Thursday, April 11, 2019

ਸ਼ੀਸ਼ਾ


ਇਕ ਮਿੱਤਰ ਆਪਣੇ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀਆਂ ਅਸਥੀਆਂ ਲੈ ਭਾਰਤ ਆ ਰਿਹਾ ਸੀ l ਆਉਣ ਤੋਂ ਪਹਿਲਾ ਉਸਨੇ ਮੈਨੂੰ ਏਅਰਪੋਰਟ ਤੋਂ ਹਰਿਦ੍ਵਾਰ ਤਕ ਟੈਕਸੀ ਬੁਕ ਕਰਵਾਉਣ ਲਈ ਆਖਿਆ l ਉਸਨੂੰ ਮਿਲ ਉਸਦੇ ਪਿਤਾ ਜੀ ਦੇ ਦੇਹਾਂਤ ਦਾ ਅਫਸੋਸ ਕਰਨ ਮੈਂ ਟੈਕਸੀ ਵਾਲੇ ਦੇ ਨਾਲ ਏਅਰਪੋਰਟ ਚਲਾ ਗਿਆ l ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਉਸਨੂੰ ਉਸਦੇ ਪਿਤਾ ਜੀ ਦੇ ਦੇਹਾਂਤ ਦਾ ਅਫਸੋਸ ਕੀਤਾ ਅਤੇ ਅਸੀਂ ਟੈਕਸੀ ਲੈ ਕੇ ਜਿਵੇ ਹੀ ਏਅਰਪੋਰਟ ਦੀ ਹੱਦ ਤੋਂ ਬਾਹਰ ਪਹੁੰਚੇ ਤਾਂ ਮੇਰੇ ਮਿੱਤਰ ਦਾ ਧਿਆਨ ਸੜਕ ਤੇ ਚੱਲ ਰਹੇ ਕੁੱਤੇ ਤੇ ਪਿਆ ਅਤੇ ਉਸਨੇ ਮੈਨੂੰ ਦੱਸਿਆ ਕਿ ਵਿਲਾਇਤ ਵਿਚ ਜਾਨਵਰ ਸੜਕਾਂ ਤੇ ਉਸ ਕਦੇ ਨਹੀਂ ਵੇਖੇ l ਥੋੜਾ ਅੱਗੇ ਅਸੀਂ ਧੌਲਾ ਕੂਆਂ ਪੁਹੰਚੇ ਤਾਂ ਨਵਾਂ ਫਲਾਈਓਵਰ ਬਨਣ ਕਰਕੇ ਉਡਦੀ ਮਿੱਟੀ ਅਤੇ ਟੁੱਟੀ ਸੜਕ ਵੇਖ ਭਾਈ ਸਾਹਿਬ ਆਖਣ ਲੱਗੇ ਕਿ ਇਸ ਮੁਲਕ ਦਾ ਕੁਝ ਨਹੀਂ ਹੋ ਸਕਦਾ l ਮਨ ਤਾਂ ਇਕ ਦੋ ਵਾਰੀ ਉਸਨੂੰ ਜਵਾਬ ਦੇਣ ਦਾ ਹੋਇਆ ਪਰ ਉਸਦੇ ਪਿਤਾ ਜੀ ਦੀਆਂ ਅਸਥੀਆਂ ਦਾ ਧਿਆਨ ਕਰ ਮੈਂ ਉਸਦੀਆਂ ਗੱਲਾਂ ਚੁੱਪ ਚਾਪ ਸੁਣਦਾ ਰਿਹਾ l ਥੋੜਾ ਹੋਰ ਅੱਗੇ ਪ੍ਰਗਤੀ ਮੈਦਾਨ ਦੇ ਕੋਲ ਪੁੱਜ ਟੁੱਟੀ ਸੜਕ ਵੇਖ ਮੇਰੇ ਮਿੱਤਰ ਇਕ ਵਾਰੀ ਫਿਰ ਸ਼ੁਰੂ ਹੋ ਗਏ l ਟੈਕਸੀ ਯਮੁਨਾ ਜੀ ਦੇ ਪੁੱਲ ਤੇ ਪਹੁੰਚਣ ਦੇ ਨਾਲ ਹੀ ਮੇਰਾ ਮਿੱਤਰ ਆਪਣਾ ਨੱਕ ਕੱਜਦੇ ਬਾਹਰ ਵੇਖਣ ਲੱਗਾ l