Tuesday, June 4, 2019

ਆਉਂਦੀ ਦੀਵਾਲੀ













ਸੋਚ ਰਿਹਾ ਇਸ ਵਾਰ ਦੀਵਾਲੀ ਨਵੇਂ ਤਰੀਕੇ ਨਾਲ ਮਨਾਵਾਂ l
ਨਾ ਕਿਸੇ ਨੂੰ ਮਿਠਾਈ ਵੰਡਾ ਅਤੇ ਨਾ ਹੀ ਦੀਵਾ ਜਗਾਵਾਂ l
ਨਾ ਕਿਸੇ ਦੇਵਤੇ ਨੂੰ ਪੂਜਾ ਅਤੇ ਨਾ ਹੀ ਲੱਛਮੀ ਮਨਾਵਾਂ l
ਨਾ ਤਾਂ ਪਾਵਾਂ ਨਵੇਂ ਕੱਪੜੇ ਅਤੇ ਨਾ ਘਰ ਕਲੀ ਕਰਾਵਾਂ l
ਨਾ ਪਟਾਕੇ ਨਾ ਫੁਲਚੜੀ ਅਤੇ ਨਾ ਹੀ ਚੱਕਰੀ ਘੁੰਮਾਵਾਂ l
ਕਿਉਂ ਨਾ ਲੱਛਮੀ ਦੀ ਥਾਂ ਗਰੀਬ ਬੱਚਿਆਂ ਨੂੰ ਘਰ ਆਪਣੇ ਬੁਲਾਵਾਂ l
ਛੋਟੇ ਛੋਟੇ ਬਾਲਾਂ ਨਾਲ ਖੇਡ ਖੇਡ  ਉਹਨਾਂ ਦਾ ਜੀ ਪ੍ਰਚਾਵਾਂ l
ਲਾ ਕੇ ਬੂਟੇ ਖੁਸ਼ੀਆਂ ਵਾਲੇ 'ਨੁਦਰਤ' ਛਾਂ ਠੰਡੀ ਸੋ ਜਾਵਾਂ l

Thursday, April 11, 2019

ਸ਼ੀਸ਼ਾ


ਇਕ ਮਿੱਤਰ ਆਪਣੇ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਲੈ ਭਾਰਤ ਆ ਰਿਹਾ ਸੀ l ਆਉਣ ਤੋਂ ਪਹਿਲਾ ਉਸਨੇ ਮੈਨੂੰ ਏਅਰਪੋਰਟ ਤੋਂ ਹਰਿਦ੍ਵਾਰ ਤਕ ਟੈਕਸੀ ਬੁਕ ਕਰਵਾਉਣ ਲਈ ਆਖਿਆ l ਉਸਨੂੰ ਮਿਲ ਉਸਦੇ ਪਿਤਾ ਜੀ ਦੇ ਦੇਹਾਂਤ ਦਾ ਅਫਸੋਸ ਕਰਨ ਮੈਂ ਟੈਕਸੀ ਵਾਲੇ ਦੇ ਨਾਲ ਏਅਰਪੋਰਟ ਚਲਾ ਗਿਆ l ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਉਸਨੂੰ ਉਸਦੇ ਪਿਤਾ ਜੀ ਦੇ ਦੇਹਾਂਤ ਦਾ ਅਫਸੋਸ ਕੀਤਾ ਅਤੇ ਅਸੀਂ ਟੈਕਸੀ ਲੈ ਕੇ ਜਿਵੇ ਹੀ ਏਅਰਪੋਰਟ ਦੀ ਹੱਦ ਤੋਂ ਬਾਹਰ ਪਹੁੰਚੇ ਤਾਂ ਮੇਰੇ ਮਿੱਤਰ ਦਾ ਧਿਆਨ ਸੜਕ ਤੇ ਚੱਲ ਰਹੇ ਕੁੱਤੇ ਤੇ ਪਿਆ ਅਤੇ ਉਸਨੇ ਮੈਨੂੰ ਦੱਸਿਆ ਕਿ ਵਿਲਾਇਤ ਵਿਚ ਜਾਨਵਰ ਸੜਕਾਂ ਤੇ ਉਸ ਕਦੇ ਨਹੀਂ ਵੇਖੇ l ਥੋੜਾ ਅੱਗੇ ਅਸੀਂ ਧੌਲਾ ਕੂਆਂ ਪੁਹੰਚੇ ਤਾਂ ਨਵਾਂ ਫਲਾਈਓਵਰ ਬਨਣ ਕਰਕੇ ਉਡਦੀ ਮਿੱਟੀ ਅਤੇ ਟੁੱਟੀ ਸੜਕ ਵੇਖ ਭਾਈ ਸਾਹਿਬ ਆਖਣ ਲੱਗੇ ਕਿ ਇਸ ਮੁਲਕ ਦਾ ਕੁਝ ਨਹੀਂ ਹੋ ਸਕਦਾ l ਮਨ ਤਾਂ ਇਕ ਦੋ ਵਾਰੀ ਉਸਨੂੰ ਜਵਾਬ ਦੇਣ ਦਾ ਹੋਇਆ ਪਰ ਉਸਦੇ ਪਿਤਾ ਜੀ ਦੀਆਂ ਅਸਥੀਆਂ ਦਾ ਧਿਆਨ ਕਰ ਮੈਂ ਉਸਦੀਆਂ ਗੱਲਾਂ ਚੁੱਪ ਚਾਪ ਸੁਣਦਾ ਰਿਹਾ l ਥੋੜਾ ਹੋਰ ਅੱਗੇ ਪ੍ਰਗਤੀ ਮੈਦਾਨ ਦੇ ਕੋਲ ਪੁੱਜ ਟੁੱਟੀ ਸੜਕ ਵੇਖ ਮੇਰੇ ਮਿੱਤਰ ਇਕ ਵਾਰੀ ਫਿਰ ਸ਼ੁਰੂ ਹੋ ਗਏ l ਟੈਕਸੀ ਯਮੁਨਾ ਜੀ ਦੇ ਪੁੱਲ ਤੇ ਪਹੁੰਚਣ ਦੇ ਨਾਲ ਹੀ ਮੇਰਾ ਮਿੱਤਰ ਆਪਣਾ ਨੱਕ ਕੱਜਦੇ ਬਾਹਰ ਵੇਖਣ ਲੱਗਾ l ਦੂਰ ਕੋਈ ਬੰਦਾ ਯਮੁਨਾ ਜੀ ਵਿਚ ਪੂਜਾ ਦਾ ਸਮਾਨ ਜਲ ਪ੍ਰਵਾਹ ਕਰ ਰਿਹਾ ਸੀ l ਉਸ ਨੂੰ ਵੇਖ ਅਤੇ ਉੱਥੇ ਆ ਰਹੀ ਮੁਸ਼ਕ ਸੁੰਘ ਮੇਰਾ ਮਿੱਤਰ ਗੁੱਸੇ ਵਿਚ ਅਵਾ ਤਵਾ ਬੋਲਣ ਲੱਗਾ l ਸਰਕਾਰ ਲੋਕਾਂ ਨੂੰ ਯਮੁਨਾ ਜੀ ਵਿਚ ਗੰਦ ਸੁੱਟਣ ਤੋਂ ਰੋਕਦੀ ਕਿਉਂ ਨਹੀਂ l ਸਾਡੀ ਥੇਮਜ਼ ਨਦੀ ਵੇਖ ਲਵੋ ਕਿੰਨੀ ਸਾਫ ਸੁਥਰੀ ਹੈ ਤੇ ਯਮੁਨਾ ਤਾਂ ਗੰਦੇ ਨਾਲੇ ਤੋਂ ਘੱਟ ਨਹੀਂ ਲੱਗਦੀ l ਯਮੁਨਾ ਜੀ ਨੂੰ ਗੰਦਾ ਨਾਲਾ ਆਖ ਉਸ ਮੇਰੇ ਸਬਰ ਦਾ ਬੰਨ ਤੋੜ ਦਿੱਤਾ ਤਾਂ ਮੈਂ ਉਸਨੂੰ ਆਖਿਆ ਕਿ ਜੇ ਉਸਨੂੰ ਯਮੁਨਾ ਜੀ ਐਨੀ ਹੀ ਗੰਦੀ ਲੱਗ ਰਹੀ ਹੈ ਤਾਂ ਉਹ ਹਰਿਦ੍ਵਾਰ ਜਾ ਗੰਗਾ ਜੀ ਵਿੱਚ ਆਪਣੇ ਪਿਤਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਗੰਗਾ ਜੀ ਨੂੰ ਗੰਦਾ ਨਾਲਾ ਬਣਾਉਣ ਕਿਉਂ ਜਾ ਰਿਹਾ ਹੈ l ਆਪਣੇ ਪਿਤਾ ਜੀ ਦੀਆ ਅਸਥੀਆਂ ਉਸ ਸਾਫ ਸੁਥਰੀ ਥੇਮਜ਼ ਨਦੀ ਵਿੱਚ ਜਲ ਪ੍ਰਵਾਹ ਕਿਉਂ ਨਹੀਂ ਕੀਤੀਆਂ? ਵਲੈਤੋਂ ਆ ਕਦੋ ਤਕ ਸਾਡੀ ਮਾਤਭੂਮੀ ਨੂੰ ਭੰਡਦੇ ਰਹੋਗੇ ? ਮੇਰੀਆਂ ਗੱਲਾਂ ਸੁਣ ਮੇਰੇ ਦੋਸਤ ਦੀ ਤਾਂ ਉਹ ਹਾਲ ਸੀ ਜਿਵੇਂ ਕੱਟੋ ਤਾਂ ਖੂਨ ਨਹੀਂ l ਮਨ ਤਾਂ ਉਸਨੂੰ ਸ਼ੀਸ਼ਾ ਹੋਰ ਚੰਗੀ ਤਰਾਂ ਵਿਖਾਉਣ ਦਾ ਸੀ ਪਰ ਉਸਦੇ ਪਿਤਾ ਜੀ ਦੀਆ ਅਸਥੀਆਂ ਦਾ ਧਿਆਨ ਕਰ ਮੈਂ ਨੋਇਡਾ ਮੋੜ ਟੈਕਸੀ ਤੋਂ ਉੱਤਰ ਗਿਆ l ਮੈਨੂੰ ਉਮੀਦ ਹੈ ਹੁਣ ਤਕ ਮੇਰੇ ਦੋਸਤ ਨੇ ਆਪਣੇ ਪਿਤਾ ਜੀ ਦੀਆਂ ਅਸਥੀਆਂ ਦੇ ਨਾਲ ਨਾਲ ਸਾਡੀ ਦੋਸਤੀ ਵੀ ਜਲ ਪ੍ਰਵਾਹ ਕਰ ਦਿੱਤੀ ਹੋਵੇਗੀ l

