Monday, March 18, 2019

ਕੋਲੰਬਸ ਦੇ ਸੁਪਨਿਆਂ ਦਾ ਦੇਸ਼


ਪਿੱਛੇ ਜਿਹੇ ਮੈਂ ਉਦੈਪੁਰ ਕਿਸੇ ਕੰਮ ਗਿਆ ਅਤੇ ਕੰਮ ਤੋਂ ਜਲਦੀ ਵਹਿਲਾ ਹੋ ਸਿਟੀ ਪੈਲੇਸ ਘੁੰਮਣ ਚਲਾ ਗਿਆ l ਟਿਕਟ ਖਿੜਕੀ ਤੋਂ ਟਿਕਟ ਲੈ ਮੈਂ ਜਿਵੇਂ ਹੀ ਪੈਲੇਸ ਦੇ ਅੰਦਰ ਪਹੁੰਚਿਆ ਤਾਂ ਪੈਲੇਸ ਦੀ ਖੂਬਸੂਰਤੀ ਵੇਖ ਹੈਰਾਨ ਰਹਿ ਗਿਆ l ਪੈਲੇਸ ਦੇ ਅੰਦਰ ਇਕ ਇਕ ਕਮਰਾ, ਦੀਵਾਰਾਂ, ਛੱਤਾਂ ਅਤੇ ਹੋਰ ਸਾਜ ਸੱਜਾ ਦਾ ਸਮਾਨ ਵੇਖਣ ਯੋਗ ਹੈ l ਕਿੰਨੀ ਮੇਹਨਤ ਕੀਤੀ ਹੋਵੇਗੀ ਬਣਾਉਣ ਵਾਲਿਆਂ ਨੇ ? ਮੇਰਾ ਦਿਲ ਪੈਲੇਸ ਬਣਾਉਣ ਵਾਲਿਆਂ ਲਈ ਅਸ਼ ਅਸ਼ ਕਰ ਉੱਠਿਆ l 

ਮੈਂ ਪੈਲੇਸ ਦੀ ਖੂਬਸੂਰਤੀ ਨੂੰ ਆਪਣੇ ਕੈਮਰੇ ਚ ਕੈਦ ਕਰ ਰਿਹਾ ਸੀ ਕਿ ਮੇਰਾ ਧਿਆਨ ਪੈਲੇਸ ਘੁੰਮ ਰਹੇ ਵਿਦੇਸ਼ੀ ਸੈਲਾਨੀਆਂ ਤੇ ਪਈ l ਉਹ ਸਾਰੇ ਵੀ ਪੈਲੇਸ ਦੀ ਸੁੰਦਰਤਾ ਦਾ ਆਨੰਦ ਮਾਨ ਰਹੇ ਸਨ l ਮੈਂ ਪੈਲੇਸ ਦੀਆਂ ਫੋਟੋ ਖਿੱਚ ਰਿਹਾ ਸੀ ਜਦੋ ਕਿਸੇ ਨੇ ਮੈਨੂੰ ਆਵਾਜ਼ ਦਿੱਤੀ l ਮੈਂ ਪਲਟ ਕੇ ਵੇਖਿਆ ਤਾਂ ਇਕ ਵਿਦੇਸ਼ੀ ਸੈਲਾਨੀ, ਜੋ ਇਕ ਛੋਟੀ ਬੱਚੀ ਨਾਲ ਆਈ ਸੀ, ਨੇ ਮੈਨੂੰ ਫੋਟੋ ਖਿੱਚਣ ਲਈ ਆਖਿਆ l ਮੈਂ ਉਸ ਕੋਲੋਂ ਕੈਮਰਾ ਲੈ ਉਹਨਾਂ ਦੀਆਂ ਫੋਟੋ ਖਿੱਚ ਕੈਮਰਾ ਉਸ ਨੂੰ ਸੁਪੁਰਦ ਕਰ ਦਿੱਤਾ l ਉਸ ਨੇ ਮੈਨੂੰ ਧੰਨਵਾਦ ਆਖਿਆ ਅਤੇ ਮੇਰੇ ਪੁੱਛਣ ਤੇ ਉਸਨੇ ਆਪਣਾ ਨਾਮ ਕੈਥਰੀਨ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਹ ਆਇਰਲੈਂਡ ਤੋਂ ਹੈ ਅਤੇ ਭਾਰਤ ਆਪਣੇ ਪੋਤੀ ਨਾਲ ਘੁੰਮਣ ਆਈ ਹੈ l ਮੈਂ ਜਦੋ ਉਸਨੂੰ ਪੁੱਛਿਆ ਕਿ ਭਾਰਤ ਕਿਵੇਂ ਲੱਗਾ ਤਾਂ ਉਸਨੇ ਦੱਸਿਆ ਕਿ ਉਸਨੂੰ ਭਾਰਤ ਨਾਲ ਐਨਾ ਪਿਆਰ ਹੈ ਕਿ ਉਹ ਹਰ ਦੂਜੇ ਵਰ੍ਹੇ ਭਾਰਤ ਘੁੰਮਣ ਆਉਂਦੀ ਹੈ l ਜਦੋ ਮੈਂ ਉਸਨੂੰ ਪੁੱਛਿਆ ਕਿ ਭਾਰਤ ਵਿੱਚ ਉਸਨੂੰ ਇਨ੍ਹਾਂ ਚੰਗਾ ਕੀ ਲੱਗਦਾ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਸੋਲਵੀ ਸਦੀ ਵਿੱਚ ਜਦੋ ਉਸਦੇ ਦੇਸ਼ ਦੇ ਲੋਕਾਂ ਕੋਲ ਕੁਝ ਨਹੀਂ ਸੀ ਉਸ ਵੇਲੇ ਵੀ ਭਾਰਤ ਵਿੱਚ ਉਦੈਪੁਰ ਦੇ ਸਿਟੀ ਪੈਲੇਸ ਵਰਗੇ ਮਹੱਲ ਸਨ l ਇੱਥੋਂ ਦੇ ਕਿਲ੍ਹੇ, ਮਹੱਲ ਅਤੇ ਹੋਰ ਬਹੁਤ ਸਾਰੇ ਸਮਾਰਕ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਯੂਰੋਪ ਨਾਲੋਂ ਬਹੁਤ ਅੱਗੇ ਸੀ l ਉਸਦੇ ਪੁਰਖੇ ਭਾਰਤ ਵਪਾਰ ਕਰਨ ਆਉਂਦੇ ਸਨ ਅਤੇ ਮਾਲਾ ਮਾਲ ਹੋ ਉਹ ਆਪਣੇ ਦੇਸ਼ ਪਰਤਦੇ l ਭਾਰਤ ਦੀਆਂ ਬਹੁਤ ਸਾਰੀਆਂ ਕਹਾਣੀਆਂ ਉਸ ਨੇ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ ਸਨ ਅਤੇ ਹੁਣ ਉਹ ਆਪਣੀ ਪੋਤੀ ਨੂੰ ਉਹਨਾਂ ਕਹਾਣੀਆਂ ਦੇ ਰੂਬਰੂ ਕਰਵਾਉਣ ਭਾਰਤ ਆਉਂਦੀ ਹੈ l  