ਦੂਰ ਕੋਈ ਬੰਦਾ ਯਮੁਨਾ ਜੀ ਵਿਚ ਪੂਜਾ ਦਾ ਸਮਾਨ ਜਲ ਪ੍ਰਵਾਹ ਕਰ ਰਿਹਾ ਸੀ l ਉਸ ਨੂੰ ਵੇਖ ਅਤੇ ਉੱਥੇ ਆ ਰਹੀ ਮੁਸ਼ਕ ਸੁੰਘ ਮੇਰਾ ਮਿੱਤਰ ਗੁੱਸੇ ਵਿਚ ਅਵਾ ਤਵਾ ਬੋਲਣ ਲੱਗਾ l ਸਰਕਾਰ ਲੋਕਾਂ ਨੂੰ ਯਮੁਨਾ ਜੀ ਵਿਚ ਗੰਦ ਸੁੱਟਣ ਤੋਂ ਰੋਕਦੀ ਕਿਉਂ ਨਹੀਂ l ਸਾਡੀ ਥੇਮਜ਼ ਨਦੀ ਵੇਖ ਲਵੋ ਕਿੰਨੀ ਸਾਫ ਸੁਥਰੀ ਹੈ ਤੇ ਯਮੁਨਾ ਤਾਂ ਗੰਦੇ ਨਾਲੇ ਤੋਂ ਘੱਟ ਨਹੀਂ ਲੱਗਦੀ l ਯਮੁਨਾ ਜੀ ਨੂੰ ਗੰਦਾ ਨਾਲਾ ਆਖ ਉਸ ਮੇਰੇ ਸਬਰ ਦਾ ਬੰਨ ਤੋੜ ਦਿੱਤਾ ਤਾਂ ਮੈਂ ਉਸਨੂੰ ਆਖਿਆ ਕਿ ਜੇ ਉਸਨੂੰ ਯਮੁਨਾ ਜੀ ਐਨੀ ਹੀ ਗੰਦੀ ਲੱਗ ਰਹੀ ਹੈ ਤਾਂ ਉਹ ਹਰਿਦ੍ਵਾਰ ਜਾ ਗੰਗਾ ਜੀ ਵਿੱਚ ਆਪਣੇ ਪਿਤਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਗੰਗਾ ਜੀ ਨੂੰ ਗੰਦਾ ਨਾਲਾ ਬਣਾਉਣ ਕਿਉਂ ਜਾ ਰਿਹਾ ਹੈ l ਆਪਣੇ ਪਿਤਾ ਜੀ ਦੀਆ ਅਸਥੀਆਂ ਉਸ ਸਾਫ ਸੁਥਰੀ ਥੇਮਜ਼ ਨਦੀ ਵਿੱਚ ਜਲ ਪ੍ਰਵਾਹ ਕਿਉਂ ਨਹੀਂ ਕੀਤੀਆਂ? ਵਲੈਤੋਂ ਆ ਕਦੋ ਤਕ ਸਾਡੀ ਮਾਤਭੂਮੀ ਨੂੰ ਭੰਡਦੇ ਰਹੋਗੇ ? ਮੇਰੀਆਂ ਗੱਲਾਂ ਸੁਣ ਮੇਰੇ ਦੋਸਤ ਦੀ ਤਾਂ ਉਹ ਹਾਲ ਸੀ ਜਿਵੇਂ ਕੱਟੋ ਤਾਂ ਖੂਨ ਨਹੀਂ l ਮਨ ਤਾਂ ਉਸਨੂੰ ਸ਼ੀਸ਼ਾ ਹੋਰ ਚੰਗੀ ਤਰਾਂ ਵਿਖਾਉਣ ਦਾ ਸੀ ਪਰ ਉਸਦੇ ਪਿਤਾ ਜੀ ਦੀਆ ਅਸਥੀਆਂ ਦਾ ਧਿਆਨ ਕਰ ਮੈਂ ਨੋਇਡਾ ਮੋੜ ਟੈਕਸੀ ਤੋਂ ਉੱਤਰ ਗਿਆ l ਮੈਨੂੰ ਉਮੀਦ ਹੈ ਹੁਣ ਤਕ ਮੇਰੇ ਦੋਸਤ ਨੇ ਆਪਣੇ ਪਿਤਾ ਜੀ ਦੀਆਂ ਅਸਥੀਆਂ ਦੇ ਨਾਲ ਨਾਲ ਸਾਡੀ ਦੋਸਤੀ ਵੀ ਜਲ ਪ੍ਰਵਾਹ ਕਰ ਦਿੱਤੀ ਹੋਵੇਗੀ l

No comments:

Post a Comment