Saturday, September 16, 2017

ਬਾਬੇ ਮਹੇਸ਼ ਦਾਸ ਦੇ ਮਾਂਹ


ਕੋਈ ਇਕ ਅੱਧੀ ਵਾਰੀ ਛੱਡ ਕੇ ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਅਜਿਹਾ ਸਾਲ ਯਾਦ ਨਹੀਂ ਜਦੋ ਮੈਂ ਆਪਣੇ ਪੁਰਖੇ ਬਾਬਾ ਮਹੇਸ਼ ਦਾਸ ਜੀ ਦਾ ਸ਼ਰਾਧ ਕਰਨ  ਆਪਣੇ ਘਰ ਨਾ ਪੁੱਜਿਆ ਹੋਵਾਂ l ਵੈਸੇ ਆਮ ਤੋਰ ਤੇ ਤਾਂ ਸ਼ਰਾਧ ਬੜੇ ਨੀਰਸ ਜਹੇ ਹੁੰਦੇ ਨੇ ਪਰ ਬਾਬਾ ਮਹੇਸ਼ ਦਾਸ ਜੀ  ਦਾ ਸ਼ਰਦ ਦਾ ਚਾ ਤਾਂ ਸਾਨੂੰ ਸਾਰਾ ਸਾਲ ਹੀ ਰਹਿੰਦਾ ਹੈ l ਮੈਨੂੰ ਅੱਜ ਵੀ ਯਾਦ ਹੈ ਉਹ ਸਮਾਂ ਜਦੋ ਸਾਡੇ ਮੁਹੱਲੇ ਦੇ ਬਜ਼ੁਰਗ ਇਕੱਠੇ ਹੋ ਬਾਬੇ ਦੇ ਸ਼ਰਦ ਦੀਆਂ ਵਿਉਂਤਾਂ ਬਣਾਂਦੇ ਸੀ l ਕਿਵੇਂ ਹਰ ਘਰ ਤੋਂ ਮਾਂਹ, ਆਟਾ, ਖੰਡ, ਬਾਲਨ ਆ ਜਾਣਾ ਤੇ ਕਿਵੇਂ ਦੇਖਦੇ ਦੇਖਦੇ ਮੇਰੇ ਕਮਰੇ ਦੀ ਪਿਛਲੀ ਖਾਲੀ ਜਗਹ ਚ ਭੱਠੀ ਬਣ ਜਾਣੀ ਤੇ ਅਸੀਂ ਬੱਚਿਆਂ ਨੇ ਪਾਣੀ ਭਰ ਭਰ ਮਾਂਹ ਸਾਫ ਕਰਨੇ ਟਮਾਟਰ ਧੋ ਦੇਣੇ ਤੇ ਦੇਗ, ਭਾਂਡੇ ਤੇ ਕਨਾਤਾਂ ਦਾ ਇੰਤੇਜਾਮ ਹੋ ਦੇਖ ਜਲਦੀ ਸੋ ਜਾਣਾ ਤਾਂ ਕਿ ਸਵੇਰੇ ਸਵੇਰੇ ਸਭ ਤੋਂ ਪਹਿਲਾ ਬਾਬਾ ਮਹੇਸ਼ ਦਾਸ ਜੀ ਦੇ ਮੰਦਿਰ ਝਾੜੂ ਲਗਾਣਾ ਹੈ l