Monday, March 18, 2019

ਕੋਲੰਬਸ ਦੇ ਸੁਪਨਿਆਂ ਦਾ ਦੇਸ਼


ਪਿੱਛੇ ਜਿਹੇ ਮੈਂ ਉਦੈਪੁਰ ਕਿਸੇ ਕੰਮ ਗਿਆ ਅਤੇ ਕੰਮ ਤੋਂ ਜਲਦੀ ਵਹਿਲਾ ਹੋ ਸਿਟੀ ਪੈਲੇਸ ਘੁੰਮਣ ਚਲਾ ਗਿਆ l ਟਿਕਟ ਖਿੜਕੀ ਤੋਂ ਟਿਕਟ ਲੈ ਮੈਂ ਜਿਵੇਂ ਹੀ ਪੈਲੇਸ ਦੇ ਅੰਦਰ ਪਹੁੰਚਿਆ ਤਾਂ ਪੈਲੇਸ ਦੀ ਖੂਬਸੂਰਤੀ ਵੇਖ ਹੈਰਾਨ ਰਹਿ ਗਿਆ l ਪੈਲੇਸ ਦੇ ਅੰਦਰ ਇਕ ਇਕ ਕਮਰਾ, ਦੀਵਾਰਾਂ, ਛੱਤਾਂ ਅਤੇ ਹੋਰ ਸਾਜ ਸੱਜਾ ਦਾ ਸਮਾਨ ਵੇਖਣ ਯੋਗ ਹੈ l ਕਿੰਨੀ ਮੇਹਨਤ ਕੀਤੀ ਹੋਵੇਗੀ ਬਣਾਉਣ ਵਾਲਿਆਂ ਨੇ ? ਮੇਰਾ ਦਿਲ ਪੈਲੇਸ ਬਣਾਉਣ ਵਾਲਿਆਂ ਲਈ ਅਸ਼ ਅਸ਼ ਕਰ ਉੱਠਿਆ l 

ਮੈਂ ਪੈਲੇਸ ਦੀ ਖੂਬਸੂਰਤੀ ਨੂੰ ਆਪਣੇ ਕੈਮਰੇ ਚ ਕੈਦ ਕਰ ਰਿਹਾ ਸੀ ਕਿ ਮੇਰਾ ਧਿਆਨ ਪੈਲੇਸ ਘੁੰਮ ਰਹੇ ਵਿਦੇਸ਼ੀ ਸੈਲਾਨੀਆਂ ਤੇ ਪਈ l ਉਹ ਸਾਰੇ ਵੀ ਪੈਲੇਸ ਦੀ ਸੁੰਦਰਤਾ ਦਾ ਆਨੰਦ ਮਾਨ ਰਹੇ ਸਨ l ਮੈਂ ਪੈਲੇਸ ਦੀਆਂ ਫੋਟੋ ਖਿੱਚ ਰਿਹਾ ਸੀ ਜਦੋ ਕਿਸੇ ਨੇ ਮੈਨੂੰ ਆਵਾਜ਼ ਦਿੱਤੀ l ਮੈਂ ਪਲਟ ਕੇ ਵੇਖਿਆ ਤਾਂ ਇਕ ਵਿਦੇਸ਼ੀ ਸੈਲਾਨੀ, ਜੋ ਇਕ ਛੋਟੀ ਬੱਚੀ ਨਾਲ ਆਈ ਸੀ, ਨੇ ਮੈਨੂੰ ਫੋਟੋ ਖਿੱਚਣ ਲਈ ਆਖਿਆ l ਮੈਂ ਉਸ ਕੋਲੋਂ ਕੈਮਰਾ ਲੈ ਉਹਨਾਂ ਦੀਆਂ ਫੋਟੋ ਖਿੱਚ ਕੈਮਰਾ ਉਸ ਨੂੰ ਸੁਪੁਰਦ ਕਰ ਦਿੱਤਾ l ਉਸ ਨੇ ਮੈਨੂੰ ਧੰਨਵਾਦ ਆਖਿਆ ਅਤੇ ਮੇਰੇ ਪੁੱਛਣ ਤੇ ਉਸਨੇ ਆਪਣਾ ਨਾਮ ਕੈਥਰੀਨ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਹ ਆਇਰਲੈਂਡ ਤੋਂ ਹੈ ਅਤੇ ਭਾਰਤ ਆਪਣੇ ਪੋਤੀ ਨਾਲ ਘੁੰਮਣ ਆਈ ਹੈ l ਮੈਂ ਜਦੋ ਉਸਨੂੰ ਪੁੱਛਿਆ ਕਿ ਭਾਰਤ ਕਿਵੇਂ ਲੱਗਾ ਤਾਂ ਉਸਨੇ ਦੱਸਿਆ ਕਿ ਉਸਨੂੰ ਭਾਰਤ ਨਾਲ ਐਨਾ ਪਿਆਰ ਹੈ ਕਿ ਉਹ ਹਰ ਦੂਜੇ ਵਰ੍ਹੇ ਭਾਰਤ ਘੁੰਮਣ ਆਉਂਦੀ ਹੈ l ਜਦੋ ਮੈਂ ਉਸਨੂੰ ਪੁੱਛਿਆ ਕਿ ਭਾਰਤ ਵਿੱਚ ਉਸਨੂੰ ਇਨ੍ਹਾਂ ਚੰਗਾ ਕੀ ਲੱਗਦਾ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਸੋਲਵੀ ਸਦੀ ਵਿੱਚ ਜਦੋ ਉਸਦੇ ਦੇਸ਼ ਦੇ ਲੋਕਾਂ ਕੋਲ ਕੁਝ ਨਹੀਂ ਸੀ ਉਸ ਵੇਲੇ ਵੀ ਭਾਰਤ ਵਿੱਚ ਉਦੈਪੁਰ ਦੇ ਸਿਟੀ ਪੈਲੇਸ ਵਰਗੇ ਮਹੱਲ ਸਨ l ਇੱਥੋਂ ਦੇ ਕਿਲ੍ਹੇ, ਮਹੱਲ ਅਤੇ ਹੋਰ ਬਹੁਤ ਸਾਰੇ ਸਮਾਰਕ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਯੂਰੋਪ ਨਾਲੋਂ ਬਹੁਤ ਅੱਗੇ ਸੀ l ਉਸਦੇ ਪੁਰਖੇ ਭਾਰਤ ਵਪਾਰ ਕਰਨ ਆਉਂਦੇ ਸਨ ਅਤੇ ਮਾਲਾ ਮਾਲ ਹੋ ਉਹ ਆਪਣੇ ਦੇਸ਼ ਪਰਤਦੇ l ਭਾਰਤ ਦੀਆਂ ਬਹੁਤ ਸਾਰੀਆਂ ਕਹਾਣੀਆਂ ਉਸ ਨੇ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ ਸਨ ਅਤੇ ਹੁਣ ਉਹ ਆਪਣੀ ਪੋਤੀ ਨੂੰ ਉਹਨਾਂ ਕਹਾਣੀਆਂ ਦੇ ਰੂਬਰੂ ਕਰਵਾਉਣ ਭਾਰਤ ਆਉਂਦੀ ਹੈ l  

ਮੈਂ ਪਹਿਲੀ ਵਾਰ ਕਿਸੇ ਵਿਦੇਸ਼ੀ ਨਾਲ ਇੰਨਾ ਚਿਰ ਗੱਲਬਾਤ ਕੀਤੀ ਸੀ ਅਤੇ ਆਪਣੇ ਦੇਸ਼ ਭਾਰਤ ਲਈ ਉਸਦਾ ਪਿਆਰ ਵੇਖ ਮੇਰਾ ਮਨ ਸ਼ਰਧਾ ਨਾਲ ਭਰ ਗਿਆ l ਉਸਦਾ ਧੰਨਵਾਦ ਕਰ ਮੈਂ ਉਸ ਕੋਲੋਂ ਵਿਦਾ ਲਈ ਅਤੇ ਕਿੰਨਾ ਚਿਰ ਇਸ ਵਾਕੀਏ ਬਾਰੇ ਸੋਚਦਾ ਰਿਹਾ l ਮੇਰੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਵਿਦੇਸ਼ ਰਹਿੰਦੇ ਹਨ ਅਤੇ ਜਿਵੇਂ ਹੀ ਵਿਦੇਸ਼ ਦੀ ਨਾਗਰਿਕਤਾ ਮਿਲਣ ਦੀ ਖ਼ਬਰ ਫੇਸਬੁੱਕ ਤੇ ਦੱਸਦੇ ਹਨ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਵਧਾਈਆਂ ਦਿੰਦੇ ਨਹੀਂ ਥੱਕਦੇ l ਉਹ ਵਧਾਈਆਂ ਕਿਉਂ ਦਿੰਦੇ ਹਨ ਮੈਨੂੰ ਅੱਜ ਤੱਕ ਸਮਝ ਨਹੀਂ ਸਕਿਆ ਹਾਂ l ਦੱਸਾਂ ਵਰ੍ਹਿਆਂ ਦਾ ਵੀਜ਼ਾ ਹੋਣ ਮਗਰੋਂ ਵੀ ਇਕ ਵਾਰੀ ਵੀ ਅਮਰੀਕਾ ਨਾ ਜਾਣਾ ਮੇਰੇ ਬਹੁਤ ਸਾਰੇ ਸ਼ੁਭਚਿੰਤਕ ਮੇਰੀ ਬਹੁਤ ਵੱਡੀ ਗ਼ਲਤੀ ਮੰਨਦੇ ਹਨ l ਤੇ ਮੈਂ ਜਦੋ ਉਹਨਾਂ ਨੂੰ ਆਖਦਾ ਹਾਂ ਕਿ ਗ਼ਲਤੀ ਤਾਂ ਕੋਲੰਬਸ ਕੋਲੋਂ ਹੋਈ ਸੀ ਕਿਉਂਕਿ ਆਪਣੇ ਘਰੋਂ ਤਾਂ ਉਹ ਆਪਣੇ ਸੁਪਨਿਆਂ ਦੇ ਦੇਸ਼ ਭਾਰਤ ਦਾ ਰਸਤਾ ਹੀ ਲੱਭਣ ਗਿਆ ਸੀ ਪਰ ਆਪਣੇ ਰਸਤੇ ਤੋਂ ਭਟਕ ਜਾਣ ਤੇ ਉਹ ਭਾਰਤ ਦੀ ਥਾਂ ਅਮਰੀਕਾ ਪਹੁੰਚ ਗਿਆ l ਮੈਂ ਤਾਂ ਪਹਿਲਾ ਹੀ ਕੋਲੰਬਸ ਦੇ ਸੁਪਨਿਆਂ ਦੇ ਦੇਸ਼ ਦਾ ਵਾਸੀ ਹਾਂ ਫਿਰ ਮੈਂ ਉਹਨਾਂ ਦੇਸ਼ਾਂ ਵਿਚ ਕਿਉਂ ਜਾਵਾਂ ਜਿਨ੍ਹਾਂ ਦੇ ਵਸਨੀਕ ਸੈਂਕੜੇ ਵਰ੍ਹਿਆਂ ਤੋਂ ਮੇਰੇ ਦੇਸ਼ ਭਾਰਤ ਦੇ ਸੁਪਨੇ ਲੈਂਦੇ ਹੋਣ?

Monday, January 28, 2019

ਸਬਕ


ਸ਼ਿੰਦੇ ਤੇ ਜੀਤੀ ਦੇ ਵਿਆਹ ਦੇ ਬਾਰਾਂ ਸਾਲ ਬਾਅਦ ਵਾਹਿਗੁਰੂ ਉਹਨਾਂ ਦੀ ਝੋਲੀ ਮੁੰਡੇ ਦੀ ਦਾਤ ਬਖਸ਼ੀ l ਉਹਨਾਂ ਵਾਹਿਗੁਰੂ ਇਸ ਅਮੁੱਲੀ ਦਾਤ ਦਾ ਨਾਮ ਰੱਖਿਆ 'ਮੇਹਰ' l ਦੋਹੇ ਜੀ ਬੜੇ ਖੁਸ਼ ਸਨ ਦੁਨੀਆ ਦੀਆਂ ਸਬਨਾਂ ਖੁਸ਼ੀਆਂ ਜੋ ਉਹਨਾਂ ਦੀ ਝੋਲੀ ਪੈ ਗਈਆਂ ਸਨ l 

ਸ਼ਿੰਦਾ ਪੜ੍ਹਾਈ ਚ ਚੰਗਾ ਸੀ ਪਰ ਆਪਣੇ ਮਾਪਿਆਂ ਦੀ ਮੌਤ ਜਲਦੀ ਹੋ ਜਾਣ ਕਰਕੇ ਆਪਣੀ ਪੜ੍ਹਾਈ ਵਿਚਾਲੇ ਛੱਡ ਕੱਮ ਕਾਰ ਚ ਲੱਗ ਗਿਆ ਸੀ l ਜ਼ਿਆਦਾ ਪੜ੍ਹ ਲਿਖ ਨਾ ਸਕਣ ਦੀ ਟੀਸ ਉਸਦੇ ਮਨ ਚ ਹਾਲੇ ਤਕ ਸੀ ਤੇ ਮੇਹਰ ਦੇ ਜਨਮ ਤੋਂ ਬਾਅਦ ਉਸਨੇ 

ਸ਼ਿੰਦਾ ਪੜ੍ਹਨ ਲਿਖਣ ਚ ਚੰਗਾ ਸੀ ਪਰ ਆਪਣੇ ਮਾਪਿਆਂ ਦੀ ਮੌਤ ਜਲਦੀ ਹੋ ਜਾਣ ਕਰਕੇ ਆਪਣੀ ਪੜ੍ਹਾਈ ਵਿਚਾਲੇ ਛੱਡ ਕੱਮ ਕਾਰ ਚ ਲੱਗ ਗਿਆ ਸੀ l ਜ਼ਿਆਦਾ ਪੜ੍ਹ ਲਿਖ ਨਾ ਸਕਣ ਦੀ ਟੀਸ ਉਸਦੇ ਮਨ ਚ ਹਾਲੇ ਤਕ ਸੀ ਤੇ ਇਹ ਟੀਸ ਮੇਹਰ ਪੜ੍ਹ ਲਿਖ ਕੇ ਕੱਢ ਸਕਦਾ ਸੀ l ਸ਼ਿੰਦੇ ਦੀ ਬੜੀ ਤਮੰਨਾ ਸੀ ਕਿ ਪੜ ਲਿਖ ਉਸਦਾ ਪੁੱਤਰ ਡਾਕਟਰ ਬਣੇ l ਆਪਣੇ ਪੁੱਤਰ ਨੂੰ ਪੜਾ ਲਿਖਾ ਡਾਕਟਰ ਬਣਾਉਣ ਲਈ ਉਹ ਖੇਤਾਂ ਵਿਚ ਦਿਨ ਦੁਗਣੀ ਅਤੇ ਰਾਤ ਚੌਗੁਣੀ ਮੇਹਨਤ ਕਰਦਾ l

ਖੇਤਾਂ ਵਿਚ ਜੀ ਤੋੜ ਮੇਹਨਤ ਕਰਨ ਤੋਂ ਬਾਅਦ ਸ਼ਿੰਦਾ ਜਦੋ ਘਰ ਪਰਤਦਾ ਤਾਂ ਮੇਹਰ ਨੂੰ ਪੜਦਿਆਂ ਵੇਖ ਖੁਸ਼ ਹੁੰਦਾ ਅਤੇ ਮਨ ਹੀ ਮਨ ਖੁਸ਼ ਹੋ ਉਹ ਉਸ ਵਾਹਿਗੁਰੂ ਦਾ ਸ਼ੁਕਰ ਅਦਾ ਕਰਦਾ ਅਤੇ ਅਗਲੇ ਦਿਨ ਹੋਰ ਮੇਹਨਤ ਕਰਨ ਦਾ ਇਰਾਦਾ ਕਰਦਾ l ਜੀਤੀ ਵੀ ਹੁਣ ਘਰੋਂ ਘੱਟ ਹੀ ਨਿਕਲਦੀ ਸੀ ਮੇਹਰ ਨੂੰ ਸਕੂਲ ਭੇਜ ਉਹ ਘਰ ਦੇ ਕੰਮਾਂ ਚ ਰੁਝੀ ਰਹਿੰਦੀ ਅਤੇ ਉਸਦੇ ਸਕੂਲ ਤੋਂ ਪਰਤ ਆਉਣ ਤੋਂ ਬਾਅਦ ਪੜਾਈ ਕਰਦੇ ਮੇਹਰ ਦੀ ਦੇਖਭਾਲ ਕਰਦੀ ਤੇ ਬਿਨਾਂ ਮੰਗੇ ਹਰ ਚੀਜ ਉਸ ਅੱਗੇ ਹਾਜਰ ਕਰਦੀ l ਮੇਹਰ ਨੂੰ ਸਵਖਤੇ ਉਠਾ ਦੁੱਧ ਦੇ ਪੜਾਉਣ ਬਿਠਾ ਦਿੰਦੀ l ਮੇਹਰ ਨੇ ਵੀ ਮਾਂ ਪਿਓ ਦੇ ਸੁਪਨੇ ਨੂੰ ਆਪਣਾ ਸੁਪਨਾ ਬਣਾ ਲਿਆ l ਜਿਵੇਂ ਕਹਿੰਦੇ ਨੇ ਕਿ ਪੱਕਾ ਇਰਾਦਾ ਤੇ ਰੱਬ ਤੇ ਵਿਸ਼ਵਾਸ ਸਭ ਸੰਭਵ ਕਰ ਦਿੰਦਾ ਹੈ, ਤੇ ਜਦੋ PMT ਦਾ ਨਤੀਜਾ ਆਇਆ ਤਾਂ ਮੇਹਰ ਅਵੱਲ ਨੰਬਰਾਂ ਚ ਕਾਮਯਾਬ ਹੋਇਆ l ਬੱਸ ਹੁਣ ਪੰਝ ਸਾਲਾਂ ਚ ਹੀ ਉਸ ਡਾਕਟਰ ਬਣ ਜਾਣਾ ਸੀ l ਪਿੰਡ ਵਾਲੇ ਸ਼ਿੰਦੇ ਤੇ ਜੀਤੀ ਦੇ ਨਸੀਬ ਤੇ ਰਸਕ ਕਰਦੇ ਸੀ ਆਖਿਰ ਮੇਹਰ ਪਿੰਡ ਦਾ ਪਹਿਲਾ ਡਾਕਟਰ ਜੋ ਬਣਨ ਵਾਲਾ ਸੀ l

ਦਰਬਾਰ ਸਾਹਿਬ ਮੱਥਾ ਟੇਕ 'ਅੰਬਰਸਰ' ਮੈਡੀਕਲ ਕਾਲਜ ਚ ਦਾਖਲੇ ਤੋਂ ਬਾਅਦ ਹੋਸਟਲ ਵਿਚ ਮੇਹਰ ਦਾ ਸਮਾਨ ਰੱਖ ਜਦੋ ਸ਼ਿੰਦੇ ਤੇ ਜੀਤੀ ਨੇ ਪਿੰਡ ਵਾਪਿਸ ਜਾਣ ਲਈ ਰੇਲ ਗੱਡੀ ਫੜੀ ਤਾਂ ਉਹ ਆਪਣੇ ਆਪਨੂੰ ਦੁਨੀਆ ਦਾ ਸਭ ਤੋਂ ਖੁਸ਼ ਕਿਸਮਤ ਮਾਪੇ ਮੰਨਣ ਲੱਗੇ l ਪਿੰਡ ਦੇ ਕੁਝ ਲੋਕ ਜਿਹੜੇ ਪਹਿਲਾ ਸ਼ਿੰਦੇ ਨਾਲ ਸਿਧੇ ਮੂੰਹ ਗੱਲ ਵੀ ਨਹੀਂ ਸਨ ਕਰਦੇ ਹੁਣ ਸ਼ਿੰਦੇ ਕੋਲੋਂ ਬੱਚਿਆਂ ਨੂੰ ਪੜਾਉਣ ਬਾਰੇ ਰਾਏ ਲੈਣ ਲੱਗੇ l ਤੇ ਪਿੰਡ ਦੀਆਂ ਬਹੁਤ ਸਾਰੀਆਂ ਜਨਾਨੀਆਂ ਜੀਤੀ ਦੀਆਂ ਪੱਕੀਆਂ ਸਹੇਲੀਆਂ ਬਣ ਗਈਆਂ l

ਸ਼ਿੰਦੇ ਨੇ ਮੇਹਰ ਨੂੰ ਕੋਈ ਕਮੀ ਨਹੀਂ ਰੱਖੀ l ਮਹੀਨੇ ਦੀ ਹਰ ਪਹਿਲੀ ਤਾਰੀਕ ਨੂੰ ਸ਼ਿੰਦਾ ਮੇਹਰ ਦੇ ਕਾਲਜ ਦੀ ਫੀਸ ਅਤੇ ਜੇਬ ਖਰਚਾ ਮਨੀ ਆਰਡਰ ਕਰ ਆਉਂਦਾ l ਵਰੇ ਛੇਮਾਹੀ ਜਦੋ ਮੇਹਰ ਘਰ ਪਰਤਦਾ ਤਾਂ ਜੀਤੀ ਪੁੱਤਰ ਦੀਆਂ ਬਲਾਵਾਂ ਲੈਂਦੀ ਨਾ ਥੱਕਦੀ l ਪੰਝ ਸਾਲਾਂ ਮਗਰੋਂ ਜਦੋ ਮੇਹਰ ਦੀ ਪੜਾਈ ਖਤਮ ਹੋਈ ਤੇ ਸ਼ਿੰਦੇ ਨੇ ਮੇਹਰ ਨੂੰ ਪਿੰਡ ਹਸਪਤਾਲ ਖੋਲਣ ਬਾਰੇ ਆਖਿਆ ਤਾਂ ਅਗਿਓਂ ਮੇਹਰ ਨੇ ਦੱਸਿਆ ਕਿ ਸਿਰਫ MBBS ਕਰਕੇ ਉਹ ਸਫਲ ਡਾਕਟਰ ਨਹੀਂ ਬਣ ਸਕਦਾ ਬਲਕਿ ਉਸਨੇ ਵਲੈਤ ਜਾ ਡਾਕਟਰੀ ਦੀ ਵੱਡੀ ਪੜ੍ਹਾਈ ਕਰਨੀ ਹੈ l ਇਹ ਪਹਿਲਾ ਮੌਕਾ ਸੀ ਜਦੋ ਸ਼ਿੰਦੇ ਨੂੰ ਆਪਣੇ ਪੁੱਤਰ ਦੀ ਕੋਈ ਗੱਲ ਵਧੀਆ ਨਹੀਂ ਸੀ ਲੱਗੀ ਪਰ ਪੁੱਤਰ ਅਤੇ ਪਿੰਡ ਦੀ ਬੇਹਤਰੀ ਸੋਚ ਉਹ ਚੁੱਪ ਰਿਹਾ ਭਾਵੇਂ ਉਸਨੇ ਵਲੈਤ ਬਾਰੇ ਸੁਣ ਰੱਖਿਆ ਸੀ ਕਿ ਉਥੇ ਗਿਆਂ ਦੀਆਂ ਤਾਂ ਸਿਰਫ ਹੱਡੀਆਂ ਹੀ ਵਾਪਿਸ ਆਉਂਦੀਆਂ ਨੇ l 

ਵਲੈਤ ਚ ਪੜਾਈ ਕਿਹੜੀ ਸਸਤੀ ਸੀ ਪਰ ਸ਼ਿੰਦਾ ਮੇਹਰ ਲਈ ਕੁਝ ਵੀ ਕਰ ਸਕਦਾ ਸੀ l ਜਿਹੜੀ ਜਮੀਨ ਉਸਦੇ ਪਿਓ ਦਾਦੇ ਨੇ ਮਿੱਟੀ ਨਾਲ ਮਿੱਟੀ ਹੋ ਬਣਾਈ ਸੀ ਸ਼ਿੰਦੇ ਨੇ ਅੱਧਿਉਂ ਵੱਧ ਉਹ ਜਮੀਨ ਮਿੱਟੀ ਦੇ ਭਾ ਵੇਚ ਮੇਹਰ ਦੀ ਫੀਸ ਭਰ ਉਸਨੂੰ ਵਲੈਤ ਵੱਡੀ ਪੜਾਈ ਕਰਨ ਭੇਜ ਦਿੱਤਾ l ਮੇਹਰ ਤਾਂ ਚਲਾ ਗਿਆ ਪਰ ਸ਼ਿੰਦਾ ਇਹ ਸੋਚ ਸੋਚ ਪਰੇਸ਼ਾਨ ਸੀ ਕਿ ਜਿੰਨੇ ਰੁਪਏ ਮੇਹਰ ਨੂੰ ਉਹ 'ਅੰਬਰਸਰ' ਭੇਜਦਾ ਸੀ ਉਸਨੂੰ ਉਥੇ ਉਨੇ ਹੀ ਮਿਲਦੇ ਸਨ ਪਰ ਹੁਣ ਉਸਦੇ ਵੀਹ ਰੁਪਏ ਵਲੈਤ ਦੇ ਇਕ ਰੁਪਏ ਦੇ ਬਰਾਬਰ ਹਨ l 