ਮੈਂ ਪਹਿਲੀ ਵਾਰ ਕਿਸੇ ਵਿਦੇਸ਼ੀ ਨਾਲ ਇੰਨਾ ਚਿਰ ਗੱਲਬਾਤ ਕੀਤੀ ਸੀ ਅਤੇ ਆਪਣੇ ਦੇਸ਼ ਭਾਰਤ ਲਈ ਉਸਦਾ ਪਿਆਰ ਵੇਖ ਮੇਰਾ ਮਨ ਸ਼ਰਧਾ ਨਾਲ ਭਰ ਗਿਆ l ਉਸਦਾ ਧੰਨਵਾਦ ਕਰ ਮੈਂ ਉਸ ਕੋਲੋਂ ਵਿਦਾ ਲਈ ਅਤੇ ਕਿੰਨਾ ਚਿਰ ਇਸ ਵਾਕੀਏ ਬਾਰੇ ਸੋਚਦਾ ਰਿਹਾ l ਮੇਰੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਵਿਦੇਸ਼ ਰਹਿੰਦੇ ਹਨ ਅਤੇ ਜਿਵੇਂ ਹੀ ਵਿਦੇਸ਼ ਦੀ ਨਾਗਰਿਕਤਾ ਮਿਲਣ ਦੀ ਖ਼ਬਰ ਫੇਸਬੁੱਕ ਤੇ ਦੱਸਦੇ ਹਨ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਵਧਾਈਆਂ ਦਿੰਦੇ ਨਹੀਂ ਥੱਕਦੇ l ਉਹ ਵਧਾਈਆਂ ਕਿਉਂ ਦਿੰਦੇ ਹਨ ਮੈਨੂੰ ਅੱਜ ਤੱਕ ਸਮਝ ਨਹੀਂ ਸਕਿਆ ਹਾਂ l ਦੱਸਾਂ ਵਰ੍ਹਿਆਂ ਦਾ ਵੀਜ਼ਾ ਹੋਣ ਮਗਰੋਂ ਵੀ ਇਕ ਵਾਰੀ ਵੀ ਅਮਰੀਕਾ ਨਾ ਜਾਣਾ ਮੇਰੇ ਬਹੁਤ ਸਾਰੇ ਸ਼ੁਭਚਿੰਤਕ ਮੇਰੀ ਬਹੁਤ ਵੱਡੀ ਗ਼ਲਤੀ ਮੰਨਦੇ ਹਨ l ਤੇ ਮੈਂ ਜਦੋ ਉਹਨਾਂ ਨੂੰ ਆਖਦਾ ਹਾਂ ਕਿ ਗ਼ਲਤੀ ਤਾਂ ਕੋਲੰਬਸ ਕੋਲੋਂ ਹੋਈ ਸੀ ਕਿਉਂਕਿ ਆਪਣੇ ਘਰੋਂ ਤਾਂ ਉਹ ਆਪਣੇ ਸੁਪਨਿਆਂ ਦੇ ਦੇਸ਼ ਭਾਰਤ ਦਾ ਰਸਤਾ ਹੀ ਲੱਭਣ ਗਿਆ ਸੀ ਪਰ ਆਪਣੇ ਰਸਤੇ ਤੋਂ ਭਟਕ ਜਾਣ ਤੇ ਉਹ ਭਾਰਤ ਦੀ ਥਾਂ ਅਮਰੀਕਾ ਪਹੁੰਚ ਗਿਆ l ਮੈਂ ਤਾਂ ਪਹਿਲਾ ਹੀ ਕੋਲੰਬਸ ਦੇ ਸੁਪਨਿਆਂ ਦੇ ਦੇਸ਼ ਦਾ ਵਾਸੀ ਹਾਂ ਫਿਰ ਮੈਂ ਉਹਨਾਂ ਦੇਸ਼ਾਂ ਵਿਚ ਕਿਉਂ ਜਾਵਾਂ ਜਿਨ੍ਹਾਂ ਦੇ ਵਸਨੀਕ ਸੈਂਕੜੇ ਵਰ੍ਹਿਆਂ ਤੋਂ ਮੇਰੇ ਦੇਸ਼ ਭਾਰਤ ਦੇ ਸੁਪਨੇ ਲੈਂਦੇ ਹੋਣ?

No comments:

Post a Comment