ਦੱਸਵੇਂ ਸ਼ਰਾਧ ਵਾਲੇ ਦਿਨ ਸਵੇਰੇ ਸਵੇਰੇ ਸਰਦਾਰ ਮਨੋਹਰ ਸਿੰਘ ਧੀਰ ਜੀ ਨੇ  ਬਾਬਾ ਜੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਤੇ ਮੁਹੱਲੇ ਦੇ ਬਾਕੀ ਬਜ਼ੁਰਗਾਂ ਜਿਨ੍ਹਾਂ ਚ ਮੇਰੇ ਦਾਦਾ ਜੀ ਸ਼੍ਰੀ ਅੰਮ੍ਰਿਤ ਲਾਲ ਜੀ, ਚਾਚਾ ਜੀ ਸ਼੍ਰੀ  ਰਾਜ ਕੁਮਾਰ ਜੀ, ਸ਼੍ਰੀ ਲਾਲੋ ਸ਼ਾਹ ਜੀ, ਸ਼੍ਰੀ  ਹੰਸ ਰਾਜ ਜੀ, ਸ਼੍ਰੀ ਦੀਨਾ ਨਾਥ, ਸ਼੍ਰੀ ਗੁਲਜ਼ਾਰੀ ਲਾਲ ਜੀ ਤੇ ਸ਼੍ਰੀ ਪ੍ਰਕਾਸ਼ ਸ਼ਰਮਾ ਜੀ ਆਦਿ ਨੇ ਇਕੱਠੇ ਹੋ ਕੇ ਮਾਂਹ ਦੀ ਦਾਲ ਦੇਗ ਤੇ ਚੜਾ ਦੇਣੀ ਤੇ ਮੁਹੱਲੇ ਦੀਆਂ ਬੀਬੀਆਂ ਨੇ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦੇਣੀਆਂ l ਹਾਲਾਂ ਕੇ ਮੈਂ ਆਪਣੇ ਦਾਦਾ ਜੀ, ਜੋ ਕਿ ਮੀਟ ਬਹੁਤ ਸਵਾਦੀ ਬਣਾਂਦੇ ਸੀ, ਤੋਂ ਬਿਨਾ ਮੈਂ  ਕਿਸੇ ਹੋਰ ਬਜ਼ੁਰਗ ਨੂੰ ਕਦੇ ਸਬਜ਼ੀ ਬਣਾਂਦੇ ਨਾ ਦੇਖਿਆ ਨਾ ਸੁਣਿਆ ਸੀ ਪਰ ਮਾਂਹ ਦੀ ਦਾਲ ਸਾਰੇ ਮਿਲ ਕੇ ਹੀ ਬਣਾਂਦੇ ਸੀ l ਬਿਨਾ ਪਿਆਜ਼ ਤੇ ਲ੍ਹਸਣ, ਸਾਰੀ ਰਾਤ ਦੇ ਭਿਜੇ ਹੋਏ ਮਾਂਹ ਮੱਠੀ ਮੱਠੀ ਅੱਗ ਤੇ 6-7 ਘੰਟੇ ਕੜ੍ਹ ਕੜ੍ਹ ਲਾਲ ਹੋ ਜਾਣੇ ਤੇ ਸਮੇਂ ਸਮੇਂ ਨਾਲ ਮਾਂਹ ਦੀ ਦਾਲ ਚ ਸਾਬਤ ਹਰੀਆਂ ਮਿਰਚਾਂ, ਟਮਾਟਰਾਂ ਤੇ ਥੋਕ ਚ ਬਾਰੀਕ ਬਾਰੀਕ ਕੱਟਿਆ ਹੋਇਆ ਅਦਰਕ, ਧਨੀਆ, ਅੰਦਾਜੇ ਨਾਲ ਪਾਇਆ ਹੋਇਆ ਨਮਕ, ਗਰਮ ਮਸਾਲਾ ਤੇ ਮਾਂਹ ਰਲਾਣ ਲਈ ਪਾਇਆ ਹੋਇਆ ਸਰੋਂ ਦਾ ਤੇਲ ਸਵਾਦ ਚ ਚਾਰ ਚੰਨ ਲਗਾ ਦਿੰਦਾ ਸੀ l ਆਪਣੀ 37-38 ਸਾਲਾਂ ਦੀ ਜ਼ਿੰਦਗੀ ਚ ਮੈਂ ਜਦੋ ਦੀ ਹੋਸ਼ ਸੰਭਾਲੀ ਹੈ ਮੈਨੂੰ ਅੱਜ ਵੀ ਹਰ ਸਾਲ ਦੇ ਮਾਂਹਾਂ ਦਾ ਸਵਾਦ ਯਾਦ ਹੈ ਤੇ ਕਦੇ ਵੀ ਮੈਨੂੰ ਨਮਕ ਘੱਟ ਯਾ ਵੱਧ ਨਹੀਂ ਲੱਗਿਆ l