ਵਰੇ ਬੀਤਦੇ ਗਏ ਮੇਹਰ ਮੁੜ ਪਿੰਡ ਨਾ ਆਇਆ ਤੇ ਜਿਹੜੀ ਚਿੱਠੀ ਪਹਿਲਾ ਹਰ ਮਹੀਨੇ ਆਓਂਦੀ ਸੀ ਹੁਣ ਉਹ ਚਿੱਠੀ ਵੀ ਵਰੇ ਛਿਮਾਹੀ ਆਉਣ ਲੱਗੀ l ਜੀਤੀ ਡਾਕੀਏ ਨੂੰ ਹਰ ਰੋਜ ਆਪਣੇ ਪੁੱਤਰ ਦੀ ਚਿੱਠੀ ਬਾਰੇ ਪੁੱਛਦੀ ਤੇ ਡਾਕੀਆ ਅਗਲੇ ਦਿਨ ਲੈ ਕੇ ਆਉਣ ਦਾ ਵਾਇਦਾ ਕਰ ਉਸਤੋਂ ਵਿਦਾ ਲੈਂਦਾ l ਹਰ ਲੰਘਦੇ ਦਿਨ ਦੇ ਨਾਲ ਜੀਤੀ ਦਾ ਦਿਲ ਡੋਲ ਜਾਂਦਾ ਪਰ ਉਸਨੂੰ ਭਰੋਸਾ ਸੀ ਆਪਣੇ ਵਾਹਿਗੁਰੂ ਤੇ l ਇਕ ਦਿਨ ਡਾਕੀਆ ਮੇਹਰ ਦੀ ਚਿੱਠੀ ਲੈ ਕੇ ਆਇਆ ਤੇ ਜਦੋ ਉਸਨੇ ਉਹ ਚਿੱਠੀ ਫੜੀ ਤਾਂ ਚਿੱਠੀ ਨੂੰ ਚੁਮ ਚੁਮ ਆਪਣੇ ਹੰਝੂਆਂ ਨਾਲ ਗਿੱਲਾ ਕਰ ਸ਼ਿੰਦੇ ਦੇ ਹੱਥ ਦਿੱਤੀ l ਸ਼ਿੰਦੇ ਨੇ ਚਿੱਠੀ ਖੋਲ ਉਸਨੂੰ ਪੜ ਸੁਣਾਇਆ ਕਿ ਮੇਹਰ ਨੇ ਵਲੈਤ ਦੀ ਇਕ ਗੋਰੀ ਨਾਲ ਵਿਆਹ ਕਰਵਾ ਲਿਆ ਹੈ ਤਾਂ ਜੀਤੀ ਤਾਂ ਖੁਸ਼ੀ ਦੇ ਮਾਰੇ ਕਮਲੀ ਹੋ ਗਈ l ਜੀਤੀ ਦੇ ਆਖੇ ਲੱਗ ਪੂਰੇ ਪਿੰਡ ਵਿਚ ਚਾਹੇ ਉਸਨੇ ਆਪਣੇ ਪੁੱਤਰ ਦੇ ਵਿਆਹ ਦੇ ਲੱਡੂ ਵੰਡੇ ਪਰ ਪਰ ਮੇਹਰ ਦਾ ਇਸ ਤਰਾਂ ਵਿਆਹ ਕਰਵਾ ਲੈਣਾ ਸ਼ਿੰਦੇ ਨੂੰ ਬਹੁਤ ਬੁਰਾ ਲੱਗਿਆ l ਜੇ ਮੇਹਰ ਏਥੇ ਵਿਆਹ ਕਰਵਾਉਂਦਾ ਤਾਂ ਉਹ ਕਿੰਨੀਆਂ ਸੱਧਰਾਂ ਕਿੰਨੇ ਚਾ ਨਾਲ ਉਸਦਾ ਵਿਆਹ ਕਰਦੇ l ਮੇਹਰ ਨੂੰ ਦੋ ਤਿੰਨ ਚਿੱਠੀਆਂ ਲਿਖਣ ਤੋਂ ਬਾਅਦ ਕੋਈ ਜਵਾਬ ਨਾ ਆਇਆ ਵੇਖ ਸ਼ਿੰਦੇ ਨੇ ਹੁਣ ਉਸਨੂੰ ਚਿੱਠੀ ਲਿਖਣੀ ਬੰਦ ਕਰ ਦਿੱਤੀ l ਸ਼ਿੰਦੇ ਨੂੰ ਮੇਹਰ ਤੇ ਬਹੁਤ ਮਾਨ ਸੀ ਪਰ ਮੇਹਰ ਦੇ ਇਕ ਗੋਰੀ ਨਾਲ ਵਿਆਹ ਕਰਵਾਓਣ ਤੋਂ ਬਾਅਦ ਉਸਨੇ ਮੇਹਰ ਦੇ ਵਾਪਿਸ ਪਰਤ ਆਉਣ ਦੀ ਉਮੀਦ ਛੱਡ ਮੰਜਾ ਫੜ ਲਿਆ l 

ਜੀਤੀ ਨੇ ਸ਼ਿੰਦੇ ਦਾ ਬੜਾ ਇਲਾਜ ਕਰਵਾਇਆ ਪਰ ਜਿਹੜੀ ਦਵਾਈ ਸ਼ਿੰਦੇ ਨੂੰ ਚਾਹੀਦੀ ਸੀ ਉਹ ਤਾਂ ਵਲੈਤ ਸੀ ਤੇ ਅਜਿਹਾ ਕੋਈ ਡਾਕਟਰ ਨਹੀਂ ਸੀ ਜੋ ਉਸਦੀ ਦਵਾਈ ਉਸ ਲਈ ਲਿਆਂ ਸਕਦਾ l ਦੋ ਸਾਲਾਂ ਦੀ ਬਿਮਾਰੀ ਤੋਂ ਬਾਅਦ ਸ਼ਿੰਦੇ ਦੀ ਆਸ ਦਾ ਦੀਵਾ ਉਸਦੇ ਸਾਹਾਂ ਨਾਲ ਬੁਝ ਗਿਆ l ਸੰਸਕਾਰ ਵੇਲੇ ਜੀਤੀ ਨੂੰ ਸ਼ਿੰਦੇ ਦੇ ਕਹੇ ਆਖ਼ਿਰੀ ਸ਼ਬਦ "ਮੇਰੇ ਫੁੱਲ 'ਹਰਦਵਾਰ' ਮੇਹਰ ਹੀ ਪਾਵੇ" ਜੀਤੀ ਦੇ ਕੰਨਾਂ ਵਿਚ ਬਾਰ ਬਾਰ ਗੂੰਜਦੇ ਰਹੇ l  

ਸ਼ਿੰਦੇ ਦੇ ਫੁੱਲ ਚੁਣ ਕੁੱਜੇ ਚ ਰੱਖ ਪਿੰਡ ਵਾਲਿਆਂ ਨੇ ਪਿੰਡ ਦੇ ਡਾਕੀਏ ਕੋਲੋਂ ਮੇਹਰ ਨੂੰ ਚਿੱਠੀ ਲਿਖਾ ਘੱਲੀ ਤੇ ਸ਼ਿੰਦੇ ਦੇ ਅਕਾਲ ਚਲਾਣੇ ਦਾ ਦੱਸ ਜਲਦੀ ਘਰ ਆਉਣ ਬਾਰੇ ਆਖਿਆ l ਕੋਈ ਤੀਹ ਕੁ ਦਿਨਾਂ ਮਗਰੋਂ ਮੇਹਰ ਜਦੋ ਘਰ ਆਇਆ ਤਾਂ ਜੀਤੀ ਦੇ ਗੱਲ ਲੱਗ ਬੜਾ ਰੋਇਆ ਪਰ ਜੀਤੀ ਤਾਂ ਜਿਵੇ ਪੱਥਰ ਹੀ ਹੋ ਗਈ ਸੀ l ਨਾ ਉਹ ਰੋਈ ਅਤੇ ਨਾ ਹੀ ਉਸਨੇ ਕੀਰਨੇ ਪਾਏ l ਕੋਈ ਗੱਲ ਸੀ ਜੋ ਉਸਨੂੰ ਖਾਈ ਜਾ ਰਾਹੀਂ ਸੀ l ਮੇਹਰ ਦੋ ਹਫਤਿਆਂ ਦੀ ਛੁੱਟੀ ਲੈ ਪਿੰਡ ਵਾਪਿਸ ਆਇਆ ਸੀ ਤੇ ਉਹ ਸਭ ਜਲਦੀ ਨਿਪਟਾ ਆਪਣੀ ਮਾਂ ਜੀਤੀ ਨੂੰ ਆਪਣੇ ਨਾਲ ਵਲੈਤ ਲੈ ਜਾਣਾ ਚਾਹੁੰਦਾ ਸੀ l ਵੈਸੇ ਵੀ ਉਸਨੂੰ ਪਿੰਡ ਬੜਾ ਗੰਦਾ ਅਤੇ ਬਦਬੋਦਾਰ ਲੱਗ ਰਿਹਾ ਸੀ ਤੇ ਮਨ ਹੀ ਮਨ ਉਹ ਸ਼ੁਕਰ ਕਰ ਰਿਹਾ ਸੀ ਕਿ ਚੰਗਾ ਹੋਇਆ ਕਿ ਉਸਦੀ ਘਰਵਾਲੀ ਜੈਨੀ ਉਸ ਨਾਲ ਪਿੰਡ ਨਹੀਂ ਸੀ ਆਈ l ਥਾਂ ਥਾਂ ਤੋਂ ਟੁੱਟਿਆ ਹੋਇਆ ਉਹਨਾਂ ਦਾ ਘਰ ਵੇਖ ਪਤਾ ਨਹੀਂ ਜੈਨੀ ਉਸਦੇ ਬਾਰੇ ਕੀ ਸੋਚਦੀ l ਪੂਰੀ ਰਾਤ ਮੱਛਰਾਂ ਨੇ ਉਸਨੂੰ ਸੌਣ ਨਹੀਂ ਦਿੱਤਾ ਤੇ ਉਹ ਸੋਚਦਾ ਰਿਹਾ ਪਤਾ ਨਹੀਂ ਪਿੰਡ ਦੇ ਲੋਕ ਕਿਵੇਂ ਸੌਣਦੇ ਹੋਣਗੇ l ਖੈਰ ਹੋਰ ਤੇਰਾਂ ਚੋਦਾਂ ਦਿਨਾਂ ਦੀ ਤਾਂ ਗੱਲ ਹੈ ਸੋਚ ਖੁਦ੍ਹ ਨੂੰ ਦਿਲਾਸਾ ਦਿੱਤਾ l

ਅਗਲੇ ਦਿਨ ਮੈਟਾਡੋਰ ਕਰਕੇ ਜਦੋ ਉਹ 'ਹਰਦਵਾਰ' ਚੱਲੇ ਤਾਂ ਮੇਹਰ ਪੂਰੇ ਰਸਤੇ ਟੁੱਟੀਆਂ ਹੋਇਆਂ ਸੜਕਾਂ, ਚੌਕਾਂ ਚ ਬਿਨਾ ਦੇਖੇ ਗੱਡੀਆਂ ਚਲਾਉਣ ਵਾਲੇ ਡ੍ਰਾਇਵਰਾਂ, ਸੜਕਾਂ ਤੇ ਘੁੰਮਦੇ ਜਾਨਵਰ ਅਤੇ ਥਾਂ ਥਾਂ ਤੇ ਸੁੱਟੇ ਕੂੜੇ ਦੇ ਪਹਾੜ ਵੇਖ ਆਪਣੇ ਦੇਸ਼ ਦੀ ਬੁਰਾਈ ਕਰਨੋ ਨਹੀਂ ਰਹਿ ਪਾਇਆ l ਐਥੋਂ ਦੀ ਸਰਕਾਰ ਕਰਦੀ ਕੀ ਪਈ ਹੈ? ਵਲੈਤ ਵੇਖ ਲਵੋ ਕਿੰਨਾ ਸਾਫ ਤੇ ਸੋਹਣਾ ਹੈ ਕੋਈ ਗੰਦ ਨਹੀਂ ਪਾਉਂਦਾ, ਸਾਫ ਸੁੰਦਰ ਸੜਕਾਂ ਅਤੇ ਆਲਾ ਦੁਆਲਾ l ਹਰ ਚੀਜ ਸਲੀਕੇ ਨਾਲ ਹੈ l ਸਾਰੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ, ਕੋਈ ਲਾਲ ਬੱਤੀ ਨਹੀਂ ਤੋੜਦਾ, ਸੜਕਾਂ ਚ ਕੋਈ ਟੋਆ ਨਹੀਂ ਹੁੰਦਾ, ਕੋਈ ਜਾਨਵਰ ਸੜਕ ਤੇ ਨਹੀਂ ਦਿਖਦਾ l ਮੱਖੀਆਂ ਮੱਛਰਾਂ ਨੇ ਦਿਨ ਰਾਤ ਜੀਉਣਾ ਹਰਾਮ ਕੀਤਾ ਹੋਇਆ ਹੈ l ਚੰਗਾ ਹੋਇਆ ਮੈਂ ਐਥੋਂ ਚਲਾ ਗਿਆ ਨਹੀਂ ਤਾਂ ਮੈਂ ਵੀ ਐਥੇ ਗੰਦ ਵਿਚ ਰਹਿੰਦਾ l 

ਜੀਤੀ ਬੜੀ ਖਾਮੋਸ਼ੀ ਨਾਲ ਮੇਹਰ ਦੀਆਂ ਗੱਲਾਂ ਸੁਣਦੀ ਰਹੀ ਉਸਨੂੰ ਮੇਹਰ ਦਾ ਸੁਭਾਅ ਸਮਝ ਨਹੀਂ ਸੀ ਆ ਰਿਹਾ l ਪਿੰਡ ਦੀ ਆਬੋ ਹਵਾ ਚ ਪਲਿਆ ਵੱਧਿਆ ਮੇਹਰ ਬਦਲ ਗਿਆ ਸੀ l ਹੁਣ ਉਸਨੂੰ ਆਪਣੇ ਪਿੰਡ ਤੇ ਦੇਸ਼ ਵਿਚ ਕੀੜੇ ਹੀ ਕੀੜੇ ਨਜ਼ਰ ਆ ਰਹੇ ਸਨ l

ਖੈਰ ਹਰਦਵਾਰ ਪੁੱਜ ਕਣਖਲ ਚ ਸ਼ਿੰਦੇ ਦੇ ਫੁੱਲ ਜਲ ਪ੍ਰਵਾਹ ਕਰ ਹਨੂੰਮਾਨ ਘਾਟ ਦੇ ਕੋਲ ਆਪਣੇ ਪਾਂਡੇ ਕੋਲ ਪੁੱਜ ਮੇਹਰ ਨੇ ਆਪਣੇ ਪਿਓ ਦੀ ਮੌਤ ਤੋਂ ਬਾਅਦ ਪਿੰਡ ਦਾਨ ਕਰਨ ਬਾਰੇ ਆਖਿਆ l ਗੱਲਾਂ ਹੀ ਗੱਲਾਂ ਵਿਚ ਬਜ਼ੁਰਗ ਪਾਂਡੇ ਜੀ ਨੇ ਤਜਰਬੇ ਨਾਲ ਮੇਹਰ ਦੇ ਵਲੈਤੋਂ ਆਉਣ ਦਾ ਪਤਾ ਕਰ ਆਪਣੀਆਂ ਪੁਰਾਣੀਆਂ ਪੋਥੀਆਂ ਖੋਲ ਲਈਆਂ l ਮੇਹਰ ਚਾਈਂ ਚਾਈਂ ਉਹਨਾਂ ਪੋਥੀਆਂ ਤੇ ਆਪਣੇ ਪੁਰਖਾਂ ਦੇ ਲੱਗੇ ਅੰਗੂਠੇ ਵੇਖਣ ਲੱਗਾ l ਮੇਹਰ ਦੇ ਦਾਦਿਆਂ ਪੜਦਾਦਿਆਂ ਦੇ ਕਰਮ ਕਾਂਡ ਵੀ ਤਾਂ ਪਾਂਡੇ ਦੇ ਪਿਓ ਦਾਦਿਆਂ ਨੇ ਹੀ ਕੀਤੇ ਸਨ ਤੇ ਇਸ ਵਾਰੀ ਉਹਨਾਂ ਦੇ ਘਰੋਂ ਕੋਈ ਵਲੈਤੀਆ ਆਪਣੇ ਪਿਓ ਦਾ ਕਰਮ ਕਾਂਡ ਕਰਵਾਓਣ ਆਇਆ ਸੀ l ਪਾਂਡੇ ਜੇ ਨੇ ਪੋਲੇ ਜਿਹੇ ਮੂੰਹ ਨਾਲ ਪੂਰੇ ਕਰਮ ਕਾਂਡ ਦੀ ਦੱਖਣਾ ਗਿਆਰਾਂ ਹਾਜਰ ਰੁਪਏ ਕਹਿ ਦਿੱਤੀ l ਰਕਮ ਸੁਣ ਕੇ ਜੀਤੀ ਦਾ ਕਲੇਜਾ ਮੂੰਹ ਨੂੰ ਆ ਗਿਆ ਪਰ ਇਸਤੋਂ ਪਹਿਲਾ ਉਹ ਮੇਹਰ ਨੂੰ ਕੋਈ ਇਸ਼ਾਰਾ ਕਰਦੀ ਮੇਹਰ ਨੇ ਪਾਂਡੇ ਨੂੰ ਹਾਂ ਕਹਿ ਦਿੱਤੀ l ਰਕਮ ਬਹੁਤ ਵੱਡੀ ਸੀ ਪਰ ਮੇਹਰ ਦੇ ਵਲੈਤੀ ਡਾਲਰ ਕਿੰਨੇ ਕੁ ਲੱਗਣੇ ਸਨ l ਨਾਲੇ ਗੱਲ ਆਪਣੀ ਮਾਂ ਦੀਆਂ ਅੱਖਾਂ ਚ ਆਪਣੀ ਇਜ਼ਤ ਬਣਾਉਣ ਦੀ ਵੀ ਸੀ ਕਿ ਕਿਵੇਂ ਉਸਦਾ ਪੁੱਤ ਆਪਣੇ ਪਿਓ ਨੂੰ ਉਹ ਸਵਰਗਾਂ ਚ ਭੇਜਣ ਲਈ ਕੋਈ ਵੀ ਰਕਮ ਖਰਚ ਕਰ ਸਕਦਾ ਹੈ l ਜੇ ਉਹ ਵਲੈਤ ਨਾ ਗਿਆ ਹੁੰਦਾ ਤਾਂ ਕੀ ਉਹ ਕਰਮ ਕਾਂਡ ਤੇ ਐਨੇ ਰੁਪਏ ਖਰਚ ਸਕਦਾ ਸੀ ? ਜੀਤੀ ਇਕ ਠੰਡਾ ਜਿਹਾ ਸਾਹ ਲੈ ਚੁੱਪ ਹੀ ਬੈਠੀ ਰਹੀ l ਬਜ਼ੁਰਗ ਪਾਂਡੇ ਜੀ ਨੇ ਆਪਣੇ ਹੱਥੀਂ ਸ਼ਿੰਦੇ ਦਾ ਕਰਮ ਕਾਂਡ ਕਰਵਾਇਆ ਤੇ ਦੋ ਢਾਈ ਘੰਟੇ ਚ ਹੀ ਦੋਹਾਂ ਮਾਂ ਪੁੱਤਾਂ ਨੂੰ ਵਿਹਲਾ ਕਰ ਪਿੰਡ ਲਈ ਰਵਾਨਾ ਕਰ ਦਿੱਤਾ l 

ਪਿੰਡ ਪਹੁੰਚ ਹੀ ਸੀ ਜਦੋ ਬਿਜਲੀ ਚਲੀ ਗਈ l ਮੇਹਰ ਨੇ ਬਿਜਲੀ ਦੇ ਮੁੜ ਆਉਣ ਦਾ ਪੁੱਛਿਆ ਤਾਂ ਪਤਾ ਚੱਲਿਆ ਕਿ  ਬਿਜਲੀ ਦੇ ਜਾਣ ਦਾ ਵਕ਼ਤ ਤਾਂ ਫਿਰ ਭੀ ਦੱਸ ਸਕਦੇ ਹਾਂ ਪਰ ਬਿਜਲੀ ਦੇ ਵਾਪਿਸ ਆਉਣ ਦਾ ਸਮਾਂ ਤਾਂ ਰੱਬ ਹੀ ਜਾਣਦਾ ਹੈ l ਭਿਆਨਕ ਗਰਮੀ ਉਤੋਂ ਮੱਛਰ, ਨਾ ਘਰ ਵਿਚ ਠੰਡਾ ਪਾਣੀ ਤੇ ਨਾ ਹੀ ਜਨਰੇਟਰ l ਉਸ ਆਪਣੀ ਮਾਂ ਨੂੰ ਪੁੱਛਿਆ ਕਿ ਸੋਲਾਂ ਸੋਲਾਂ ਘੰਟਿਆਂ ਦੇ ਬਿਜਲੀ ਦੇ ਕੱਟਾਂ ਚ ਭਰਵੀਂ ਗਰਮੀ ਕਿਵੇਂ ਕੱਟਦੇ ਨੇ ਐਥੋਂ ਦੇ ਲੋਕ ? ਸਰਕਾਰ ਕੁਝ ਕਰਦੀ ਕਿਉਂ ਨਹੀਂ ? ਵਲੈਤ ਤੋਂ ਐਨੀ ਮੱਦਦ ਆਓਂਦੀ ਹੈ ਸਰਕਾਰ ਉਸਦਾ ਕੀ ਕਰਦੀ ਹੈ? ਬਾਪੂ ਨੇ ਵੀ ਪੂਰੀ ਜ਼ਿੰਦਗੀ ਕੁਝ ਨਹੀਂ ਖੱਟਿਆ ਚੱਲ ਜਨਰੇਟਰ ਨਾ ਸਹੀ ਫਰਿੱਜ ਤਾਂ ਲੈ ਹੀ ਸਕਦਾ ਸੀ l ਮੇਹਰ ਇਸ ਗੱਲ ਨੇ ਉਸਨੂੰ ਅੰਦਰ ਤੱਕ ਲੂਹ ਕੇ ਰੱਖ ਦਿੱਤਾ ਪਰ ਜੀਤੀ ਚੁੱਪ ਚਾਪ ਮੇਹਰ ਨੂੰ ਬੋਲਦਿਆਂ ਕਿੰਨ੍ਹਾ ਚਿਰ ਹੋਰ ਸੁਣਦੀ ਰਹੀ l 

ਸਵੇਰ ਹੁੰਦਿਆਂ ਸਾਰ ਹੀ ਮੇਹਰ ਸ਼ਹਿਰੋ ਜਨਰੇਟਰ ਦੇ ਨਾਲ ਨਾਲ ਕੂਲਰ ਤੇ ਫਰਿੱਜ ਵੀ ਲੈ ਆਇਆ ਤੇ ਪਿੰਡ ਵਾਲਿਆਂ ਨੇ ਕਈਆਂ ਸਾਲਾਂ ਬਾਅਦ ਜੀਤੀ ਦੇ ਘਰ ਕੋਈ ਚੀਜ ਆਈ ਵੇਖ ਜਦੋ ਉਸਨੂੰ ਵਧਾਈਆਂ ਦਿੱਤੀਆਂ ਤਾਂ ਜੀਤੀ ਹਾਲੇ ਵੀ ਪੱਥਰ ਹੀ ਬਣੀ ਰਹੀ l ਖੈਰ ਉਸ ਰਾਤ ਚੰਗੀ ਨੀਂਦ ਸੌਂ, ਮੇਹਰ ਨੇ ਅਗਲੇ ਦਿਨ ਤੋਂ ਜੀਤੀ ਦਾ ਵੀਜ਼ਾ ਲਗਵਾਉਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਤੇ ਕੋਈ ਇਕ ਹਫਤੇ ਬਾਅਦ ਜੀਤੀ ਦੀ ਵੀਜ਼ਾ ਅਤੇ ਹਵਾਈ ਜਹਾਜ਼ ਦੀ ਟਿਕਟ ਖਰੀਦ ਉਹ ਵਲੈਤ ਵਾਪਿਸ ਮੁੜ ਜਾਣ ਦੀਆਂ ਤਿਆਰੀਆਂ ਕਰਨ ਲੱਗਾ l ਘਰ ਵਿਚ ਫਰਿੱਜ, ਕੂਲਰ ਅਤੇ ਜਨਰੇਟਰ ਦੇ ਆ ਜਾਣ ਬਾਅਦ ਵੀ ਉਸ ਲਈ ਪਿਛਲੇ ਦੱਸ ਬਾਰਾਂ ਦਿਨ ਕੋਈ ਸੁਖਾਲੇ ਨਹੀਂ ਰਹੇ ਸਨ l ਲੱਚਰ ਸਾਫ ਸਫਾਈ ਹੋਣ ਕਰਕੇ ਮੱਖੀਆਂ ਮੱਛਰਾਂ ਦੇ ਨਾਲ ਨਾਲ ਹਵਾ ਵਿਚ ਆਉਣ ਵਾਲੀ ਬੋ ਨੇ ਉਸਦੀ ਨੱਕ ਵਿਚ ਦਮ ਕਰ ਦਿੱਤਾ ਸੀ l ਉਸਦਾ ਮਨ ਵਲੈਤ ਵਾਪਿਸ ਜਾਣ ਲਈ ਕਾਹਲਾ ਪੈ ਰਿਹਾ ਸੀ l

ਅੱਜ ਸਵੇਰੇ ਉੱਠ, ਨਹਾ ਧੋ ਕੇ ਉਹ ਪਿੰਡ ਦੇ ਗੁਰਦਵਾਰੇ ਮੱਥਾ ਟੇਕ ਪਿੰਡ ਵਾਲਿਆਂ ਨੂੰ ਜੀਤੀ ਨੂੰ ਆਪਣੇ ਨਾਲ ਲੈ ਅੱਜ ਵਲੈਤ ਚਲੇ ਜਾਣ ਬਾਰੇ ਦੱਸ ਘਰ ਆਇਆ l ਜੀਤੀ ਮੰਜੇ ਤੇ ਚੁੱਪ ਚਾਪ ਬੈਠੀ ਅੰਬਰ ਵੱਲ ਇਕ ਟੱਕ ਦੇਖਦੀ ਕੁਝ ਸੋਚ ਰਹੀ ਸੀ ਜਦੋ ਮੇਹਰ ਨੇ ਸਮਾਨ ਬਾਹਰ ਖੜੀ ਮੈਟਾਡੋਰ ਵਿਚ ਰੱਖ ਉਸਨੂੰ ਆਵਾਜ਼ ਦਿੱਤੀ l ਪੂਰਾ ਪਿੰਡ ਜੀਤੀ ਨੂੰ ਵਿਦਾ ਕਰਨ ਲਈ ਉਸਦੇ ਘਰ ਦੇ ਬਾਹਰ ਇਕੱਠਾ ਹੋ ਗਿਆ ਸੀ l

"ਚੱਲ ਮਾਂ ਆਪਣੇ ਘਰ ਚੱਲੀਏ ਹੁਣ ਆਪਣਾ ਐਥੇ ਕੌਣ ਹੈ", ਮੇਹਰ ਨੇ ਆਖਿਆ l ਸ਼ਿੰਦੇ ਦੇ ਚਲਾਣੇ ਤੋਂ ਹੁਣ ਤੱਕ ਜੀਤੀ ਦੀਆਂ ਅੱਖਾਂ ਚ ਜੋ ਸੋਕਾ ਪਿਆ ਸੀ ਜਿਵੇਂ ਉਹ ਇਕ ਦਮ ਹੀ ਹੰਜੂਆਂ ਦੇ ਮੀਂਹ ਨਾਲ ਖ਼ਤਮ ਹੋ ਗਿਆ l "ਕਿਹੜਾ ਆਪਣਾ ਘਰ ਪੁੱਤ? ਤੇ ਜੇ ਇਹ ਸਭ ਬੇਗਾਨੇ ਹਨ ਤਾਂ ਜਿਹੜੀ ਵਲੈਤ ਤੂੰ ਮੈਨੂੰ ਲੈ ਜਾਣ ਲੱਗਾ ਹੈ ਉੱਥੇ ਆਪਣਾ ਕੌਣ ਰਹਿੰਦਾ ਹੈ?" ਉਸ ਮੇਹਰ ਨੂੰ ਪੁੱਛਿਆ l ਮੇਹਰ ਨੇ ਆਪਣੀ ਮਾਂ ਤੋਂ ਅਜਿਹੇ ਤਿੱਖੇ ਪ੍ਰਸ਼ਨਾਂ ਦੀ ਉਮੀਦ ਕਦੀ ਸੁਪਨੇ ਚ ਵੀ ਨਹੀਂ ਕੀਤੀ ਸੀ l ਕੋਈ ਜਵਾਬ ਸੁਝਦਾ ਨਾ ਦੇਖ ਉਹ ਬਗਲੇ ਝਾਕਣ ਲੱਗਾ l

ਆਪਣੇ ਪ੍ਰਸ਼ਨਾਂ ਦੇ ਜਵਾਬ ਨਾ ਮਿਲਦੇ ਵੇਖ ਜੀਤੀ ਨੇ ਕਿਹਾ, "ਘਰ ਤਾਂ ਆਪਣਾ ਇਹ ਹੈ ਜੋ ਤੂੰ ਕਈ ਵਰੇ ਪਹਿਲਾ ਛੱਡ ਗਿਆ ਸੀ ਤੇ ਕਦੇ ਪਲਟ ਕੇ ਦੇਖਣਾ ਤਾਂ ਦੂਰ ਤੂੰ ਕਦੇ ਪੁੱਛਿਆ ਵੀ ਨਹੀਂ ਕਿ ਘਰਵਾਲੇ ਕਿਵੇਂ ਨੇ, ਘਰ ਦੀਆਂ ਛੱਤਾਂ ਤੇ ਕੰਧਾਂ ਕਿਵੇਂ ਨੇ l ਤੇ ਅੱਜ ਜਦੋ ਤੂੰ ਵਾਪਿਸ ਆਇਆਂ ਹੈ ਤਾਂ ਤੈਨੂੰ ਤਿਨਕਾ ਤਿਨਕਾ ਜੋੜ ਕੇ ਬਣਾਇਆ ਸਾਡਾ ਘਰ ਖੰਡਰ ਲੱਗਣ ਲੱਗ ਪਿਆ l ਜਿਹੜੇ ਧਰਤੀ ਦੀ ਹਿਕ ਦਾ ਅੰਨ ਖਾ, ਦੁੱਧ ਪਾਣੀ ਪੀ, ਗਲੀਆਂ ਚ ਖੇਲਦਾ ਤੂੰ ਵੱਡਾ ਹੋਇਆ ਹੁਣ ਤੈਨੂੰ ਉਸ ਧਰਤੀ ਦੀ ਆਬੋ ਹਵਾ ਤੋਂ ਇਸ ਲਈ ਬੋ ਆਉਣ ਲੱਗ ਪਈ ਹੈ ਕਿਉਂ ਕਿ ਤੂੰ ਵਲੈਤ ਚਲਾ ਗਿਆ ਹੈ l ਤੇਰੇ ਵਾਂਗਰ ਪੜ੍ਹੀ ਲਿਖੀ ਨਹੀਂ ਹਾਂ ਪਰ ਇਹ ਜ਼ਰੂਰ ਜਾਣਦੀ ਹਾਂ ਕਿ ਚਿੜੀ ਦੇ ਘੋਂਸਲੇ ਵਿਚੋਂ ਉਡਾਰੀ ਮਾਰ ਕੇ ਗਏ ਉਸਦੇ ਬੱਚੇ ਚਾਹੇ ਆਪਣਾ ਕਿੰਨਾ ਵੀ ਵੱਡਾ ਅਤੇ ਸੋਹਣਾ ਘੋਂਸਲਾ ਕਿਉਂ ਨਾ ਬਣਾ ਲੈਣ ਪਰ ਕਦੇ ਵੀ ਉਹ ਆਪਣੇ ਪੁਰਾਣੇ ਘੋਂਸਲੇ ਨੂੰ ਭੰਢਦੇ ਨਹੀਂ l ਤੁਸੀਂ ਵਲੈਤ ਜਾ ਕਮਾਈ ਕਰ ਉਥੇ ਕਿੰਨਾ ਵੀ ਵੱਡਾ ਤੇ ਸੋਹਣਾ ਘਰ ਕਿਉਂ ਨਾ ਬਣਾ ਲਿਆ ਹੋਵੇ, ਤੁਹਾਨੂੰ ਸਾਡੇ ਘਰ ਅਤੇ ਸਾਡੇ ਦੇਸ਼, ਜੋ ਚਾਹੇ ਕਿੰਨੀ ਵੀ ਜਰਜਰੀ ਹਾਲਤ ਚ ਕਿਉਂ ਨਾ ਹੋਵੇ, ਨੂੰ ਭੰਢਣ ਦਾ ਕੋਈ ਹੱਕ ਨਹੀਂ l ਉਹ ਘਰ ਅਤੇ ਦੇਸ਼ ਬਦਕਿਸਮਤ ਹੁੰਦੇ ਹਨ ਜਿਥੋਂ ਦੇ ਬੱਚੇ ਉਸ ਘਰ ਅਤੇ ਦੇਸ਼ ਦਾ ਖਾ ਪੀ ਕੇ ਵਲੈਤ ਦੂਸਰੇ ਦੇਸ਼ਾਂ ਨੂੰ ਕਮਾ ਕੇ ਦੇਣ ਚਲੇ ਜਾਂਦੇ ਹਨ ਅਤੇ ਜਦੋ ਵਤਨਾਂ ਨੂੰ ਵਾਪਿਸ ਆਉਂਦੇ ਹਨ ਤਾਂ ਉਹਨਾਂ ਨੂੰ ਆਪਣੇ ਵਤਨ ਚ ਸਿਰਫ ਕੀੜੇ ਹੀ ਨਜ਼ਰ ਆਉਂਦੇ ਹਨ l ਜੇ ਵਲੈਤ ਵਿਚ ਤੁਸੀਂ ਕੁਝ ਵਧੀਆ ਦੇਖਿਆ ਅਤੇ ਸਿੱਖਿਆ ਹੈ ਤੁਹਾਨੂੰ ਤਾਂ ਚਾਹੀਦਾ ਹੈ ਕਿ ਤੁਸੀਂ ਆਪਣੇ ਘਰ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਦਿਓ ਨਾ ਕਿ ਆਪਣੇ ਘਰ ਅਤੇ ਦੇਸ਼ ਦੀਆਂ ਕਮੀਆਂ ਤੋਂ ਡਰ ਭਗੌੜੇ ਹੋ ਜਾਉ l ਪੂਰਨ ਨਾ ਤਾਂ ਕੋਈ ਘਰ ਹੁੰਦਾ ਹੈ ਅਤੇ ਨਾ ਹੀ ਕੋਈ ਦੇਸ਼ l ਬਿਜਲੀ, ਪਾਣੀ, ਸਫਾਈ, ਮੱਖੀ ਮੱਛਰ, ਆਵਾਜਾਈ, ਸੜਕਾਂ, ਪੜ੍ਹਾਈ, ਸਿਹਤ ਪ੍ਰਬੰਧਨ ਭ੍ਰਿਸ਼ਟਾਚਾਰ ਦੇ ਨਾਲ ਨਾਲ ਹੋਰ ਵੀ ਬਹੁਤ ਕਮੀਆਂ ਹੋਣਗੀਆਂ ਆਪਣੇ ਦੇਸ਼ ਵਿਚ ਪਰ ਯਾਦ ਰੱਖਣਾ ਜਦੋ ਪਤੰਗ ਦੀ ਡੋਰ ਨੂੰ ਗੁੰਝਲ ਪੈਂਦੀ ਹੈ ਤਾਂ ਅਸੀਂ ਗੁੰਝਲ ਡੋਰ ਦਾ ਇਕ ਸਿਰਾ ਫੜ ਕੇ ਹੀ ਸੁਲਝਾ ਸਕਦੇ ਹਾਂ l ਦੇਸ਼ ਦੀਆਂ ਗੁੰਝਲਾਂ ਵੀ ਉਦੋਂ ਸੁਲਝਣਗੀਆਂ ਜਦੋ ਪੜੇ ਲਿਖੇ ਨੌਜਵਾਨ ਦੇਸ਼ ਵਿਚ ਹੀ ਰਹਿ ਕੇ ਇਹਨਾਂ ਗੁੰਝਲਾਂ ਨੂੰ ਸੁਲਝਾਣ ਦੀ ਕੋਸ਼ਿਸ਼ ਕਰਨਗੇ l" 

ਆਪਣੀ ਗੱਲ ਪੂਰੀ ਕਰ ਜੀਤੀ ਆਪਣੇ ਘਰ ਵਾਪਿਸ ਮੁੜ ਘਰ ਦਾ ਬੂਹਾ ਲਗਾ ਆਪਣੇ ਰੋਜ ਦੇ ਕੰਮ ਕਾਰ ਚ ਰੁਝ ਗਈ ਤੇ ਪਿੰਡ ਦੇ ਲੋਕ ਵੀ ਮੇਹਰ ਵੱਲ ਦੇਖਦੇ ਗੱਲਾਂ ਕਰਦੇ ਆਪਣੇ ਆਪਣੇ ਘਰਾਂ ਵੱਲ ਤੁਰ ਗਏ l ਮੈਟਾਡੋਰ ਦਾ ਸਹਾਰਾ ਲੈ ਵਲੈਤੋਂ ਡਾਕਟਰੀ ਦੀ ਵੱਡੀ ਪੜਾਈ ਕਰ ਕੇ ਆਇਆ ਡਾਕਟਰ ਮੇਹਰ ਆਪਣੀ ਅਨਪੜ ਮਾਂ ਤੋਂ ਮਿਲਿਆ ਸਬਕ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ l