ਜਦੋ ਤਕ ਮੈਨੂੰ ਉਹ ਦਿਖਣਾ ਬੰਦ ਨਹੀਂ ਹੋ ਗਿਆ l ਆਪਣੇ ਘਰ ਤੱਕ ਦੇ ਸਾਰੇ ਰਸਤੇ ਪਿਛਲੀ ਰਾਤ ਭੇਜੇ ਉਸਦੇ ਮੈਸਜ ਨੂੰ ਪੜ੍ਹਦਾ ਰਿਹਾ ਅਤੇ ਗ਼ੁਲਾਮ ਅਲੀ ਦਾ ਗਾਇਆ ਹੋਇਆ ਗਾਣਾ 'ਸੋਹਣੀਏ ਨੀ ਤੈਨੂੰ ਮੈਂ ਪਿਆਰ ਕਰਾਂ' ਗੁਨਗੁਣਾਓੰਦਾ ਰਿਹਾ l ਭਰੋਸਾ ਸੀ ਮੈਨੂੰ ਉਸਤੇ, ਉਸਦੀ ਦੁਆ ਤੇ ਅਤੇ ਮੇਰੇ ਲਈ ਉਸਦਾ ਭਰੋਸਾ ਹੀ ਸਭ ਕੁਝ ਸੀ l ਘਰ ਪਹੁੰਚ ਜਦੋ ਮੈਂ ਉਸਨੂੰ ਫੋਨ ਕੀਤਾ ਤਾਂ ਉਸਦਾ ਫੋਨ ਬੰਦ ਮਿਲਿਆ ਅਤੇ ਥੱਕੇ ਹੋਣ ਕਰਕੇ ਮੈਂ ਵੀ ਜਲਦੀ ਸੋ ਗਿਆ l ਅਗਲੇ ਸਵੇਰ ਵੀ ਉਸਦਾ ਫੋਨ ਬੰਦ ਹੀ ਮਿਲਿਆ ਤਾਂ ਮੈਂ ਨਹਾ ਧੋ ਤਿਆਰ ਹੋ ਜਲੰਧਰ ਆਪਣੇ ਦਫਤਰ ਚਲਾ ਗਿਆ l ਤਿਉਹਾਰਾਂ ਦਾ ਸੀਜਨ ਹੋਣ ਕਰਕੇ ਦਫਤਰ ਕੰਮ ਕੁਝ ਜ਼ਿਆਦਾ ਸੀ ਸੋ ਦਫਤਰੋਂ ਛੁੱਟੀ ਦੇਰ ਨਾਲ ਹੋਣ ਕਰਕੇ ਸੁਲਤਾਨਪੁਰ ਲੋਧੀ ਵਾਪਿਸ ਮੁੜਨ ਦਾ ਇਕ ਮਾਤਰ ਸਾਧਨ ਰਾਤ 9 ਬਜੇ ਵਾਲੀ ਡੀ. ਐਮ. ਯੂ. ਹੀ ਸੀ l ਡੀ. ਏ. ਵੀ. ਕਾਲਜ ਦੇ ਹਾਲਟ ਦੀ ਪਾਰਕਿੰਗ ਵਿਚ ਆਪਣੀ ਮੋਟਰਸਾਈਕਲ ਖੜੀ ਕਰ ਮੈਂ ਜਦੋ ਉਸਨੂੰ ਫੋਨ ਕੀਤਾ ਤਾਂ ਉਸਦਾ ਫੋਨ ਹਾਲੇ ਵੀ ਬੰਦ ਆ ਰਿਹਾ ਸੀ l ਮਨ ਵਿਚ ਬਹੁਤ ਸਾਰੇ ਵਿਚਾਰ ਆ ਰਹੇ ਸਨ ਅਤੇ ਕੋਈ ਚਾਰਾ ਨਾ ਵੇਖ ਮੈਂ ਉਸਦੇ ਭਰਾ ਨੂੰ ਜਦੋ ਫੋਨ ਕੀਤਾ ਤਾਂ ਉਸਨੇ ਪਿਛਲੀ ਰਾਤ ਵਾਪਰੇ ਹਾਸਦੇ ਬਾਰੇ ਦੱਸਿਆ ਕਿ ਮੋਤੀ ਨਗਰ ਦੇ ਮੋੜ ਤੇ ਕੋਈ ਅਣਪਛਾਤਾ ਵਾਹਨ ਉਸਨੂੰ ਲਹੂ ਲੁਹਾਨ ਕਰ ਸੁੱਟ ਗਿਆ ਤੇ ਇਸਤੋਂ ਪਹਿਲਾ ਕਿ ਕੋਈ ਉਸਨੂੰ ਹਸਪਤਾਲ ਲਿਜਾ ਸਕਦਾ ਸੜਕ ਤੇ ਹੀ ਉਸਨੇ ...... ਇਸ ਤੋਂ ਅੱਗੇ ਉਸਨੇ ਕੀ ਕਿਹਾ ਕੁਝ ਵੀ ਸਮਝ ਨਹੀਂ ਸਕਿਆ ਅਕਲ ਜਵਾਬ ਦੇ ਗਈ ਸੀ ਜਿਵੇਂ l ਸਾਹਮਣੇ ਦੇਖਿਆ ਤਾਂ ਦੂਰ ਮੈਨੂੰ ਚੰਨ ਧਰਤੀ ਤੇ ਉਤਰ ਮੇਰੇ ਵੱਲ ਨੱਠਿਆ ਆ ਰਿਹਾ ਜਾਪਿਆ ਤੇ ਮੈਂ ਜਿਵੇ ਹੀ ਚੰਨ ਨੂੰ ਜੱਫੀ ਪਾਉਣ ਲਈ ਅੱਗੇ ਵੱਧਿਆ ਤਾਂ ਕਿਸੇ ਨੇ ਜ਼ੋਰ ਨਾਲ ਮੈਨੂੰ ਪਲੇਟਫਾਰਮ ਉੱਪਰ ਖਿੱਚਿਆ ਤੇ ਫਿਰ ਆਪਣੇ ਹੱਥਾਂ ਨਾਲ ਚੁੱਕ ਆਪਣੀ ਹਿੱਕ ਲਗਾ ਡੀ. ਐਮ. ਯੂ. ਵਿੱਚ ਬਿੱਠਾ ਸੁਲਤਾਨਪੁਰ ਤਕ ਦੇ ਪੂਰੇ ਰਸਤੇ ਪੂਰੇ ਰਸਤੇ ਮੈਨੂੰ 'ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਣਕੇ" ਸੁਣਾਉਂਦਾ ਰਿਹਾ l ਸੁਲਤਾਨਪੁਰ ਪਹੁੰਚ ਮੇਰੇ ਘਰ ਦੀ ਘੰਟੀ ਬਜਾਈ ਅਤੇ ਜਿਵੇ ਹੀ ਮੇਰੇ ਮਾਤਾ ਜੀ ਨੇ ਘਰ ਦਾ ਦਰਵਾਜਾ ਖੋਲਿਆ ਇਕ ਰੁਸ਼ਨਾਈ, ਮੈਨੂੰ ਮੇਰੇ ਮਾਤਾ ਜੀ ਦੀਆ ਬਾਹਾਂ ਚ ਸੌੰਪ, ਅਸਮਾਨ ਚ ਵਿਚ ਚਮਕਦੇ ਚੰਨ ਵਿਚ ਸਮਾ ਗਈ l
ਮੇਰੀ ਰੂਹ ਨੂੰ ਆਪਣੀ ਚਾਨਣੀ ਨਾਲ ਮਹਿਕਾਉਣ ਵਾਲਾ ਚੰਨ ਚਾਹੇ ਉਸ ਪੁੰਨਿਆ ਦੀ ਰਾਤ ਹਮੇਸ਼ਾ ਲਈ ਆਲੋਪ ਹੋ ਗਿਆ ਹੋਵੇ ਪਰ ਉਸਦੀ ਠੰਡੀ ਛਾਂ ਨੇ ਮੇਰੇ ਜੀਵਨ ਬ੍ਰਿੱਛ ਦੀ ਟਹਿਣੀ ਤੇ ਉੱਗੀ ਪਹਿਲੀ ਪੱਤੀ ਵਾਲੀ ਥਾਂ ਨੂੰ ਸੁੱਕਣ ਨਹੀਂ ਦਿੱਤਾ l ਨਾ ਮੈਂ ਉਹਨੂੰ ਕੰਧਾਂ ਟੱਪਣ ਦਿਤੀਆਂ ਅਤੇ ਨਾ ਹੀ ਕੱਚੇ ਘੜੇ ਤੇ ਤਰਨ ਦਿੱਤਾ ਯਕੀਨ ਤਾਂ ਭਾਵੇਂ ਮੈਨੂੰ ਅੱਜ ਵੀ ਹੈ ਕਿ ਰੱਬ ਤੋਂ ਦੁਆ ਉਸਨੇ ਜਰੂਰ ਮੰਗੀ ਹੋਣੀ ਹੈ l

No comments:
Post a Comment