ਮੇਰੇ ਕਮਰੇ ਦੀ ਬਾਰੀ ਬਾਹਰ ਖਾਲੀ ਜਗਹ ਚ ਖੁਲਦੀ ਹੁੰਦੀ ਸੀ ਤੇ ਲੰਗਰ ਵਰਤਾਣ ਦੀ ਜਿੰਮੇਦਾਰੀ ਮਾਣੇ ਚਾਚੇ ਸਿਰ ਹੁੰਦੀ ਸੀ ਤੇ ਮੈਂ ਜਿੰਨੇ ਮਾਂਹ ਉਹਨਾਂ ਕੋਲੋਂ ਮੰਗਣੇ ਉਹਨਾਂ ਨੇ ਉੰਨੀ ਵਾਰੀ ਭਾਂਡਾ ਨੱਕੋ ਨੱਕ ਭਰ ਭਰ ਦੇਣਾ l ਹਾਲਾਂ ਕਿ ਉਹਨਾਂ ਨੂੰ ਗੁਜ਼ੱਰਿਆਂ ਕਾਫੀ ਵਰੇ ਹੋ ਗਏ ਨੇ ਪਰ ਅਜਿਹਾ ਕੋਈ ਸਾਲ ਨਹੀਂ ਜਦੋ ਮੈਂ ਜਦੋ ਮੈਂ ਮਾਂਹ ਵਰਤਾਣ ਵੇਲੇ ਉਹਨਾਂ ਨੂੰ ਯਾਦ ਨਾ ਕੀਤਾ ਹੋਵੇ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਵਾਂਗ ਕਿਸੇ ਨੂੰ ਵੀ ਮਾਂਹਾਂ ਤੋਂ ਮਨਾਂ ਨਾ ਕਰਾਂ l

ਮੇਰੇ ਦਾਦਾ ਜੀ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਇਸ ਦੁਨੀਆ ਤੋਂ ਵਿਦਾ ਲੈ ਚੁੱਕੇ ਨੇ ਤੇ ਬਾਬੇ ਮਹੇਸ਼ ਦਾਸ ਦੇ ਲੰਗਰ ਦੀ ਜਿੰਮੇਦਾਰੀ ਅਗਲੀ ਪੀੜੀ ਕੋਲ ਆ ਗਈ ਹੈ ਤੇ ਨਵੀ ਪੀੜੀ ਆਪਣੀ ਜਿੰਮੇਵਾਰੀ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ l ਹਾਂ ਕਦੇ ਕਦੇ ਮੈਂ ਸੋਚਦਾ ਜਰੂਰ ਹਾਂ ਕਿ ਜਾਇਦਾ ਵਧੀਆ ਮਾਂਹ ਕਿਹੜੀ ਪੀੜ੍ਹੀ ਬਣਾਂਦੀ ਸੀ ਪਰ ਜਵਾਬ ਦੇਣਾ ਬੜਾ ਮੁਸ਼ਕਿਲ ਲੱਗਦਾ ਹੈ l

ਅੱਜ ਮੈਂ ਬਾਬੇ ਮਹਿਸ਼ੇ ਦਾ ਸ਼ਰਾਧ ਖਾ ਕੇ ਵਾਪਿਸ ਆਪਣੀ ਕਰਮਭੂਮੀ ਦਿੱਲੀ ਜਾ ਰਿਹਾ ਹਾਂ ਤੇ ਜਲੰਧਰ ਸਟੇਸ਼ਨ ਤੇ ਬੈਠਾ ਸੋਚ ਰਿਹਾ ਹਾਂ ਕਿ ਜਿਵੇਂ ਮੇਰੇ ਦਾਦਾ ਜੀ ਤੇ ਉਹਨਾਂ ਦੇ ਸਾਥੀਆਂ ਦੀ ਜਿੰਮੇਦਾਰੀ ਮੇਰੇ ਚਾਚਾ ਜੀ ਤੇ ਉਹਨਾਂ ਦੇ ਸਾਥੀਆਂ ਨੇ ਸੰਭਾਲ ਲਈ ਹੈ ਓਵੇਂ ਹੀ ਜਦੋ ਅਸੀਂ ਸਾਰੇ ਬਜ਼ੁਰਗ ਬਣ ਇਸ ਦੁਨੀਆ ਨੂੰ ਅਲਵਿਦਾ ਕਹਿਕੇ ਦੂਜੇ ਲੋਕ ਚਲੇ ਜਾਵਾਂਗੇ ਮੈਨੂੰ ਉਮੀਦ ਹੈ ਉਦੋਂ ਵੀ ਕੋਈ 'ਧੀਰ' ਬਾਬੇ ਮਹਿਸ਼ੇ ਦੇ ਮਾਂਹ ਖਾ ਕੇ ਕਿਹਾ ਜ਼ਰੂਰ ਕਰੇਗਾ, "ਭਾਜੀ ਥੋੜੀ ਜਿਹੇ ਹੋਰ ਪਾ ਦਿਓ, ਢਿਡ੍ਹ ਤਾਂ ਭਰ ਗਿਆ ਪਰ ਨੀਤ ਨਹੀਂ ਭਰੀ."

1 comment: